“ਕਰੋਨਾ ਮਹਾਂਮਾਰੀ ਦੇ ਸਬੰਧ ਵਿੱਚ ਹੋਈ ਪਸ਼ੂ-ਪੰਛੀਆਂ ਦੀ ਸਭਾ”

ਸੰਦੀਪ ਸਿੰਘ ਬਖੋਪੀਰ

(ਸਮਾਜ ਵੀਕਲੀ)

ਪਸ਼ੂ ਅਤੇ ਪੰਛੀਆਂ ਨੇ ਮਨੁੱਖ ਤੇ ਆਈ ਆਫ਼ਤ ਦੀ ਘੜੀ ਬਾਰੇ ਵਿਚਾਰ ਸਾਂਝੇ ਕਰਨ ਲਈ ਇੱਕ ਸਭਾ ਬੁਲਾਈ, ਜਿਸ ਵਿੱਚ ਜੰਗਲ ਦੇ ਬਹੁਤ ਸਾਰੇ ਪਸ਼ੂ-ਪੰਛੀ ਸ਼ਾਮਿਲ ਹੋਏ, ਉਹਨਾਂ ਨੇ ਮਨੁੱਖ ਵੱਲੋਂ ਆਪਣੇ ਨਾਲ ਜੋੜੀਆਂ ਕੁਝ ਕਹਾਵਤਾਂ ਦੇ ਹਵਾਲੇ ਦੇਕੇ ਆਪੋ -ਆਪਣੇ ਵਿਚਾਰ ਰੱਖਣੇ ਸ਼ੁਰੂ ਕੀਤੇ, ਪਹਿਲੀ ਵਾਰੀ ਤੋਤੋ ਦੀ ਸੀ।

“ਮਿੱਠੂ ਚੂਰੀ ਖਾਣੀ ਹੈ” ਬਾਰੇ ਸ੍ਰੀਮਾਨ ਤੋਤਾ ਜੀ ਨੇ ਕਿਹਾ ਕਿ”ਪਿੰਜਰੇ ਬਣੇ ਘਰਾਂ ਵਿੱਚ ਰਹਿ ਰਹੇ ਮਨੁੱਖ ਨੂੰ ਹੁਣ ਅਹਿਸਾਸ ਜਰੂਰ ਹੋਇਆ ਹੋਵੇਗਾ ਕਿ ਮਿੱਠੂ ਰਾਮ ਬਣਨਾ ਕੀ ਹੁੰਦਾ ਹੈ।ਜਦੋਂ ਕੋਈ ਭੁੱਖੇ ਮਨੁੱਖ ਨੂੰ ਰਾਸ਼ਣ ਕਹਿ ਕੇ ਕਿਲੋ ਚੌਲ ਦੇਕੇ ਜਾਂਦਾ ਹੋਵੇਗਾ, ਫਿਰ ਸਮਝ ਆਈ ਹੋਵੇਗੀ ,ਕਿ ਚੂਰੀ ਪੁੱਛਕੇ ਮਿਰਚਾਂ ਸੁੱਟਣਾ ਕੀ ਹੁੰਦਾ ਹੈ।

ਆਪਣੀ ਵਾਰੀ ਦਾ ਇੰਤਜ਼ਾਰ ਕੀਤੇ ਬਿਨਾਂ “ਗਿੱਦੜ-ਕੁੱਟ” ਬਾਰੇ ਗਿੱਦੜ ਬਾਬੂ ਨੇ ਕਿਹਾ “ਕਿ ਕਸੂਰਵਾਰ ਲੋਕਾਂ ਨਾਲ ਜਦੋਂ ਬੇਕਸੂਰ ਲੋਕਾਂ ਨੂੰ ਵੀ ਚੌਰਾਹੇ ਵਿੱਚ ਪੁਲਿਸ ਦੀਆਂ ਨਜ਼ਾਇਜ ਸੋਟੀਆਂ ਖਾਕੇ ਜਲੀਲ ਹੁੰਦੇ, ਸਭ ਨੇ ਟੀ,ਵੀ ਤੇ ਮੋਬਾਈਲ ਫੋਨਾਂ ਤੇ ਜਦੋਂ ਵੇਖਿਆ ਤੇ ਸਮਝਿਆ ਹੋਵੇਗਾ ਤਾਂ ਉਹ ਭਲੀ-ਭਾਂਤ ਸਮਝ ਗਏ ਹੋਣੇ ਆ ਕਿ ਕੀ ਹੁੰਦਾ ਗਿੱਦੜ, ਤੇ ਕੀ ਹੁੰਦੀ ਹੈ ਗਿੱਦੜ-ਕੁੱਟ।

