ਜਾਰੀ ਕਰਤਾ: ਚਾਨਣ ਦੀਪ ਸਿੰਘ ਔਲਖ,
ਗੁਰਨੇ ਖੁਰਦ ਮਾਨਸਾ
ਸੰਪਰਕ: +91 98768 88177
ਕੋਵਿਡ-19 ਨੇ ਦੁਨੀਆਂ ਦੇ ਲੱਗਭਗ ਸਾਰੇ ਦੇਸ਼ ਆਪਣੀ ਲਪੇਟ ਵਿੱਚ ਲੈ ਲਏ ਹਨ। ਸੰਸਾਰ ਭਰ ਵਿੱਚ ਲੱਗਭਗ 5 ਲੱਖ 72 ਹਜਾਰ ਕੇਸ ਪਾਜਟਿਵ ਆ ਚੁੱਕੇ ਹਨ ਅਤੇ ਕਰੀਬ 21000 ਮੌਤਾਂ ਹੋ ਚੁੱਕੀਆਂ ਹਨ। ਸਭ ਤੋਂ ਜ਼ਿਆਦਾ ਨੁਕਸਾਨ ਚੀਨ ਅਤੇ ਇਟਲੀ ਵਿੱਚ ਹੋਇਆ ਹੈ। ਇਨ੍ਹਾਂ ਦੇਸਾਂ ਕੋਲ ਵਧੇਰੇ ਅਧੁਨਿਕ ਤਕਨੀਕੀ ਸੰਸਾਧਨ ਅਤੇ ਸਿਹਤ ਸਹੂਲਤਾਂ ਹੋਣ ਦੇ ਬਾਵਜੂਦ ਇਨ੍ਹਾਂ ਵੱਡਾ ਨੁਕਸਾਨ ਉਠਾਉਣਾ ਪਿਆ। ਕੁਝ ਥਾਵਾਂ ਤੇ ਇਨ੍ਹੀਂਆਂ ਮੌਤਾਂ ਹੋਈਆਂ ਹਨ ਕਿ ਉਨ੍ਹਾਂ ਦੀਆਂ ਅੰਤਿਮ ਰਸਮਾਂ ਪੂਰੀਆਂ ਨਹੀਂ ਹੋ ਸਕੀਆਂ।
ਦੂਜੇ ਪਾਸੇ ਸਾਡੇ ਦੇਸ਼ ਕੋਲ ਸਹੂਲਤਾਂ ਦੀ ਘਾਟ ਹੈ। ਸੋਚੋ ਅਗਰ ਇਥੇ ਉਹ ਹਾਲਾਤ ਬਣਦੇ ਹਨ ਤਾਂ ਸਥਿਤੀ ਕਿੰਨੀ ਭਿਆਨਕ ਹੋਵੇਗੀ। ਭਾਰਤ ਵਿੱਚ ਹੁਣ ਤੱਕ 664 ਮਾਮਲੇ ਸਾਹਮਣੇ ਆਏ ਹਨ ਅਤੇ 12 ਮੌਤਾਂ ਹੋ ਚੁੱਕੀਆਂ ਹਨ। ਜੇਕਰ ਪੰਜਾਬ ਦੀ ਗੱਲ ਕਰੀਏ ਤਾਂ ਇਥੇ ਵੀ 31 ਕੇਸ ਪਾਜਟਿਵ ਰਿਪੋਰਟ ਹੋਏ ਹਨ 1 ਮੌਤ ਹੋ ਚੁੱਕੀ ਹੈ ਅਤੇ 82 ਕੇਸ ਸ਼ੱਕੀ ਹਨ। ਜਿਆਦਾਤਰ ਮਰੀਜ਼ ਕਰਨਾ ਕਾਰਨ ਮਰ ਚੁੱਕੇ ਬਲਦੇਵ ਸਿੰਘ ਦੇ ਸੰਪਰਕ ਵਿੱਚ ਆਉਣ ਵਾਲੇ ਹਨ।
ਲੱਗਭਗ ਸਾਰੇ ਬਾਹਰਲੇ ਮੁਲਕਾਂ ਤੋਂ ਆਏ ਵਿਅਕਤੀਆਂ ਨੂੰ ਸਿਹਤ ਵਿਭਾਗ ਵੱਲੋਂ ਕੋਆਰੰਟਾਈਨ ਕੀਤਾ ਗਿਆ ਹੈ ਜਿਸ ਤਹਿਤ ਉਨ੍ਹਾਂ ਨੂੰ 14 ਦਿਨ ਤੱਕ ਘਰ ਵਿੱਚ ਹੀ ਵੱਖਰਾ ਰੱਖਿਆ ਜਾਂਦਾ ਹੈ । ਲੱਛਣ ਮਿਲਣ ਵਾਲਿਆਂ ਨੂੰ ਹਸਪਤਾਲ ਰੈਫਰ ਕੀਤਾ ਜਾ ਰਿਹਾ ਹੈ। ਉਥੇ ਉਨ੍ਹਾਂ ਨੂੰ ਆਇਸੋਲੇਸ਼ਨ ਵਾਰਡ ਵਿੱਚ ਰੱਖਿਆ ਜਾਂਦਾ ਹੈ ਅਤੇ ਸੈਂਪਲ ਲੈ ਕੇ ਟੈਸਟ ਲਈ ਭੇਜ ਦਿੱਤੇ ਜਾਂਦੇ ਹਨ। ਇਸ ਤੋਂ ਇਲਾਵਾ ਹੋਲਾ ਮੁਹੱਲਾ ਅਤੇ ਹਜ਼ੂਰ ਸਾਹਿਬ ਨਾਂਦੇੜ ਤੋਂ ਪਰਤੇ ਵਿਅਕਤੀਆਂ ਨੂੰ ਵੀ ਵੱਖਰਾ ਰਹਿਣ ਦੀ ਸਲਾਹ ਦਿੱਤੀ ਜਾਂਦੀ ਹੈ।
22 ਮਾਰਚ ਦੇ ਇੱਕ ਦਿਨ ਦੇ ਜਨਤਾ ਕਰਫਿਊ ਦੇ ਐਲਾਨ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 21 ਦਿਨ ਲਈ ਪੂਰੇ ਭਾਰਤ ਵਿੱਚ ਲਾਕਡਾਉਨ ਦਾ ਐਲਾਨ ਕਰ ਦਿੱਤਾ ਹੈ। ਪਰ ਫਿਰ ਵੀ ਕੁਝ ਲੋਕ ਬਿਨਾਂ ਕਿਸੇ ਐਮਰਜੈਂਸੀ ਕੰਮ ਦੇ ਘੁੰਮ ਰਹੇ ਹਨ। ਕਈ ਥਾਵਾਂ ਤੇ ਪੁਲਿਸ ਵੱਲੋਂ ਸਖਤੀ ਵਰਤਣ ਦੀਆਂ ਖ਼ਬਰਾਂ ਵੀ ਮਿਲ ਰਹੀਆਂ ਹਨ। ਲੋਕਾਂ ਨੂੰ ਜਰੂਰੀ ਵਸਤਾਂ ਘਰ ਘਰ ਪਹੁੰਚਾਉਣ ਦਾ ਇੰਤਜ਼ਾਮ ਵੀ ਕੀਤਾ ਗਿਆ ਹੈ।
ਗੰਭੀਰ ਸਥਿਤੀ ਤੋਂ ਬਚਣ ਲਈ ਸਾਨੂੰ ਚੀਨ ਅਤੇ ਇਟਲੀ ਤੋਂ ਸਬਕ ਸਿੱਖਣਾ ਚਾਹੀਦਾ ਹੈ। ਸਾਨੂੰ ਸਭ ਨੂੰ ਆਪਣਾ ਨੈਤਿਕ ਫਰਜ਼ ਸਮਝਦੇ ਹੋਏ ਘਰਾਂ ਵਿੱਚ ਹੀ ਰਹਿਣਾ ਚਾਹੀਦਾ ਹੈ। ਘਰ ਵਿੱਚ ਵੀ ਹੱਥਾਂ ਦੀ ਸਫਾਈ ਅਤੇ 1 ਮੀਟਰ ਦੀ ਦੂਰੀ ਬਣਾ ਕੇ ਰੱਖਣੀ ਚਾਹੀਦੀ ਹੈ। ਸਿਹਤ ਅਤੇ ਪੁਲਿਸ ਵਿਭਾਗ ਦਾ ਸਾਥ ਦੇਣਾ ਚਾਹੀਦਾ ਹੈ। ਪੁਲਿਸ ਨੂੰ ਲੋਕਾਂ ਨੂੰ ਪਿਆਰ ਨਾਲ ਪੇਸ਼ ਆਉਣਾ ਚਾਹੀਦਾ ਹੈ। ਸਰਕਾਰ ਨੂੰ ਵੀ ਲੋਕਾਂ ਨੂੰ ਜਰੂਰਤ ਦੀਆਂ ਸਾਰੀਆਂ ਚੀਜਾਂ ਮੁਹੱਈਆ ਕਰਵਾਉਣੀਆਂ ਚਾਹੀਦੀਆਂ ਹਨ। ਸਿਹਤ ਵਿਭਾਗ ਦੇ ਅਧਿਕਾਰੀਆਂ ਦੀ ਸੇਫਟੀ ਲਈ ਮਾਸਕ, ਗਲੱਵਜ ਅਤੇ ਸੈਨੀਟਾਈਜ਼ਰ ਦੀ ਕਮੀ ਨੂੰ ਪੂਰਾ ਕਰਨਾ ਚਾਹੀਦਾ ਹੈ।