ਮੋਗਾ– ਦੁਨੀਆਂ ਭਰ ਵਿੱਚ ਗੰਭੀਰ ਸੰਕਟ ਬਣੇ ਕਰੋਨਾਵਾਇਰਸ ਦੇ ਸੰਭਾਵੀ ਖਤਰਿਆਂ ਨਾਲ ਨਜਿੱਠਣ ਲਈ ਇਥੇ ਸ਼ਹਿਰ ਦੀ ਪੌਸ਼ ਕਲੋਨੀ ਰਾਜਿੰਦਰਾ ਅਸਟੇਟ ਵਿੱਚ ਮੌਕ ਡਰਿੱਲ ਦੌਰਾਨ ਵੱਡੀ ਗਿਣਤੀ ’ਚ ਪਹੁੰਚੀ ਪੁਲੀਸ, ਸਿਹਤ ਵਿਭਾਗ ਦੀਆਂ ਟੀਮਾਂ ਤੋਂ ਇਲਾਵਾ ਖੁਰਾਕ ਤੇ ਸਿਵਲ ਸਪਲਾਈਜ਼ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੀਆਂ ਗੱਡੀਆਂ ਦੀ ਸ਼ੂਟ ਅਤੇ ਇਸ ਕਲੋਨੀ ’ਚੋਂ ਸ਼ੱਕੀ ਮਰੀਜ਼ ਮਿਲਣ ਦੀ ਸਰਕਾਰੀ ਜੀਪ ਰਾਹੀਂ ਮੁਨਾਦੀ ਕਾਰਨ ਲੋਕਾਂ ਵਿੱਚ ਦਹਿਸ਼ਤ ਫੈਲ ਗਈ। ਸਹਾਇਕ ਸਿਵਲ ਸਰਜਨ ਡਾ. ਜਸਵੰਤ ਸਿੰਘ ਨੇ ਕਿਹਾ ਕਿ ਲੋਕਾਂ ਨੂੰ ਇਸ ਬਿਮਾਰੀ ਤੋਂ ਸੁਚੇਤ ਕਰਨ ਲਈ ਡੱਮੀ ਮੁਨਾਦੀ ਕਰਵਾਈ ਗਈ ਹੈ। ਸਿਹਤ ਵਿਭਾਗ ਦੇ ਕਾਮੇ ਪੁਲੀਸ ਦੀ ਜੀਪ ਵਿੱਚ ਇਹ ਮੁਨਾਦੀ ਦੌਰਾਨ ਲੋਕਾਂ ਨੂੰ ਸੁਚੇਤ ਕਰਦੇ ਕਿਹਾ ਜਾ ਰਿਹਾ ਹੈ ਕਿ ਰਾਜਿੰਦਰਾ ਅਸਟੇਟ ’ਚੋਂ ਮਿਲੇ ਸ਼ੱਕੀ ਮਰੀਜ਼ ਕਾਰਨ ਇਲਾਕੇ ਨੂੰ ਸੀਲ ਕੀਤਾ ਗਿਆ ਹੈ ਅਤੇ ਮਰੀਜ਼ ਨੂੰ ਸਿਵਲ ਹਸਪਤਾਲ ਦਾਖਲ ਕਰਵਾ ਦਿੱਤਾ ਗਿਆ ਹੈ। ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂ। ਡਿਪਟੀ ਕਮਿਸ਼ਨਰ ਕੁਮਾਰ ਸੌਰਬ ਰਾਜ ਨੇ ਕਰੋਨਾਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਜ਼ਿਲ੍ਹਾ ਟਾਸਕ ਫੋਰਸ ਦਾ ਗਠਨ ਅਤੇ ਕੰਟਰੋਲ ਰੂਮ ਸਥਾਪਿਤ ਕਰਨ ਦੇ ਦਿਸ਼ਾ ਨਿਰਦੇਸ਼ ਵੀ ਜਾਰੀ ਕੀਤੇ। ਮੀਟਿੰਗ ਵਿੱਚ ਉਪ ਮੰਡਲ ਮੈਜਿਸਟ੍ਰੇਟ ਸਤਵੰਤ ਸਿੰਘ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸੁਭਾਸ਼ ਚੰਦਰ, ਵਧੀਕ ਡਿਪਟੀ ਕਮਿਸ਼ਨਰ (ਜਨਰਲ) ਸ੍ਰੀਮਤੀ ਅਨੀਤਾ ਦਰਸ਼ੀ, ਉਪ ਮੰਡਲ ਮੈਜਿਸਟ੍ਰੇਟ ਨਿਹਾਲ ਸਿੰਘ ਵਾਲਾ ਰਾਮ ਸਿੰਘ, ਉਪ ਮੰਡਲ ਮੈਜਿਸਟ੍ਰੇਟ ਬਾਘਾਪੁਰਾਣਾ ਸਵਰਨਜੀਤ ਕੌਰ, ਡਾ. ਅੰਦੇਸ਼ ਸਿਵਲ ਸਰਜਨ , ਡਾ. ਮਨੀਸ਼ ਅਰੋੜਾ ਜ਼ਿਲ੍ਹਾ ਐਪੀਡਮੀਨੋਲੌਜਿਸਟ ਜਨਰਲ ਮੈਨੇਜਰ ਡੀਆਈਸੀ. ਰਾਜਨ ਅਰੋੜਾ, ਡੀਐਸ. ਤੂਰ ਸੀਨੀਅਰ ਐਕਸੀਅਨ ਪਾਵਰਕੌਮ, ਡਿਪਟੀ ਜ਼ਿਲ੍ਹਾ ਸਿੱਖਿਆ ਅਫ਼ਸਰ (ਐ) ਪਰਗਟ ਸਿੰਘ ਅਤੇ ਸਮੂਹ ਨਗਰ ਪੰਚਾਇਤਾਂ ਦੇ ਕਾਰਜਸਾਧਕ ਅਫ਼ਸਰ ਹਾਜ਼ਰ ਸਨ।