ਕਣ-ਕਣ ਵਿੱਚ ਪਰਮਾਤਮਾ ਦਾ ਵਾਸ ਹੈ। ਸ੍ਰਿਸ਼ਟੀ ਦਾ ਰਚਨਾਕਾਰ ਉਹ ਪਰਮਾਤਮਾ ਹੀ ਹੈ। ਪਰਮਾਤਮਾ ਦੀ ਇਸ ਵੱਡਮੁੱਲੀ ਦਾਤ ਦਾ ਸ਼ੁਕਰੀਆ ਕਰਦੀ ਸਾਰੀ ਸ੍ਰਿਸ਼ਟੀ ਆਪਣੇ-ਆਪਣੇ ਤਰੀਕੇ ਨਾਲ ਉਸ ਬ੍ਰਹਮ ਪ੍ਰਮਾਤਮਾ ਦੀ ਆਰਤੀ ਕਰ ਰਹੀ ਹੈ। ਸੱਚੀਆਂ ਤੇ ਖਰੀਆਂ ਗੱਲਾਂ ਕਰਨ ਵਾਲਾ ਸਾਡਾ ਬਾਬਾ ਜਗਤ ਗੁਰੂ ਨਾਨਕ ਵੀ ਆਪਣੀ ਬਾਣੀ ‘ਗਗਨ ਮੈ ਥਾਲੁ’ ਰਾਹੀਂ ਸਾਨੂੰ ਇਹ ਗੱਲ ਸਮਝਾਉਂਦਾ ਹੈ।
ਗੁਰੂ ਦੇ ਬੋਲ ਅਮਰ ਹਨ, ਬਾਣੀ ਅਮਰ ਹੈ। ਰੁੱਖ, ਫੁੱਲ, ਫਲ, ਚੰਨ, ਤਾਰੇ, ਹਵਾ, ਜੰਗਲ ਵੇਲੇ, ਪਹਾੜ, ਪੰਛੀ, ਜਾਨਵਰ ਸਭ ਆਪਣੇ ਤਰੀਕੇ ਨਾਲ ਉਸ ਆਕਾਲ ਪੁਰਖ ਦੀ ਆਰਤੀ ਕਰਨ ਵਿੱਚ ਮਗਨ ਹਨ। ਫਿਰ ਇਨਸਾਨ ਕਿਹੜੇ ਕੰਮ ਵਿੱਚ ਲੱਗਾ ਹੈ? ਸਿਆਣੇ ਕਹਿੰਦੇ ਹਨ ਕਿ ਪਰਮਾਤਮਾ ਦੀ ਸੱਭ ਤੋਂ ਸੋਹਣੀ ਘੜਤ ਇਨਸਾਨ ਹੈ ਅਤੇ ਇਹ ਇਨਸਾਨ ਪਰਮਾਤਮਾ ਦਾ ਖਾਸ ਹੈ।
ਪਰ ਮੇਰੇ ਮਨ ਵਿੱਚ ਇਸ ਗੱਲ ਪ੍ਰਤੀ ਕਿਤੇ ਨਾ ਕਿਤੇ ਸ਼ੰਕਾ ਜ਼ਾਹਿਰ ਹੁੰਦੀ ਹੈ, ਜਦੋਂ ਮੈਂ ਸੋਚਦਾ ਹਾਂ ਕਿ ਇਹ ਗੱਲ ਦੱਸਣ ਵਾਲੇ ਸਿਆਣੇ ਤਾਂ ਆਪ ਮਨੁੱਖ ਜਾਤੀ ਨਾਲ ਸਬੰਧ ਰੱਖਦੇ ਹਨ। ਇਸ ਲਈ ਜਾਂ ਤਾਂ ਉਹ ਆਪਣੀ ਜਾਤੀ ਵਾਲ਼ਿਆਂ ਦੀ ਸਿਫ਼ਤ ਕਰਕੇ ਕੁਦਰਤ ਦੀਆਂ ਤਮਾਮ ਸ਼ੈਅ ਵਿੱਚ ਆਪਣਾ ਰੁਤਬਾ ਕਾਇਮ ਕਰਨਾ ਚਾਹੁੰਦੇ ਸਨ ਜਾਂ ਫਿਰ ਇਹਨਾਂ ਸਿਆਣਿਆਂ ਨੂੰ ਜਰੂਰ ਇਹ ਗੱਲ ਸਮਝਣ ਵਿੱਚ ਕੋਈ ਗਲਤੀ ਹੋਈ ਹੋਣੀ ਹੈ। ਕਿਉਂਕਿ ਇਨਸਾਨ ਤਾਂ ਅੱਜ ਆਪ ਹੀ ਉਸ ਪਾਰ ਬ੍ਹਹਮ ਪਰਮੇਸ਼ਵਰ ਦੀ ਥਾਂ ਲੈਣ ਦੇ ਯਤਨਾਂ ਵਿੱਚ ਹੈ।
