ਵਾਸ਼ਿੰਗਟਨ (ਸਮਾਜ ਵੀਕਲੀ): ਵਿਸ਼ਵ ਬੈਂਕ ਨੇ ਵਿਕਾਸਸ਼ੀਲ ਦੇਸ਼ਾਂ ਲਈ ਕੋਵਿਡ-19 ਵੈਕਸੀਨ ਖ਼ਰੀਦਣ, ਟੈਸਟਾਂ ਅਤੇ ਇਲਾਜ ’ਚ ਮਦਦ ਲਈ 12 ਅਰਬ ਡਾਲਰ ਦੀ ਵਿੱਤੀ ਮਦਦ ਨੂੰ ਪ੍ਰਵਾਨਗੀ ਦਿੱਤੀ ਹੈ। ਇਹ ਪ੍ਰਵਾਨਗੀ 1 ਅਰਬ ਤੋਂ ਵੱਧ ਲੋਕਾਂ ਦੇ ਟੀਕਾਕਰਨ ’ਚ ਮਦਦ ਦੇ ਮਕਸਦ ਨਾਲ ਦਿੱੱਤੀ ਗਈ ਹੈ। ਬੈਂਕ ਵੱਲੋਂ ਮੰਗਲਵਾਰ ਦੇਰ ਰਾਤ ਜਾਰੀ ਬਿਆਨ ’ਚ ਕਿਹਾ ਗਿਆ ਕਿ 12 ਅਰਬ ਡਾਲਰ ਦੀ ਇਹ ਮਦਦ 160 ਅਰਬ ਡਾਲਰ ਦੇ ਵਿਸ਼ਵ ਬੈਂਕ ਗਰੁੱਪ ਪੈਕੇਜ ਦਾ ਹਿੱਸਾ ਹੈ, ਜਿਸ ਨਾਲ ਵਿਕਾਸਸ਼ੀਲ ਦੇਸ਼ਾਂ ਨੂੰ ਕੋਵਿਡ-19 ਮਹਾਮਾਰੀ ਨਾਲ ਲੜਨ ’ਚ ਮਦਦ ਮਿਲੇਗੀ।
ਵਿਸ਼ਵ ਬੈਂਕ ਮੁਤਾਬਕ ਉਸਦੇ ਕੋਵਿਡ-19 ਐਮਰਜੈਂਸੀ ਰਿਸਪਾਂਸ ਪ੍ਰੋਗਰਾਮ 111 ਦੇਸ਼ਾਂ ਤੱਕ ਪਹੁੰਚ ਚੁੱਕੇ ਹਨ। ਬਿਆਨ ’ਚ ਕਿਹਾ ਗਿਆ ਕਿ ਵਿਕਾਸਸ਼ੀਲ ਦੇਸ਼ਾਂ ਦੇ ਨਾਗਰਿਕਾਂ ਤੱਕ ਵੀ ਸੁਰੱਖਿਅਤ ਅਤੇ ਅਸਰਦਾਰ ਕੋਵਿਡ-19 ਵੈਕਸੀਨ ਪਹੁੰਚਾਉਣ ਦੀ ਲੋੜ ਹੈ। ਵਿਸ਼ਵ ਬੈਂਕ ਦੇ ਪ੍ਰਧਾਨ ਡੇਵਿਡ ਮਲਪਾਸ ਨੇ ਇੱਕ ਬਿਆਨ ’ਚ ਕਿਹਾ, ‘ਅਸੀਂ ਕਰੋਨਾ ਖਿਲਾਫ਼ ਨਜਿੱਠਣ ਲਈ ਆਪਣੇ ਹੰਗਾਮੀ ਫਾਸਟ ਟਰੈਕ ਦ੍ਰਿਸ਼ਟੀਕੋਣ ਦਾ ਵਾਧਾ ਤੇ ਵਿਸਥਾਰ ਕਰ ਰਹੇ ਤਾਂ ਕਿ ਵਿਕਾਸਸ਼ੀਲ ਦੇਸ਼ਾਂ ਨੂੰ ਵੈਕਸੀਨ ਦੀ ਢੁੱਕਵੀਂ ਤੇ ਬਰਾਬਰ ਵੰਡ ਮਿਲ ਸਕੇ।