ਚੰਡੀਗੜ੍ਹ (ਸਮਾਜਵੀਕਲੀ) – ਕਰੋਨਾਵਾਇਰਸ ਮਹਾਮਾਰੀ ਤੋਂ ਪਾਜ਼ੇਟਿਵ ਆ ਚੁੱਕੇ ਸੈਕਟਰ 37 ਦੇ ਵਸਨੀਕ 40 ਸਾਲਾ ਪ੍ਰੋਫ਼ੈਸਰ ਦੀ ਹਾਲਤ ਵਿੱਚ ਕੋਈ ਸੁਧਾਰ ਨਹੀਂ ਆਇਆ ਹੈ। ਪੀਜੀਆਈ ਵਿੱਚ ਜ਼ੇਰੇ ਇਲਾਜ ਪ੍ਰੋਫੈਸਰ ਦੀ ਹਾਲਤ ਖਰਾਬ ਦੱਸੀ ਜਾ ਰਹੀ ਹੈ। ਪਤਾ ਲੱਗਾ ਹੈ ਕਿ ਪੰਜਾਬ ਯੂਨੀਵਰਸਿਟੀ ਵਿੱਚ ਤਾਇਨਾਤ ਉਕਤ ਪ੍ਰੋਫ਼ੈਸਰ ਇਸ ਤੋਂ ਪਹਿਲਾਂ ਡਾਇਬਟੀਜ਼ ਦਾ ਵੀ ਮਰੀਜ਼ ਹੈ, ਜਿਸ ਕਾਰਨ ਉਸ ਦੀ ਸ਼ੂਗਰ ਵਧ ਗਈ ਹੈ ਅਤੇ ਹਾਲਤ ਵਿਗੜ ਰਹੀ ਹੈ। ਮਰੀਜ਼ ਦੀ ਗੰਭੀਰ ਹੋ ਰਹੀ ਹਾਲਤ ਨੂੰ ਦੇਖਦਿਆਂ ਉਸ ਨੂੰ ਆਈਸੀਯੂ ਵਿੱਚ ਸ਼ਿਫ਼ਟ ਕਰ ਦਿੱਤਾ ਗਿਆ ਹੈ।
ਸਿਹਤ ਵਿਭਾਗ ਵੱਲੋਂ ਉਕਤ ਮਰੀਜ਼ ਪ੍ਰੋਫ਼ੈਸਰ ਦੇ ਸੰਪਰਕ ਵਿੱਚ ਆਏ 115 ਵਿਅਕਤੀਆਂ ਦਾ ਪਤਾ ਲਗਾਇਆ ਗਿਆ ਹੈ, ਜਿਨ੍ਹਾਂ ਦੀ ਸੈਂਪਲਿੰਗ ਕੀਤੀ ਜਾ ਰਹੀ ਹੈ। ਬੀਤੇ ਦਿਨ ਉਸ ਦੀ 8 ਸਾਲਾ ਬੇਟੀ ਅਤੇ 55 ਸਾਲਾ ਸੱਸ ਨੂੰ ਵੀ ਕਰੋਨਾ ਪਾਜ਼ੇਟਿਵ ਪਾਇਆ ਗਿਆ ਸੀ ਅਤੇ ਦੋਵੇਂ ਨਾਨੀ-ਪੋਤੀ ਵੀ ਇਸ ਸਮੇਂ ਇਲਾਜ ਅਧੀਨ ਹਨ। ਦੱਸਣਯੋਗ ਹੈ ਕਿ ਇਸ ਸਮੇਂ ਚੰਡੀਗੜ੍ਹ ਵਿੱਚ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਕੁੱਲ ਗਿਣਤੀ 14 ਹੈ ਜੋ ਕਿ ਇਲਾਜ ਅਧੀਨ ਚੱਲ ਰਹੇ ਹਨ। ਸਿਹਤ ਵਿਭਾਗ ਦੀ ਜਾਣਕਾਰੀ ਮੁਤਾਬਕ ਚੰਡੀਗੜ੍ਹ ਵਿੱਚ ਇਸ ਸਮੇਂ ਕੁੱਲ 1710 ਕਰੋਨਾ ਸ਼ੱਕੀ ਮਰੀਜ਼ਾਂ ਨੂੰ ਇਕਾਂਤਵਾਸ ਵਿੱਚ ਰੱਖਿਆ ਹੋਇਆ ਹੈ, ਜਿਨ੍ਹਾਂ ਦੇ ਸਮੇਂ ਸਮੇਂ ’ਤੇ ਸੈਂਪਲ ਲੈ ਕੇ ਟੈਸਟਿੰਗ ਕੀਤੀ ਜਾ ਰਹੀ ਹੈ।