ਉਦਾਸ ਜਿਹਾ ਮੂੰਹ ਬਣਾਕੇ “ਕੁੱਤੇ ਝਾਕ” ਬਾਰੇ ਮੋਤੀ ਨੇ ਦੱਸਿਆ ਕਿ ,”ਰਾਸ਼ਣ ਤੇ ਮਦਦ ਦੀ ਉਡੀਕ ਵਿੱਚ ਸਰਕਾਰ ਵੱਲ ਝਾਕਦੇ ਲੱਖਾਂ ਲੋਕਾਂ ਨੇ ਸ਼ਾਇਦ ਸਮਝ ਲਿਆ ਹੋਵੇਗਾ ,ਕਿ ਅਸੀਂ ਕਿਵੇਂ ਇੱਕ ਰੋਟੀ ਦੀ ਇੱਕ ਬੁਰਕੀ ਲਈ ਮਨੁੱਖ ਦੇ ਦਰਵਾਜ਼ੇ ਤੇ ਆਸ ਲਾਈ ਬੈਠੇ ਰਹਿੰਦੇ ਹਾਂ।” ਪਰ ਫਿਰ ਆਪਣੇ ਉਦਾਸ ਚਿਹਰੇ ਤੇ ਗੁੱਸੇ ਦਾ ਭਾਵ ਲਿਆਉਂਦਿਆਂ ਮੋਤੀ ਬੋਲਿਆ ਕਿ ਸਾਨੂੰ ਤਾਂ ਐਵੇਂ ਹੀ ਮਨੁੱਖ ਨੇ ਬਦਨਾਮ ਕੀਤਾ ਹੈ,” ਕੁੱਤੇ ਦੀ ਪੂਛ ਕਦੇ ਸਿੱਧੀ ਨਹੀਂ ਹੁੰਦੀ” ਵਾਲੀ ਗੱਲ ਮਨੁੱਖ ਤੇ ਹੀ ਢੁੱਕਦੀ ਹੈ “ਕਿ , ਭ੍ਰਿਸ਼ਟ ਨੇਤਾ, ਭ੍ਰਿਸ਼ਟ ਸਰਕਾਰ ਤੇ ਭ੍ਰਿਸ਼ਟ ਲੋਕਾਂ ਨੇ ਕਾਨੂੰਨ ਦੀ ਉਲੰਘਣਾ ਕਰ-ਕਰ, ਇਹ ਸਾਬਤ ਕਰ ਵਿਖਾਇਆ ਸੀ, ਕਿ ਕੁੱਤੇ ਦੀ ਪੂਛ ਕਿਵੇਂ ਕਦੇ ਸਿੱਧੀ ਨਹੀਂ ਹੁੰਦੀ” ।

“ਉੱਲੂ ਬੋਲਣੇ” ਇਸ ਬਾਰੇ ਉੱਲੂ ਨੇ ਕਿਹਾ ਕਿ,”ਖਾਲੀ ਪਈਆਂ ਫੈਕਟਰੀਆਂ,ਦਫ਼ਤਰਾਂ,ਤੇ ਕੰਮਕਾਜੀ ਥਾਵਾਂ ਤੇ ਕੰਮ ਕਰਦੇ ਮਾਲਕ ਤੇ ਕਾਮਿਆਂ ਨੂੰ ਮੰਦੀ ਦੇ ਦੌਰ ਨੇ ਜਰੂਰ ਸਮਝਾਇਆ ਹੋਵੇਗਾ, ਕਿ ਵਸ਼ਦੀਆਂ ਥਾਵਾਂ ਤੇ ਉੱਲੂ ਬੋਲਣੇ ਕੀ ਹੁੰਦੇ ਹਨ”।