ਡਿਪਟੀ ਕਮਿਸ਼ਨਰ ਨੇ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਦੱਸਿਆ ਕਿ ਹਾਲੇ ਪੰਜਾਬ ਵਿੱਚ ਇਸਦਾ ਅਸਰ ਨਾ ਮਾਤਰ ਹੈ ਪਰ ਸਾਨੂੰ ਫਿਰ ਵੀ ਇਸ ਤੋਂ ਬਚਣ ਲਈ ਬਹੁਤ ਸਾਵਧਾਨੀ ਨਾਲ ਸਮਾਜ ਵਿੱਚ ਵਿਚਰਣ ਦੀ ਲੋੜ ਹੈ। ਉਨ੍ਹਾਂ ਮੀਟਿੰਗ ’ਚ ਕਿਹਾ ਕਿ ਹੱਥ ਮਿਲਾਉਣ ਦੀ ਜਗ੍ਹਾ ਹੈਲੋ ਹਾਏ ਨੂੰ ਹੀ ਪਹਿਲ ਦਿੱਤੀ ਜਾਵੇ। ਉਨ੍ਹਾਂ ਖੁਰਾਕ ਸਿਵਲ ਸਪਲਾਈਜ਼ ਵਿਭਾਗ ਦੇ ਅਧਿਕਾਰੀਆਂ ਨੂੰ ਭੋਜਨ, ਗਰੋਸਰੀ, ਡੇਲੀ ਜ਼ਰੂਰਤ ਵਾਲੀਆਂ ਵਸਤੂਆਂ, ਦੁੱਧ, ਐਲਪੀਜੀ ਆਦਿ ਦੀ ਨਿਰੰਤਰ ਸਪਲਾਈ ਨੂੰ ਮੌਕ ਡਰਿੱਲ ਵਿੱਚ ਸ਼ਾਮਲ ਕਰਕੇ ਯਕੀਨੀ ਬਣਾਉਣ ਦੇ ਨਿਰਦੇਸ਼ ਵੀ ਦਿੱਤੇ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਮੌਕ ਡਰਿੱਲ ਵਿੱਚ ਕੰਟੇਨਟਮੈਟ ਜ਼ੋਨ ਅਤੇ ਬਫਰ ਜ਼ੋਨ ਬਣਾਏ ਜਾਣਗੇ। ਕੰਟੇਨਮੈਟ ਜ਼ੋਨ ਵਿੱਚ ਉਹ ਏਰੀਆ ਆਵੇਗਾ ਜਿੱਥੇ ਕਰੋਨਾ ਦਾ ਪ੍ਰਭਾਵ ਹੈ ਅਤੇ ਬਫਰ ਜ਼ੋਨ ਵਿੱਚ ਸਿਹਤ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਟੀਮਾਂ ਹੋਣਗੀਆਂ ਜਿਹੜੀਆਂ ਕਿ ਅਜਿਹੀ ਸਥਿਤੀ ਨਾਲ ਨਜਿੱਠਣ ਲਈ ਕੰਟੇਨਮੈਂਟ ਏਰੀਏ ਦੇ ਲੋਕਾਂ ਦੀ ਸਹਾਇਤਾ ਕਰਨਗੀਆਂ। ਉਨ੍ਹਾਂ ਕਿਹਾ ਕਿ ਜੇ ਕੋਈ ਵੀ ਵਿਅਕਤੀ ਪਿਛਲੇ 30 ਦਿਨਾਂ ’ਚ ਚੀਨ, ਸਾਊਥ ਕੋਰੀਆ, ਜਾਪਾਨ, ਇਰਾਨ, ਇਟਲੀ, ਹਾਂਗਕਾਂਗ, ਮਕਾਊ, ਵਿਅਤਨਾਮ, ਮਲੇਸ਼ੀਆ, ਇੰਡੋਨੇਸ਼ੀਆ, ਥਾਈਲੈਂਡ ਨੇਪਾਲ ਤੇ ਸਿੰਗਾਪੁਰ ਆਦਿ ਦੇਸ਼ਾਂ ਦਾ ਦੌਰਾ ਕਰਕੇ ਆਇਆ ਹੈ ਤਾਂ ਉਹ 14 ਦਿਨ ਲਈ ਆਪਣੇ ਘਰ ਵਿੱਚ ਰਹੇ। ਉਸ ਵੱਲੋਂ ਕਿਸੇ ਤਰ੍ਹਾਂ ਦੇ ਸਫ਼ਰ ’ਤੇ ਕਿਸੇ ਸਮਾਗਮ ’ਚ ਸ਼ਮੂਲੀਅਤ ਨਾ ਕੀਤੀ ਜਾਵੇ ਤੇ ਡਾਕਟਰੀ ਸਲਾਹ ਅਨੁਸਾਰ ਆਪਣਾ ਚੈਕਅੱਪ ਕਰਵਾਇਆ ਜਾਵੇ।
INDIA ਕਰੋਨਾ: ਪੁਲੀਸ ਤੇ ਸਿਹਤ ਵਿਭਾਗ ਨੇ ਕੀਤੀ ਮੌਕ ਡਰਿੱਲ