ਫਿਲੌਰ ਸ਼ਹਿਰ ਵਿੱਚ ਬਣਾਇਆ ਜਾਵੇ ਮੈਡੀਕਲ ਸਹੂਲਤਾਂ ਨਾਲ ਲੈੱਸ ਕੋਵਿਡ ਆਈਸੋਲੇਸ਼ਨ ਕੇਂਦਰ- ਦਮਨਵੀਰ ਫਿਲੌਰ
ਅੱਪਰਾ, ਸਮਾਜ ਵੀਕਲੀ- ਅੱਜ ਦਮਨਵੀਰ ਸਿੰਘ ਫਿਲੌਰ ( ਪ੍ਰਧਾਨ ਫਿਲੌਰ ਪੀਪਲਜ ਫ਼ੋਰਮ) ਵਲੋਂ ਇੱਕ ਪ੍ਰੈਸ ਨੋਟ ਜਾਰੀ ਕਰਦਿਆਂ ਕਿਹਾ ਕਿ ਕਰੋਨਾ ਦੀ ਦੂਸਰੀ ਲਹਿਰ ਦੇ ਆਉਣ ਨਾਲ ਸਾਡੇ ਦੇਸ਼ ਦਾ ਪੂਰਾ ਸਿਹਤ ਢਾਂਚਾ ਕਰੈਸ਼ ਕਰ ਗਿਆ ਅਤੇ ਸਰਕਾਰਾ ਦੇ ਸਿਹਤ ਸਹੂਲਤਾਂ ਅਤੇ ਪੑਬੰਦਾ ਦੀ ਪੋਲ ਖੁੱਲ ਗਈ। ਇਸਦਾ ਖਮਿਆਜਾ ਭਾਰਤੀ ਲੋਕਾਂ ਨੂੰ ਹਸਪਤਾਲਾਂ ਵਿੱਚ ਆਕਸੀਜਨ ਤੇ ਬੈੱਡ ਨਾ ਮਿਲਣ ਤੋਂ ਲੈ ਕੇ ਦਵਾਈਆਂ ਦੀ ਕੀਮਤ ਤੋਂ ਮਹਿੰਗਾ ਰੇਟ ਤੇ ਐਮਬੂਲੈਂਸ ਦੀ ਲੁੱਟ ਨਾਲ ਭੁਗਤਣਾ ਪੈ ਰਿਹਾ ਹੈ।
ਇਨਸਾਨੀ ਕਦਰਾਂ ਕੀਮਤਾਂ ਏਥੋਂ ਤੱਕ ਗਿਰ ਗਈਆ ਜਦੋਂ ਆਮ ਲੋਕਾਂ ਨੂੰ ਕਈ ਰਾਜਾਂ ਵਿੱਚ 20000-20000 ਰੁਪਏ ਦੇ ਕੇ ਆਪਣੇ ਕਰੀਬੀਆ ਦਾ ਸ਼ਮਸ਼ਾਨਘਾਟਾ ਵਿੱਚ ਸੰਸਕਾਰ ਕਰਨਾ ਪਿਆ।ਹਾਲਾਤ ਇਹ ਹਨ ਕਿ ਅੱਜ ਪੂਰੀ ਦੁਨੀਆ ਵਿੱਚ ਸਭ ਤੋਂ ਮਾੜੇ ਹਾਲਤ ਭਾਰਤ ਦੇਸ਼ ਦੇ ਹਨ ਤੇ ਹਾਲੇ ਵੀ ਕੋਈ ਸਥਿਤੀ ਨੂੰ ਕਾਬੂ ਕਰਨ ਵਾਸਤੇ ਵੱਡੇ ਫੈਂਸਲੇ ਨਜ਼ਰ ਨਹੀਂ ਆ ਰਹੇ।ਉਹਨਾਂ ਪੰਜਾਬ ਦੀ ਗੱਲ ਰੱਖਦਿਆਂ ਆਖਿਆ ਕਿ ਪੰਜਾਬ ਵਿੱਚ ਵੀ ਸਰਕਾਰੀ ਡਾਟੇ ਅਨੁਸਾਰ ਕਰੀਬ 10000 ਕੇਸ ਰੋਜ਼ ਆ ਰਹੇ ਹਨ ਜੋ ਕਿ ਬਹੁਤ ਜ਼ਿਆਦਾ ਹਨ।ਇਹਨਾਂ ਕੇਸਾਂ ਨੂੰ ਸੁਲਝਾਉਣ ਵਾਸਤੇ ਸਾਨੂੰ ਹੋਰ ਵੱਡਾ ਸਿਹਤ ਢਾਂਚਾ ਜਿਸ ਵਿੱਚ ਆਕਸੀਜਨ ਅਤੇ ਦਵਾਈਆਂ ਦੀ ਵਾਧੂ ਲੋੜ ਪਵੇਗੀ।