ਅਸਲ ਵਿੱਚ ਜੇਕਰ ਸੋਚਿਆ ਜਾਵੇ ਤਾਂ ਪਰਮਾਤਮਾ ਦੀ ਸੱਭ ਤੋਂ ਸੋਹਣੀ ਦਾਤ ਕੁਦਰਤ ਹੈ, ਜਿਸ ਦਾ ਹੀ ਇੱਕ ਹਿੱਸਾ ਇਨਸਾਨ ਵੀ ਹੈ। ਪਰ ਇਨਸਾਨ ਨੇ ਪਰਮਾਤਮਾ ਵੱਲੋਂ ਬਖਸ਼ੀਆਂ ਆਪਣੀ ਬੋਲਣ, ਸੁਣਨ ਅਤੇ ਸੋਚਣ ਜਹੀਆਂ ਖੂਬੀਆਂ ਦਾ ਗੁਮਾਨ ਕਰਕੇ ਆਪਣੇ ਆਪ ਨੂੰ ਇਸ ਸਾਰੀ ਸ੍ਰਿਸ਼ਟੀ ਦਾ ਪਾਲਣਹਾਰ ਸਮਝਣ ਦਾ ਬਹਿਮ ਆਪਣੇ ਮਨ ਵਿੱਚ ਪਾਲ ਲਿਆ ਹੈ। ਪਰ ਉਹ ਭੁੱਲ ਗਿਆ ਹੈ ਕਿ ਉਹ ਵੀ ਪਰਮਾਤਮਾ ਵੱਲੋਂ ਬਣਾਈ ਇਸ ਕੁੱਦਰਤ ਦਾ ਇੱਕ ਹਿੱਸਾ ਹੈ ਅਤੇ ਜਿਸਦੀ ਹੋਂਦ ਕੁੱਦਰਤ ਤੋਂ ਟੁੱਟ ਕੇ ਸੰਭਵ ਨਹੀਂ ਹੈ।
ਇਹ ਇੱਕ ਪ੍ਰਕਾਰ ਦਾ ਜੀਵਨ ਚੱਕਰ ਚੱਲ ਰਿਹਾ ਹੈ। ਇਸ ਚੱਕਰ ਵਿੱਚ ਸੱਭ ਇੱਕ ਦੂਜੇ ਤੇ ਨਿਰਭਰ ਹਨ ਅਤੇ ਇੱਕ ਦੂਜੇ ਦੇ ਜੀਵਨ ਦੇ ਸਾਧਨ ਜੁਟਾਉਣ ਲਈ ਇੱਕ ਦੂਜੇ ਦੀ ਮਦਦ ਕਰ ਰਹੇ ਹਨ। ਪਰ ਇਨਸਾਨ ਨੇ ਇਹ ਚੱਕਰ ਤੋੜਨ ਦੀ ਭੁੱਲ ਕੀਤੀ ਹੈ ਅਤੇ ਅੱਜ ਨਤੀਜਾ ਸਾਡੇ ਸਾਹਮਣੇ ਹੈ। ਅੱਜ ਸਾਰੀ ਦੁਨੀਆਂ ਵਿੱਚ ਮਨੁੱਖ ਆਪਣੀ ਹੋਂਦ ਬਚਾਉਣ ਲਈ ਅੰਤਾਂ ਦੀ ਕੋਸ਼ਿਸ਼ ਕਰ ਰਿਹਾ ਹੈ। ਆਪਣੇ ਆਪ ਨੂੰ ਕੁਦਰਤ ਤੋਂ ਵੱਡਾ ਸਮਝਣ ਵਾਲਾ ਮਨੁੱਖ ਅੱਜ ਮੁਸ਼ਕਲ ਸਥਿਤੀਆਂ-ਪ੍ਰਸਥਿਤੀਆਂ ਦਾ ਸਾਹਮਣਾ ਕਰ ਰਿਹਾ ਹੈ ਅਤੇ ‘ਸਰਬੱਤ ਦਾ ਭਲਾ’ ਦੀ ਸੋਚ ਤੇ ਚੱਲਦੀ ਕੁਦਰਤ ਪਹਿਲਾਂ ਨਾਲੋਂ ਵੱਧ ਫੱਲ-ਫੁੱਲ ਰਹੀ ਹੈ।