“ਤਿੱਤਰ ਹੋਣਾ” ਬਾਰੇ ਤਿੱਤਰ ਦੇ ਵਿਚਾਰ ਸਨ ਕਿ ,”ਪੁਲਿਸ ਮੁਲਾਜ਼ਮ ਤੇ ਉਨਾਂ ਦੀ ਗੱਡੀ ਦਾ ਹੂਟਰ ਸੁਣਕੇ, ਥੜਿਆ, ਚੌਕਾਂ ‘ਤੇ ਬਾਜ਼ਾਰਾਂ ਵਿੱਚੋਂ ਭੱਜਦੇ ਗੱਪ-ਬਾਜ਼ਾ ਨੂੰ ਤਿੱਤਰ ਹੋਣ ਦਾ ਪਤਾ ਦਿਨ ਵਿੱਚ ਤਿੰਨ-ਚਾਰ ਵਾਰ ਰੋਜ਼ ਲੱਗਦਾ ਹੋਵੇਗਾ”।ਸਭਾ ਵਿੱਚ ਹਾਸੇ ਦਾ ਮਾਹੌਲ ਬਣਗਿਆ। ਸ਼ਰਮਾਉਂਦੀ ਹੋਈ ਭੇਡ ਨੇ ਇਸ ਮਾਹੌਲ ਦਾ ਫਾਇਦਾ ਉਠਾਉਂਦੇ ਹੋਏ ਇੱਕਦਮ ਸਚਾਈ ਪੇਸ਼ ਕੀਤੀ,”ਭੇਡ ਚਾਲ” ਬਾਰੇ ਭੇਡ ਬੋਲੀ,”ਕਰੋਨਾ ਦੇ ਇਲਾਜ ਕਰਨ ਲਈ, ਹੱਥ-ਥੌਲੇ, ਦੇਸ਼ੀ ਦਵਾਈਆਂ,ਧਾਗੇ ਤਵੀਤ, ਕੌਲੀਆਂ ਤੇ ਥਾਲ ਖੜਕਾਉਂਣ ਵਾਲੇ ਲੋਕਾਂ ਨੇ ਖੁਦ ਭੇਡਾਂ ਬਣਕੇ ਆਪਣਾ ਅਸਲੀ ਰੂਪ ਵਿਖਾਇਆ ਸੀ “। ਭੇਡ ਦੀ ਗੱਲ ਨਾਲ ਸਭ ਨੇ ਸਿਰ ਹਿਲਾ ਕੇ ਆਪਣੀ ਹਾਮੀਂ ਭਰੀ। ਜਦੋਂ ਗਊ ਦੀ ਵਾਰੀ ਆਈ ਤਾਂ ਉਸਦੇ ਸਤਿਕਾਰ ਵਿੱਚ ਸਮੁੱਚੀ ਸਭਾ ਸ਼ਾਂਤ ਹੋ ਕੇ ਗਊ ਨੂੰ ਸੁਣਨ ਲੱਗੀ, “ਗਊ ਬੰਦੇ” ਇਸ ਬਾਰੇ ਗਊ ਬੋਲੀ,” ਲੋਕਾਂ ਦਿਆਂ ਘਰਾਂ ਦੇ ਦਰਵਾਜ਼ਿਆਂ ਤੇ ਬਿਨ੍ਹਾਂ ਕਿਸੇ ਸਵਾਰਥ ਦੇ ਸੇਵਾ ਕਰਨ ਵਾਲੇ ਅਨੇਕਾਂ ਹੀ ਸਮਾਜ-ਸੇਵੀ ਜੋ ਲੰਗਰ,ਰਾਸ਼ਣ,ਪੈਸਾ,ਕੱਪੜਾ ਤੇ ਦਵਾਈਆਂ ਲੈਕੇ ਲੋਕਾਂ ਦੇ ਬੂਹੇ ਤੇ ਆਣ ਮਦਦ ਕਰਨ ਲਈ ਆਵਾਜ ਲਗਾਉਂਦੇ ਸਨ, ਅਜਿਹੇ ਅਨੇਕਾਂ ਗਊ ਲੋਕਾਂ ਨੂੰ ਲੋਕਾਂ ਨੇ ਆਪਣੇ ਅੱਖੀਂ ਵੇਖਿਆ ਹੋਵੇਗਾ”।

