ਅੰਮ੍ਰਿਤਸਰ (ਸਮਾਜਵੀਕਲੀ) : ਕਰੋਨਾ ਦੌਰਾਨ ਖਾੜੀ ਮੁਲਕਾਂ ਵਿਚ ਫਸੇ ਭਾਰਤੀਆਂ ਦੀ ਵਾਪਸੀ ਲਈ ਜਿੱਥੇ ਸਰਕਾਰ ਵੱਲੋਂ ਯਤਨ ਕੀਤੇ ਜਾ ਰਹੇ ਹਨ, ਉਥੇ ਸਿੱਖ ਸੰਸਥਾਵਾਂ ਵੀ ਇਨ੍ਹਾਂ ਭਾਰਤੀਆਂ ਦੀ ਵਤਨ ਵਾਪਸੀ ਲਈ ਆਪੋ-ਆਪਣਾ ਸਹਿਯੋਗ ਦੇ ਰਹੀਆਂ ਹਨ। ਇਸੇ ਤਹਿਤ ਖਾਲਸਾ ਮੋਟਰਸਾਈਕਲ ਟੀਮ ਦੁਬਈ ਅਤੇ ਗੁਰੂ ਨਾਨਕ ਦਰਬਾਰ ਦੁਬਈ ਦੇ ਸਹਿਯੋਗ ਨਾਲ ਬੀਤੀ ਰਾਤ ਲਗਪਗ 210 ਭਾਰਤੀ ਇਕ ਵਿਸ਼ੇਸ਼ ਉਡਾਣ ਰਾਹੀਂ ਸਥਾਨਕ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਪੁੱਜੇ ਹਨ। ਇਸ ਦੌਰਾਨ ਵਤਨ ਪਰਤੇ ਭਾਰਤੀਆਂ ਦੇ ਦਸਤਾਵੇਜ਼ਾਂ ਅਤੇ ਸਿਹਤ ਦੀ ਜਾਂਚ ਮਗਰੋਂ ਉਨ੍ਹਾਂ ਨੂੰ ਇਕਾਂਤਵਾਸ ਲਈ ਆਪੋ-ਆਪਣੇ ਜ਼ਿਲ੍ਹਿਆਂ ਵਿਚ ਭੇਜ ਦਿੱਤਾ ਗਿਆ ਹੈ।
ਖਾਲਸਾ ਮੋਟਰਸਾਈਕਲ ਟੀਮ ਦੀ ਅੰਮ੍ਰਿਤਸਰ ਇਕਾਈ ਅਤੇ ਸੁਖਮਨੀ ਸੋਸ਼ਲ ਵੈਲਫੇਅਰ ਆਰਗੇਨਾਈਜ਼ੇਸ਼ਨ ਦੇ ਨੁਮਾਇੰਦੇ ਸਵਿੰਦਰ ਸਿੰਘ ਨੇ ਦੱਸਿਆ ਕਿ ਦੇਰ ਰਾਤ ਆਈ ਉਡਾਣ ਰਾਹੀਂ 210 ਅਤੇ ਸ਼ਾਮ ਨੂੰ ਆਈ ਉਡਾਣ ਰਾਹੀਂ 170 ਭਾਰਤੀ ਵਾਪਸ ਆਏ ਹਨ। ਇਨ੍ਹਾਂ ਵਿਚ 14 ਅਜਿਹੇ ਨੌਜਵਾਨ ਵੀ ਸ਼ਾਮਲ ਹਨ, ਜਿਨ੍ਹਾਂ ਨੂੰ ਦੁਬਈ ’ਚ ਵੱਖ ਵੱਖ ਕੇਸਾਂ ਵਿਚ ਸਜ਼ਾਵਾਂ ਹੋਈਆਂ ਸਨ। ਇਨ੍ਹਾਂ ਦੀਆਂ ਸਜ਼ਾਵਾਂ ਮੁਕੰਮਲ ਹੋ ਚੁੱਕੀਆਂ ਸਨ ਪਰ ਇਨ੍ਹਾਂ ਦੀ ਵਾਪਸੀ ਦਾ ਪ੍ਰਬੰਧ ਨਹੀਂ ਹੋ ਰਿਹਾ ਸੀ। ਇਨ੍ਹਾਂ ਨੂੰ ਕੀਤਾ ਗਿਆ ਜੁਰਮਾਨਾ ਅਤੇ ਹੋਰ ਦਸਤਾਵੇਜ਼ੀ ਕਾਰਵਾਈ ਦਾ ਪ੍ਰਬੰਧ ਖਾਲਸਾ ਮੋਟਰਸਾਈਕਲ ਟੀਮ ਦੇ ਸੁਖਦੇਵ ਸਿੰਘ ਸੰਧੂ ਅਤੇ ਗੁਰਦੁਆਰਾ ਗੁਰੂ ਨਾਨਕ ਦਰਬਾਰ ਦੁਬਈ ਦੇ ਚੇਅਰਮੈਨ ਸੁਰਿੰਦਰ ਸਿੰਘ ਕੰਧਾਰੀ ਵੱਲੋਂ ਕੀਤਾ ਗਿਆ ਹੈ।
ਵਾਪਸ ਆਏ ਇਨ੍ਹਾਂ ਭਾਰਤੀਆਂ ਨੂੰ ਸ੍ਰੀ ਦਰਬਾਰ ਸਾਹਿਬ ਦੇ ਲੰਗਰ ਘਰ ਵੱਲੋਂ ਲੰਗਰ ਮੁਹੱਈਆ ਕਰਵਾਇਆ ਗਿਆ। ਵਧੀਕ ਮੈਨੇਜਰ ਰਜਿੰਦਰ ਸਿੰਘ ਰੂਬੀ ਨੇ ਦੱਸਿਆ ਕਿ ਰਾਤ ਨੂੰ ਲਗਪਗ 400 ਵਿਅਕਤੀਆਂ ਲਈ ਲੰਗਰ ਭੇਜਿਆ ਗਿਆ ਸੀ।