ਪਰਮਾਤਮਾ ਬਖ਼ਸ਼ਣਹਾਰ ਹੈ ਅਤੇ ਕੁਦਰਤ ਤੇ ਵੀ ਇਸ ਦਾ ਪ੍ਰਭਾਵ ਪਿਆ ਹੈ। ਸਦੀਆਂ ਤੋਂ ਕੁਦਰਤ ਮਨੁੱਖ ਦੀਆਂ ਭੁੱਲਾਂ ਨੂੰ ਬਖਸਾਉਂਦੀ ਆਪਣਾ ਕਰਤੱਵ ਨਿਭਾ ਰਹੀ ਹੈ। ਕੁਦਰਤ ਕਦੇ ਗੁੱਸਾ ਨਹੀਂ ਮੰਨਦੀ। ਵੱਡੇ-ਵੱਡੇ ਤੁਫ਼ਾਨ ਆਏ, ਭਿਆਨਕ ਹੜ੍ਹ ਆਏ, ਮਹਾਂਮਾਰੀਆਂ ਆਈਆਂ, ਅਸੀਂ ਦੋਸ਼ ਕੁੱਦਰਤ ਤੇ ਲਾਇਆ ਕਿ ਕੁੱਦਰਤ ਨਰਾਜ ਹੈ, ਬਦਲਾ ਲੈ ਰਹੀ ਹੈ। ਪਰ ਕਦੇ ਅਸੀਂ ਗੱਲ ਆਪਣੇ ਤੇ ਨਹੀਂ ਪਾਈ। ਅਸੀਂ ਆਪਣੇ ਆਪ ਨੂੰ ਕਦੇ ਦੋਸ਼ੀ ਵੀ ਨਹੀਂ ਮੰਨਿਆ। ਪਰ ਕੀ ਵਾਕਿਆ ਹੀ ਇਹਨਾਂ ਵਿਨਾਸ਼ਕਾਰੀ ਘਟਨਾਵਾਂ ਪਿੱਛੇ ਕੁਦਰਤ ਦੇ ਗੁੱਸੇ ਦਾ ਅਸਰ ਹੈ? ਕਦੇ ਸੋਚ ਕੇ ਵੇਖਿਓ! ਕਿ ਕੁਦਰਤ ਰੁੱਸੀ ਹੈ ਜਾਂ ਅਸੀਂ ਹੀ ਆਪਣਾ ਕਸੂਰ ਨਹੀਂ ਮੰਨ ਰਹੇ।
ਕੁਦਰਤ ਤਾਂ ਅੰਨ੍ਹੇ ਤਸੀਹੇ ਝੱਲਣ ਤੋਂ ਬਾਅਦ ਵੀ ਉਸ ਪਰਮਾਤਮਾ ਦੇ ਬਣਾਏ ਚੱਕਰ ਵਿੱਚ ਇਮਾਨਦਾਰੀ ਨਾਲ ਆਪਣੀ ਡਿਊਟੀ ਨਿਭਾ ਰਹੀ ਹੈ। ਪਰ ਕੀ ਤੁਹਾਨੂੰ ਲੱਗਦਾ ਹੈ ਕਿ ਮਨੁੱਖ ਜਾਤੀ ਪਰਮਾਤਮਾ ਵੱਲੋਂ ਜੀਵਨ ਦੇ ਬਣਾਏ ਇਸ ਚੱਕਰ ਵਿੱਚ ਇਮਾਨਦਾਰੀ ਨਾਲ ਆਪਣਾ ਸਹਿਯੋਗ ਦੇ ਰਹੀ ਹੈ? ਸੋਚਣਾ ਜਰੂਰ ਇਸ ਬਾਰੇ। ਅਸੀਂ ਦਰੱਖਤ ਵੱਡ ਰਹੇ ਹਾਂ, ਅਸੀਂ ਪਾਣੀਆਂ ਨੂੰ ਅਜਾਈਂ ਗਵਾ ਰਹੇ ਹਾਂ, ਅਸੀਂ ਜਾਨਵਰਾਂ ਦੇ ਦੁਸ਼ਮਣ ਬਣ ਗਏ ਹਾਂ, ਇੱਥੋਂ ਤੱਕ ਕਿ ਅਸੀਂ ਮਨੁੱਖ ਜਾਤੀ ਅਤੇ ਆਪਣੇ ਆਪ ਦੇ ਵੀ ਦੁਸ਼ਮਣ ਬਣ ਗਏ ਹਾਂ।
ਅਸੀਂ ਪਾਣੀਆਂ ਦੇ ਰਾਹ ਰੋਕ ਲਏ ਹਨ ਤੇ ਜਦੋਂ ਹੜ੍ਹ ਆਉਂਦਾ ਹੈ ਤਾਂ ਆਪਣਾ ਪੱਲਾ ਝਾੜਦਿਆਂ ਜ਼ਿੰਮੇਵਾਰ ਕੁਦਰਤ ਨੂੰ ਦੱਸਦੇ ਹਾਂ। ਪਰ ਹਰ ਵਾਰ ਇਹਨਾਂ ਔਖੇ ਵੇਲਿਆਂ ਵਿੱਚ ਜਦ ਆਪਣੇ ਆਪ ਨੂੰ ਰੱਬ ਸਮਝਣ ਵਾਲੇ ਇਨਸਾਨ ਦੇ ਬਚਾਅ ਕਰਨ ਦੇ ਸਭ ਤੰਤਰ ਫੇਲ ਹੋ ਜਾਂਦੇ ਹਨ ਤਾਂ ਕੁਦਰਤ ਆਪਣੇ ਉਸੇ ਚੱਕਰੀ ਨਿਯਮਾਂ ਦੀ ਪਾਲਣਾ ਕਰਦੀ ਆਪਣਾ ਧਰਮ ਨਿਭਾਉਂਦੀ ਹੈ ਅਤੇ ਮਨੁੱਖ ਨੂੰ ਇਸ ਸੰਕਟ ਵਿੱਚੋਂ ਬਾਹਰ ਕੱਢਦੀ ਹੈ।
ਕੁੱਦਰਤ ਕੀ ਚਾਹੁੰਦੀ ਹੈ ਸਾਡੇ ਤੋਂ? ਸਿਰਫ ਸਾਥ ਹੀ ਚਾਹੁੰਦੀ ਹੈ, ਸਿਰਫ ਇਹੋ ਚਾਹੁੰਦੀ ਹੈ ਕਿ ਮਨੁੱਖ ਆਪਣੇ ਕਰਤੱਵਾਂ ਨੂੰ ਸਮਝੇ। ਪਰਮਾਤਮਾ ਵੱਲੋਂ ਬਣਾਏ ਇਸ ਜੀਵਨ ਚੱਕਰ ਵਿੱਚ ਮਨੁੱਖ ਆਪਣੀ ਸੇਵਾ ਇਮਾਨਦਾਰੀ ਨਾਲ ਨਿਭਾਵੇ ਅਤੇ ਕੁਦਰਤ ਦੀ ਹਰ ਸ਼ੈਅ ਨਾਲ ਚੰਗਾ ਵਰਤਾਉ ਕਰੇ। ਇਸ ਗੱਲ ਨੂੰ ਸਾਡਾ ਬਾਬਾ ਨਾਨਕ ਬਹੁਤ ਪਹਿਲਾਂ ਹੀ ਸਮਝਾ ਗਿਆ ਸੀ ਕਿ ਪਵਨ ਸਾਡਾ ਗੁਰੂ ਹੈ, ਪਾਣੀ ਸਾਡਾ ਪਿਤਾ ਹੈ ਅਤੇ ਧਰਤੀ ਸਾਡੀ ਮਾਂ ਹੈ।
ਭਾਵ ਜਿਵੇਂ ਅਸੀਂ ਆਪਣੇ ਗੁਰੂ ਅਤੇ ਮਾਤਾ-ਪਿਤਾ ਦੀ ਇੱਜਤ, ਰਾਖੀ ਅਤੇ ਸੁਰੱਖਿਆ ਕਰਦੇ ਹਾਂ ਉਸ ਤਰ੍ਹਾਂ ਹੀ ਕੁਦਰਤ ਦੀ ਹਰ ਸ਼ੈਅ ਨੂੰ ਆਪਣਾ ਸਮਝ ਕੇ ਉਸਦਾ ਆਦਰ ਸਤਿਕਾਰ ਕਰਨਾ ਚਾਹੀਦਾ ਹੈ। ਇਹ ਤੁਕਾਂ ਸਾਡੇ ਯਾਦ ਤਾਂ ਸੱਭ ਦੇ ਹਨ ਪਰ ਅਸੀਂ ਬਾਬੇ ਦੀਆਂ ਇਹਨਾਂ ਸਿੱਖਿਆਵਾਂ ਤੇ ਅਮਲ ਕਰਨਾ ਭੁੱਲ ਗਏ ਹਾਂ। ਜਿਸ ਤਰ੍ਹਾਂ ਸਮੇਂ-ਸਮੇਂ ਸਿਰ ਕੁੱਦਰਤ ਮਨੁੱਖ ਦੀ ਰਾਖੀ ਕਰਦੀ ਰਹੀ ਹੈ ਉਸ ਤਰ੍ਹਾਂ ਅੱਜ ਦੇ ਗੰਭੀਰ ਹਾਲਾਤਾਂ ਵਿੱਚ ਵੀ ਨਿਰ ਸ੍ਵਾਰਥ ਹੋ ਕੇ ਕੁਦਰਤ ਆਪਣੇ ਇਸ ਸਾਥੀ ਮਨੁੱਖ ਦੀ ਰੱਖਿਆ ਕਰਕੇ ਆਪਣਾ ਫਰਜ਼ ਬਾਖੂਬੀ ਨਿਭਾ ਰਹੀ ਹੈ।
ਜਦੋਂ ਮਨੁੱਖ ਕੁਦਰਤ ਤੇ ਅਥਾਂਹ ਜ਼ੁਲਮ ਢਾਹ ਰਿਹਾ ਸੀ, ਉਦੋਂ ਵੀ ਕੁਦਰਤ ਨੇ ਮਨੁੱਖ ਨੂੰ ਹਮੇਸ਼ਾਂ ਚੰਗਾ ਵਾਤਾਵਰਨ ਹੀ ਦੇਣ ਦੀ ਕੋਸ਼ਿਸ਼ ਕੀਤੀ ਹੈ ਪਰ ਇਸ ਦੇ ਉਲਟ ਇਸ ਗੱਲ ਨੂੰ ਨਾ ਸਮਝਦਿਆਂ, ਆਪਣੇ ਫ਼ਾਇਦੇ ਲਈ ਇਹ ਮਨੁੱਖ ਇਸ ਕੁਦਰਤ ਨਾਲ ਹੀ ਖਿਲਵਾੜ ਕਰਦਾ ਰਿਹਾ। ਉਸ ਸਮੇਂ ਮਨੁੱਖ ਆਪਣੇ ਕਾਰਜਾਂ ਕਰਕੇ ਆਪ ਵੀ ਦੁਖੀ ਸੀ ਅਤੇ ਸਾਰੀ ਕੁਦਰਤ ਨੂੰ ਵੀ ਦੁਖੀ ਕੀਤਾ ਹੋਇਆ ਸੀ।
ਪਰ ਆਪਣੀਆਂ ਹੀ ਗਲਤੀਆਂ ਕਰਕੇ ਜਿੱਥੇ ਅੱਜ ਮਨੁੱਖ ਇੱਕ ਵਾਰ ਫਿਰ ਤੋਂ ਜੀਉਣ-ਮਰਨ ਦੀ ਲੜਾਈ ਲੜ੍ਹ ਰਿਹਾ ਹੈ ਅਤੇ ਆਪਣੇ ਘਰਾਂ ਵਿੱਚ ਕੈਦ ਹੈ। ਉਸ ਸਮੇਂ ਕੁਦਰਤ ਇੱਕ ਨਵੇਂ ਹੀ ਰੂਪ ਵਿੱਚ ਆਪਣੀ ਖੂਬਸੂਰਤੀ ਦਾ ਅਹਿਸਾਸ ਕਰਾ ਰਹੀ ਹੈ ਅਤੇ ਆਪਣਾ ਫਰਜ਼ ਵੀ ਨਿਭਾ ਰਹੀ ਹੈ। ਹੁਣ ਆਕਾਸ਼ ਜਿਆਦਾ ਸਾਫ਼ ਅਤੇ ਨੀਲਾ ਦਿੱਸਣ ਲੱਗ ਪਿਆ ਹੈ, ਰਾਤ ਨੂੰ ਤਾਰਿਆਂ ਦੀ ਸੰਖਿਆ ਵੀ ਵਧੀ ਹੈ। ਰੁੱਖਾਂ ਤੇ ਪਹਿਲਾਂ ਨਾਲੋਂ ਜਿਆਦਾ ਹਰਿਆਲੀ ਹੈ, ਬੜੇ ਚਿਰਾਂ ਤੋਂ ਲੁਪਤ ਪੰਛੀਆਂ ਦੀਆਂ ਕੁੱਝ ਪ੍ਰਜਾਤੀਆਂ ਵੀ ਆਮ ਵੇਖਣ ਨੂੰ ਮਿਲ ਰਹੀਆਂ ਹਨ।
ਇਸ ਤਰ੍ਹਾਂ ਲੱਗ ਰਿਹਾ ਹੈ ਜਿਵੇਂ ਸਾਰੀ ਕੁਦਰਤ ਬਹੁਤ ਖੁਸ਼ ਹੈ।ਪਰ ਫਿਰ ਇੱਕ ਪਾਸੇ ਲੱਗਦਾ ਹੈ ਕਿ ਖੋਰੇ ਇਸ ਵਾਰ ਕੁਦਰਤ ਨੇ ਆਪਣਾ ਧਰਮ ਨਹੀਂ ਨਿਭਾਇਆ ਅਤੇ ਮਨੁੱਖ ਨੂੰ ਉਸ ਚੱਕਰ ਵਿੱਚੋਂ ਹੀ ਕੱਢ ਦਿੱਤਾ ਹੈ। ਨਹੀਂ ਇਹ ਕਦੇ ਵੀ ਸੰਭਵ ਨਹੀਂ ਹੋ ਸਕਦਾ ਕਿਉਂਕਿ ਕੁਦਰਤ ਲਾਭ-ਹਾਨੀਆਂ ਬਾਰੇ ਨਹੀਂ ਜਾਣਦੀ, ਉਸ ਦਾ ਕੰਮ ਤਾਂ ਬਾਬੇ ਨਾਨਕ ਵਾਂਗ ਸਿਰਫ਼ ‘ਤੇਰਾ-ਤੇਰਾ’ ਤੋਲਣਾ ਹੈ।
ਇਸ ਲਈ ਕੁਦਰਤ ਅੱਜ ਦੇ ਮੁਸ਼ਕਲਾਂ ਭਰੇ ਦੌਰ ਵਿੱਚ ਵੀ ਇਨਸਾਨ ਦੀ ਮਦਦ ਕਰ ਰਹੀ ਹੈ। ਕੁਦਰਤ ਨੇ ਮਨੁੱਖ ਨੂੰ ਸਿਖਾ ਦਿੱਤਾ ਹੈ ਕਿ ਕਿਸ ਤਰ੍ਹਾਂ ਸਾਧਾਰਨ ਜ਼ਿੰਦਗੀ ਜੀਅ ਕੇ ਅਸੀਂ ਆਪ ਅਤੇ ਹੋਰਾਂ ਨੂੰ ਕਿਸੇ ਵੀ ਪ੍ਰਕਾਰ ਦੀਆਂ ਮੁਸ਼ਕਲਾਂ ਤੋਂ ਬਚਾ ਸਕਦੇ ਹਾਂ।
ਕੁਦਰਤ ਨੇ ਮਨੁੱਖ ਨੂੰ ਮਨੁੱਖ ਦੀ, ਪੰਛੀ, ਜਾਨਵਰ, ਰੱਖਾਂ ਅਤੇ ਹਵਾਵਾਂ ਦੀ ਇੱਜ਼ਤ ਕਰਨੀ ਸਿਖਾ ਦਿੱਤੀ ਹੈ। ਕੁੱਦਰਤ ਨੇ ਮਨੁੱਖ ਨੂੰ ਸਮਝਾ ਦਿੱਤਾ ਹੈ ਕਿ ਤੁਸੀਂ ਹੀ ਵਾਤਾਵਰਨ ਪ੍ਰਦੂਸ਼ਿਤ ਕੀਤਾ ਹੈ ਅਤੇ ਹੁਣ ਜਦ ਤੁਹਾਡੇ ਤੋਂ ਹੀ ਕੰਟਰੋਲ ਨਹੀਂ ਹੋ ਰਿਹਾ ਤੇ ਤੁਸੀਂ ਇਸ ਪ੍ਰਦੂਸ਼ਿਤ ਵਾਤਾਵਰਨ ਤੋਂ ਬਚਣ ਲਈ ਮਾਸਕ ਦੀ ਵਰਤੋਂ ਕਰ ਰਹੇ ਹੋ।
ਆਪਣੇ ਹੱਥਾਂ ਨਾਲ ਹੀ ਆਲਾ-ਦੁਆਲਾ ਗੰਦਾ ਕਰਕੇ ਆਪ ਹੀ ਵਾਰ-ਵਾਰ ਹੱਥ ਧੋ ਰਹੇ ਹੋ। ਅੱਜ ਤੁਸੀਂ ਘਰਾਂ ਵਿੱਚ ਕੈਦ ਹੋ ਤੇ ਜਿਨ੍ਹਾਂ ਨੂੰ ਪਿੰਜਰਿਆਂ ਵਿੱਚ ਰੱਖਦੇ ਸੀ ਉਹ ਪੰਛੀ ਅਤੇ ਜਾਨਵਰ ਜੋ ਕੁਦਰਤ ਦਾ ਚੱਕਰ ਚਲਾਉਣ ਵਾਲਿਆਂ ਵਿੱਚੋਂ ਹਨ ਵੀ ਆਪਣਾ ਫਰਜ਼ ਨਿਭਾ ਰਹੇ ਹਨ।ਇਸ ਲਈ ਅਜੇ ਵੀ ਸਮਾਂ ਨਹੀਂ ਬੀਤਿਆ, ਮਨੁੱਖ ਨੂੰ ਆਪਣੇ ਫ਼ਰਜ਼ਾਂ ਪ੍ਰਤੀ ਜਾਗਰੂਕ ਹੋ ਜਾਣਾ ਚਾਹੀਦਾ ਹੈ।
ਉਸ ਨੂੰ ਕੁੱਦਰਤ ਦੇ ਮਹਾਨ ਕਾਰਜਾਂ ਲਈ ਉਸਦਾ ਧੰਨਵਾਦ ਕਰਨਾ ਚਾਹੀਦਾ ਹੈ ਅਤੇ ਆਪਣੇ ਨਿੱਜੀ ਫ਼ਾਇਦਿਆਂ ਲਈ ਕੁੱਦਰਤ ਨਾਲ ਖਿਲਵਾੜ ਨਹੀਂ ਕਰਨਾ ਚਾਹੀਦਾ। ਕਿਉਂਕਿ ਭਾਵੇਂ ਉਹ ਕਿੰਨਾਂ ਵੀ ਕੁੱਦਰਤ ਨਾਲ ਛੇੜ-ਛਾੜ ਕਰ ਲਵੇ ਪਰ ਮਨੁੱਖ ਨੂੰ ਇੱਕ ਗੱਲ ਯਾਦ ਰੱਖਣੀ ਚਾਹੀਦੀ ਹੈ ਕਿ ਵੱਡੀ ਤੋਂ ਵੱਡੀ ਮੁਸ਼ਕਲ ਦੇ ਦੌਰ ਵਿੱਚ ਇੱਕ ਕੁਦਰਤ ਹੀ ਮਨੁੱਖ ਦਾ ਰਾਖਾ ਬਣ ਕੇ ਉਸਦੀ ਮੁਸ਼ਕਲਾਂ ਦਾ ਹੱਲ ਕਰੇਗੀ। ਕਿਉਂਕਿ ਕੁਦਰਤ ਤਾਂ ਮੁੱਢੋਂ ਹੀ ‘ਕਰ ਭਲਾ ਤਾਂ ਹੋ ਭਲਾ’ ਦੇ ਫਲਸਫੇ ਤੇ ਚਲਦੀ ਆਈ ਹੈ।
ਚਰਨਜੀਤ ਸਿੰਘ ਰਾਜੌਰ
ਪੰਜਾਬੀ ਅਧਿਆਪਕ
ਸਰਕਾਰੀ ਹਾਈ ਸਕੂਲ
ਘੜਾਮ, ਪਟਿਆਲਾ।
ਸੰਪਰਕ: 8427929558