ਫਿਲੌਰ ਹਲਕੇ ਵੱਲ ਖਾਸ ਧਿਆਨ ਦਵਾਉਂਦਿਆ ਓਹਨਾਂ ਆਖਿਆ ਕਿ ਪੰਜਾਬ ਸਰਕਾਰ ਨੂੰ ਫੋਰਨ ਤੌਰ ਤੇ ਫਿਲੌਰ ਸ਼ਹਿਰ ਦੇ ਵਿੱਚ ਕੋਵਿਡ ਆਈਸੋਲੇਸ਼ਨ ਕੇਂਦਰ ਬਣਾਉਣਾ ਚਾਹੀਦਾ ਹੈ ਜੋ ਮੈਡੀਕਲ ਸਹੂਲਤਾਂ ਨਾਲ ਲੈਸ ਹੋਵੇ।ਫਿਲੌਰ ਸ਼ਹਿਰ ਦੀ ਅਬਾਦੀ ਬਹੁਤ ਸੰਘਣੀ ਹੈ ਤੇ ਕਈ ਗਰੀਬ ਪਰਿਵਾਰ ਇੱਕ ਜਾ ਦੋ ਕਮਰੇ ਦੇ ਘਰ ਵਿੱਚ ਗੁਜਾਰਾ ਕਰ ਰਹੇ ਹਨ, ਜਿਸ ਨਾਲ ਕਰੋਨਾ ਫੈਲਣ ਦਾ ਖ਼ਤਰਾ ਹੋਰ ਵੱਧ ਜਾਂਦਾ ਹੈ ਅਤੇ ਘਰ ਇਕਾਂਸਵਾਸ ਹੋਣਾ ਨਾਮੁਨਕਿਨ ਹੋ ਜਾਂਦਾ ਹੈ।ਉਹਨਾਂ ਕਿਹਾ ਕਿ ਸਿਹਤ ਹਰ ਵਿਅਕਤੀ ਦਾ ਮੁੱਢਲਾ ਅਧਿਕਾਰ ਹੈ ਅਤੇ ਨਾਗਰਿਕ ਦਾ ਇਹਨਾਂ ਮੁਢਲੀਆਂ ਸਹੂਲਤਾਂ ਤੋਂ ਵੀ ਵਾਂਝਾ ਹੋਣਾ ਸਿਸਟਮ ਉਪਰ ਸਵਾਲੀਆਂ ਚਿੰਨ ਖੜੇ ਕਰਦਾ ਹੈ।
ਉਹਨਾਂ ਸਰਕਾਰ ਕੋਲੋਂ ਜੋਰ ਦੇ ਕੇ ਮੰਗ ਕੀਤੀ ਕਿ ਕਰੋਨਾ ਇਕ ਘੋਸ਼ਿਤ ਮਹਾਮਾਰੀ ਹੈ ਜਿਸ ਨੂੰ ਦੇਖਦੇ ਹੋਏ ਸਰਕਾਰ ਨੂੰ ਕਿਸੇ ਵੀ ਸਰਕਾਰੀ ਜਾ ਪ੍ਰਾਈਵੇਟ ਹਸਪਤਾਲ ਵਿੱਚ ਕਰੋਨਾ ਮਰੀਜਾਂ ਦਾ ਇਲਾਜ ਮੁਫ਼ਤ ਕਰ ਦੇਣਾ ਚਾਹੀਦਾ ਹੈ।ਉਹਨਾਂ ਐਮਬੂਲੈਂਸ ਮਾਲਕਾਂ ਵਲੋਂ ਵੀ ਮਚਾਈ ਹੋਈ ਲੁੱਟ ਦੇ ਡੂੰਘਾ ਅਫਸੋਸ ਜਤਾਇਆ ਤੇ ਆਖਿਆ ਕਿ ਇਸ ਸਮੇਂ ਅਜਿਹੇ ਲੋਕਾਂ ਨੂੰ ਡੁੱਬ ਕੇ ਮਰ ਜਾਣਾ ਚਾਹੀਦਾ ਹੈ।ਅੰਤ ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਮਾਸਕ ਸਹੀ ਤਰੀਕੇ ਨਾਲ ਪਹਿਨੋ, ਹੱਥ ਵਾਰ ਵਾਰ ਸਾਬਣ ਨਾਲ ਧੋਵੋ ਅਤੇ ਸਮਾਜਿਕ ਦੂਰੀ ਬਣਾਈ ਰੱਖੋ ਤਾਂ ਜੋ ਇਸ ਬਿਮਾਰੀ ਨੂੰ ਫੈਲਣ ਤੋਂ ਰੋਕਿਆ ਜਾ ਸਕੇ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly