ਨਵੀਂ ਦਿੱਲੀ (ਸਮਾਜ ਵੀਕਲੀ): ਪਿਛਲੇ 24 ਘੰਟਿਆਂ ਦੌਰਾਨ ਕਰੋਨਾਵਾਇਰਸ ਦੇ 45,903 ਨਵੇਂ ਕੇਸਾਂ ਨਾਲ ਦੇਸ਼ ਵਿੱਚ ਕੋਵਿਡ-19 ਕੇਸਾਂ ਦਾ ਕੁੱਲ ਗਿਣਤੀ ਵਧ ਕੇ 85,53,657 ਹੋ ਗਈ ਹੈ। ਇਨ੍ਹਾਂ ਨਵੇਂ ਕੇਸਾਂ ਵਿੱਚੋਂ ਇਕੱਲੇ ਕੌਮੀ ਰਾਜਧਾਨੀ ਦਿੱਲੀ ਤੋਂ 7745 ਕੇਸ ਸਾਹਮਣੇ ਆੲੇ ਹਨ। ਰੋਜ਼ਾਨਾ ਰਿਪੋਰਟ ਹੁੰਦੇ ਕੇਵਿਡ ਕੇਸਾਂ ਦੀ ਗਿਣਤੀ ਪੱਖੋਂ ਦਿੱਲੀ ਨੇ ਅੱਜ ਮੁੜ ਮਹਾਰਾਸ਼ਟਰ ਤੇ ਕੇਰਲਾ ਨੂੰ ਪਿੱਛੇ ਧੱਕ ਦਿੱਤਾ ਹੈ। ਮਹਾਰਾਸ਼ਟਰ ਤੇ ਕੇਰਲਾ ਦੋਵਾਂ ਸੂਬਿਆਂ ਤੋਂ 5585-5585 ਕੇਸ ਰਿਪੋਰਟ ਹੋੲੇ ਹਨ। ਇਸ ਤੋਂ ਪਹਿਲਾਂ 7 ਨਵੰਬਰ ਨੂੰ ਵੀ ਦਿੱਲੀ ਵਿੱਚ ਸਭ ਤੋਂ ਵਧ ਕੋਵਿਡ ਕੇਸ ਦਰਜ ਕੀਤੇ ਗਏ ਸਨ।
ਮੌਤਾਂ ਦੀ ਗੱਲ ਕਰੀਏ ਤਾਂ ਅੱਜ ਸਵੇਰੇ 8 ਵਜੇ ਤੱਕ 490 ਹੋਰ ਮੌਤਾਂ ਨਾਲ ਕਰੋਨਾ ਕਰਕੇ ਮਰਨ ਵਾਲਿਆਂ ਦਾ ਅੰਕੜਾ ਵਧ ਕੇ 1,26,611 ਹੋ ਗਿਆ ਹੈ। ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਕਰੋਨਾ ਤੋਂ ਸਿਹਤਯਾਬ ਹੋਣ ਵਾਲਿਆਂ ਦੀ ਗਿਣਤੀ 79 ਲੱਖ ਦੇ ਅੰਕੜੇ ਨੂੰ ਪਾਰ ਕਰ ਗਈ ਹੈ ਤੇ ਕੌਮੀ ਸਿਹਤਯਾਬੀ ਦਰ ਵਧ ਕੇ 92.56 ਫੀਸਦ ਹੋ ਗਈ ਹੈ। ਉਂਜ ਅੱਜ ਲਗਾਤਾਰ 11ਵਾਂ ਦਿਨ ਹੈ ਜਦੋਂ ਕੋਵਿਡ-19 ਦੇ ਸਰਗਰਮ ਕੇਸਾਂ ਦੀ ਗਿਣਤੀ 6 ਲੱਖ ਤੋਂ ਹੇਠਾਂ ਹੈ। ਸਰਗਰਮ ਕੇਸਾਂ ਦੀ ਕੁੱਲ ਗਿਣਤੀ 5,09,673 ਹੈ, ਜੋ ਕੁੱਲ ਕੇਸਲੋਡ ਦਾ 5.96 ਫੀਸਦ ਬਣਦਾ ਹੈ। ਨਵੇਂ ਕੇਸਾਂ ਦੀ ਗਿਣਤੀ ਵਿੱਚ ਨਿਘਾਰ ਨਾਲ ਭਾਰਤ ਦੀ ਲਾਗ ਦਰ ਘਟ ਕੇ 7.19 ਫੀਸਦ ਰਹਿ ਗਈ ਹੈ। ਨਵੇਂ ਸਿਹਤਯਾਬ ਹੋਣ ਵਾਲੇ 79 ਫੀਸਦ ਕੇਸ ਦਸ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨਾਲ ਸਬੰਧਤ ਹਨ।