“ਬਲੀ ਦਾ ਬੱਕਰਾ” ਬਾਰੇ ਬੱਕਰਾ ਬੋਲਿਆ,”ਆਪਣਾ ਹੱਥ ਕਟਵਾਉਣ ਵਾਲੇ,ਤੇ ਹੋਰ ਅਨੇਕਾਂ ਡਾਕਟਰ,ਸਫ਼ਾਈ ਕਰਮਚਾਰੀ,ਪੁਲਿਸ ਕਰਮਚਾਰੀ, ਤੇ ਸਮਾਜ-ਸੇਵੀ, ਜੋ ਲੋਕਾਂ ਦੀ ਜਾਨ ਬਚਾਉਣ ਲਈ ਇਸ ਮਹਾਂਮਾਰੀ ਦੀ ਭੇਟ ਚੜ੍ਹ ਗਏ,ਉਹਨਾਂ ਦੇ ਪਰਿਵਾਰਾਂ ਨੂੰ ਪੁੱਛੋ,ਕਿ ਅਸਲ ਵਿੱਚ ਬਲੀ ਦਾ ਬੱਕਰਾ ਦੇ ਕੀ ਅਰਥ ਹੁੰਦੇ ਹਨ”। ਸਭਾ ਨੂੰ ਬੱਕਰੇ ਦੀ ਇਹ ਦਲੀਲ ਖ਼ੂਬ ਜਚੀ ਅਤੇ ਜਿਸ ਬਾਰੇ ਸਭਾ ਵਿੱਚ ਖੁਸਰ- ਫੁਸਰ ਵੀ ਹੋਣ ਲੱਗੀ।

ਬਿਲਕਦੇ ਅਤੇ ਕਰੁਣਾਮਈ ਸਵਰ ਵਿੱਚ “ਕੂੰਜਾਂ ਦੀਆਂ ਡਾਰਾਂ” ਬਾਰੇ ਕੂੰਜ ਬੋਲੀ,” ਆਪੋ-ਆਪਣੇ ਪਰਦੇਸ਼ ਪਰਤ ਰਹੇ ਅਨੇਕਾਂ ਬੁੱਢੇ,ਬੱਚੇ,ਲਾਚਾਰ, ਬਿਮਾਰ ਲੋਕਾਂ ਅਤੇ ਡਿੱਗਦੇ-ਢਹਿੰਦੇ ਸਫ਼ਰ ਕਰਦੇ ਪਰਵਾਸੀਆਂ ਦੀਆਂ ਟੁੱਕੜੀਆਂ ਤੋਂ ਪੁੱਛੋਂ ਕਿ ਕਿਵੇਂ ਰੇਲ ਪਟੜੀਆਂ ਅਤੇ ਸੜਕਾਂ ਦੇ ਹਾਦਸਿਆਂ ਦਾ ਸ਼ਿਕਾਰ ਹੁੰਦੀਆਂ ਇਹ ਕੂੰਜਾਂ ਦੀਆਂ ਡਾਰਾਂ ਕਿਹੜੇ ਵਤਨ ਪਰਤ ਰਹੀਆਂ ਹਨ।” ਆਪਣੀ ਬਾਰੀ ਆਉਣ ਦੀ ਖੁਸ਼ੀ ਵਿੱਚ ਟਪੂਸੀਆਂ ਮਾਰਦਾ ਬਾਂਦਰ ਸਭਾ ਦੇ ਵਿਚਕਾਰ ਆ ਖਲੋਤਾ ਜਿਸ ਨੂੰ ਵੇਖ ਹਰ ਕੋਈ ਹਸੇ ਬਿਨਾਂ ਨਾ ਰਹਿ ਸਕਿਆ ਪਰ ਬਾਂਦਰ ਨੇ ਜੋ ਗੱਲ ਸਭਾ ਵਿੱਚ ਕਹੀ , ਪੂਰੀ ਸਭਾ ਨੂੰ ਇਸ ਗੱਲ ਨੇ ਸੋਚਣ ਲਈ ਮਜਬੂਰ ਕਰ ਦਿੱਤਾ ਸੀ।”ਬਾਂਦਰ ਵਾਂਗ ਪੁੱਠੀਆਂ ਛਾਲਾਂ ਮਾਰਨਾ” ਬਾਰੇ ਬਾਂਦਰ ਨੇ ਕਿਹਾ,”ਸ਼ਰਾਬ ਦੇ ਠੇਕੇ ਖੁੱਲਣ ਤੇ ਸ਼ਰਾਬੀਆਂ , ਸ਼ਰਾਬ ਕਾਰੋਬਾਰੀਆਂ,ਤੇ ਬਲੈਕੀਆਂ ਨੇ ਜੋ ਅੰਦਰੋਂ-ਅੰਦਰੀ ਜਸ਼ਨ ਮਨਾਏ ਤੇ ਜੋ ਪੁੱਠੀਆਂ ਛਾਲਾਂ ਉਹਨਾਂ ਮਾਰੀਆਂ ਤੇ ਮਰਵਾਈਆਂ ਉਹ ਸਾਰਾ ਜਗ ਜਾਣਦਾ ਹੈ”।ਮਾਸੀ ਦੀ ਇਹ ਗੱਲ ਸੁਣ ਕੇ ਤਾਂ ਸਾਰੀ ਸਭਾ ਤਾੜੀਆਂ ਮਾਰੇ ਬਿਨਾਂ ਨਾ ਰਹਿ ਸਕੀ, “ਭੀਗੀ ਬਿੱਲੀ” ਬਾਰੇ ਜਦੋਂ ਬਿੱਲੀ ਨੇ ਕਿਹਾ, “ਕਰੋਨਾ ਦੇ ਡਰੋਂ ਲੋਕਾਂ ਦੇ ਹਰਮਨ ਪਿਆਰੇ ਨੇਤਾ,ਅਭਿਨੇਤਾ, ਬਹੁਤੀ ਥਾਵੀਂ ਸਰਕਾਰਾਂ,ਜੋ ਲੋਕਾਂ ਤੋਂ ਦੂਰ ਛੁੱਪ ਕੇ ਬੈਠ ਗਈਆਂ ਤੇ ਬਦਨਾਮ ਬਿੱਲੀ ਨੂੰ ਕਰ ਦਿੱਤਾ।” ਗਊ ਨੇ ਸਭ ਨੂੰ ਸ਼ਾਂਤ ਰਹਿਣ ਦਾ ਇਸ਼ਾਰਾ ਕੀਤਾ ਕਿਉਂਕਿ ਹੁਣ ਵਾਰੀ ਉਜੜੇ ਬਾਗਾਂ ਦੀ ਪਟਵਾਰਨ ਕਾਂਟੋ ਦੀ ਸੀ, “ਕਾਟੋ ਕਲੇਸ਼” ਤੇ ਕਾਟੋ ਬੋਲੀ,”ਕਰੋਨਾ ਕਰਕੇ ਲੋਕਾਂ ਦੀ ਕੀਤੀ ਮਦਦ ਦਾ, ਵੋਟਾਂ ਲਈ ਰਾਜਨੀਤਿਕ ਲਾਹਾ ਲੈਣ ਲਈ, ਸਾਰੀਆਂ ਪਾਰਟੀਆਂ ਇੱਕ ਦੂਜੇ ਤੇ ਦੂਸ਼ਣ ਲਾਕੇ, ਬਦਨਾਮੀ ਕਰਕੇ ,ਦੁਨੀਆਂ ਨੂੰ ਆਪਣਾ ਹੀ ਕਾਟੋ ਕਲੇਸ਼ ਵਿਖਾ ਰਹੀਆਂ ਹਨ”।

“ਬਾਜ਼ ਵਾਲੀ ਅੱਖ”ਤੇ ਬਾਜ਼ ਬੋਲਿਆ,”ਵੱਡੇ ਕਾਰੋਬਾਰੀਆਂ ਨੇ ਛੋਟੇ ਦੁਕਾਨਦਾਰਾਂ ਅਤੇ ਆਮ ਲੋਕਾਂ ਦੀਆਂ ਜੇਬਾਂ ਤੇ ਤਿੱਖੀ ਅੱਖ ਰੱਖੀ ਹੋਈ ਹੈ।ਮਜ਼ਬੂਰੀ ਦਾ ਫਾਇਦਾ ਉਠਾ ਕੇ ਉਹਨ੍ਹਾਂ ਸਟੋਰਾਂ ਤੇ ਪਿਆ ਰੱਦੀ ਤੋਂ ਰੱਦੀ ਸਮਾਨ ਵੀ ਫੁੱਲ-ਮੁਨਾਫ਼ੇ ਤੇ ਵੇਚਿਆ ਅਤੇ ਅਜੇ ਤਾਂ ਹੋਰ ਵੀ ਲੁੱਟ ਮਚਾਉਣ ਲਈ ਬਾਜ਼ ਵਾਲੀ ਅੱਖ ਲਾਈ ਲੋਕਾਂ ਨੂੰ ਡਰਾ ਰਹੇ ਹਨ।”

“ਕੀੜੇ ਮਕੌੜੇ ” ਬਾਰੇ ਕੀੜਾ ਬੋਲਿਆ,”ਇਲਾਜ ਹੱਥੋਂ ਤੜਫ਼ਦੇ ਲੱਖਾਂ ਮਰੀਜ਼,ਭੁੱਖੇ ਮਰਦੇ ਮਨੁੱਖ, ਪਸ਼ੂ, ਪੰਛੀ ,ਲੋੜਵੰਦ ਗਰਭਵਤੀ ਔਰਤਾਂ,ਬੱਚੇ, ਘਰ ਪਰਤ ਰਹੇ ਬੇਸਹਾਰਾ ਹਜ਼ਾਰਾਂ ਰਾਹਗੀਰ, ਸੜਕਾਂ ਤੇ ਪਟੜੀਆਂ ਤੇ ਰੁੱਲ ਰਹੇ ਇਹ ਲੋਕ ,ਕੀੜੇ ਮਕੌੜੇ ਹੀ ਤਾਂ ਹਨ ਵਿਚਾਰੇ।”

“ਸਿਆਣਾਂ ਕਾਂ ” ਬਾਰੇ ਬੋਲਦੇ ਕਾਂ ਨੇ ਕਿਹਾ,”ਭਾਈ ਆਪਾਂ ਮਨੁੱਖ ਨਾਲ ਰਲ ਕੇ ਵੀ ਰਹਿਣਾ ਹੈ। ਆਪਣੀਆਂ ਕੀਤੀਆ ਗੱਲਾਂ ਕਿਤੇ ਮਨੁੱਖ ਨੂੰ ਬੁਰੀਆਂ ਹੀ ਨਾ ਲੱਗ ਜਾਣ, ਸਿਆਣੇ ਬਣੋਂ ਮਨੁੱਖ ਹੁਣ ਮੁਸੀਬਤ ਦੀ ਘੜੀ ਵਿੱਚੋਂ ਗੁਜਰ ਰਿਹਾ ਹੈ। ਰੱਬ ਦਾ ਸ਼ੁੱਕਰ ਕਰੋ ਕਿ ਇਹ ਮਹਾਂਮਾਰੀ ਸਾਡੇ ਪਸ਼ੂ ਪੰਛੀਆਂ ਵਿੱਚ ਨਹੀਂ ਫੈਲੀ, ਆਓ ਆਪਾਂ ਰਲ਼ ਕੇ ਮਨੁੱਖਤਾ ਦੀ ਭਲਾਈ ਲਈ ਪ੍ਰਮਾਤਮਾ ਅੱਗੇ ਅਰਦਾਸ ਕਰੀਏ ਤੇ ਸਰਬੱਤ ਦਾ ਭਲਾ ਮੰਗੀਏ ,ਤੇ ਸਭਾ ਸਮਾਪਤ ਕਰਕੇ ਆਪੋ-ਆਪਣੇ ਘਰ ਚੱਲੀਏ, ਆਖਿਰ ਸਭਾ ਦੀ ਸਮਾਪਤੀ ਤੇ ਸਭ ਨੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਤੇ ਆਪੋ-ਆਪਣੇ ਘਰ ਚਲੇ ਗਏ ।

– ਸੰਦੀਪ ਸਿੰਘ ਬਖੋਪੀਰ
ਸੰਪਰਕ:- 98153-21017

Previous articleਨੀਲੇ ਕਾਰਡ ਕੱਟੇ ਜਾਣ ਦੇ ਵਿਰੋਧ ‘ਚ ਪੈਟਰੋਲ ਲੈ ਕੇ ਚੜੇ ਟੈਂਕੀ ‘ਤੇ ‘ਪ੍ਰਦਰਸ਼ਨਕਾਰੀ
Next articleਸਾਹਿਤਕਾਰ ਰਾਮਧਨ ਨਾਂਗਲੂ ਜੀ ਦੇ ਰਚੇ ਸਾਹਿਤ ਤੇ ਕਰਵਾਈ ਜਾਵੇਗੀ ਵਿਚਾਰ ਗੋਸ਼ਟੀ – ਰੋਸ਼ਨ ਲਾਲ ਭਾਰਤੀ