ਮਾਨਸਾ (ਔਲਖ) (ਸਮਾਜ ਵੀਕਲੀ) : ਅੱਜ ਨੰਗਲ ਕਲਾਂ ਵਿਖੇ ਵਿਲੇਜ ਹੈਲਥ ਸੈਨੀਟੇਸ਼ਨ ਐਂਡ ਨਿਉਟਰੀਸ਼ਨ ਕਮੇਟੀ ਦੀ ਮੀਟਿੰਗ ਪ੍ਰਧਾਨ ਸੈਕਟਰੀ ਅਤੇ ਸਰਪੰਚ ਦੀ ਅਗਵਾਈ ਵਿੱਚ ਹੋਈ। ਮੀਟਿੰਗ ਵਿੱਚ ਚਰਚਾ ਦਾ ਵਿਸ਼ਾ ਵੱਧ ਰਹੇ ਕਰੋਨਾ ਪਾਜ਼ਿਟਿਵ ਕੇਸਾਂ ਦੇ ਮੱਦੇਨਜ਼ਰ ਪਿੰਡ ਵਿੱਚ ਲੋਕਾਂ ਨੂੰ ਖਾਸ ਅਹਿਤਿਆਤ ਵਰਤਣ ਲਈ ਜਾਗਰੂਕ ਕਰਨਾ ਰਿਹਾ।
ਜ਼ਿਕਰਯੋਗ ਹੈ ਕਿ 18 ਅਗਸਤ ਨੂੰ ਪਿੰਡ ਦਾ ਨੌਜਵਾਨ ਜੋ ਕਿ ਪੰਜਾਬ ਪੁਲਿਸ ਵਿੱਚ ਥਾਣਾ ਜੋਗਾ ਵਿਖੇ ਤੈਨਾਤ ਹੈ ਕਰੋਨਾ ਪਾਜ਼ਿਟਿਵ ਆਇਆ ਹੈ। ਸਿਹਤ ਵਿਭਾਗ ਦੀ ਟੀਮ ਵੱਲੋਂ ਮਰੀਜ਼ ਦੇ ਹੋਰ ਪਰਿਵਾਰਕ ਮੈਂਬਰਾਂ ਨੂੰ ਵੀ ਇਕਾਂਤਵਾਸ ਰਹਿਣ ਅਤੇ ਕਰੋਨਾ ਟੈਸਟ ( ਆਰ. ਟੀ.-ਪੀ. ਸੀ. ਆਰ.) ਕਰਵਾਉਣ ਲਈ ਪ੍ਰੇਰਿਤ ਕੀਤਾ ਗਿਆ ਹੈ।
ਇਸ ਤੋਂ ਇਲਾਵਾ ਹੋਰ ਸੰਪਰਕ ਵਿੱਚ ਆਉਣ ਵਾਲੇ ਵਿਅਕਤੀਆਂ ਦੀ ਸ਼ਨਾਖਤ ਕੀਤੀ ਜਾ ਰਹੀ ਹੈ ਤਾਂ ਕਿ ਬਿਮਾਰੀ ਦੀ ਛੂਤ ਅੱਗੇ ਨਾ ਫੈਲ ਸਕੇ। ਚਾਨਣ ਦੀਪ ਸਿੰਘ ਨੇ ਦੱਸਿਆ ਕਿ ਇੱਕ ਪਾਸੇ ਮਰੀਜ਼ਾਂ ਦੀ ਗਿਣਤੀ ਵਧ ਰਹੀ ਹੈ ਦੂਜੇ ਪਾਸੇ ਲੋਕ ਅਵੇਸਲੇ ਹੋ ਰਹੇ ਹਨ। ਸਾਨੂੰ ਇਸ ਬਿਮਾਰੀ ਤੋਂ ਆਪਣੇ ਆਪ ਅਤੇ ਸਮਾਜ ਨੂੰ ਬਚਾਉਣ ਲਈ ਜ਼ਰੂਰੀ ਸਾਵਧਾਨੀਆਂ ਜਿਵੇਂ ਸਮਾਜਿਕ ਦੂਰੀ, ਵਾਰ ਵਾਰ ਹੱਥ ਧੋਣਾ, ਮਾਸਕ ਪਹਿਨਣਾ ਆਦਿ ਲਾਜ਼ਮੀ ਤੌਰ ਤੇ ਵਰਤਣੀਆਂ ਚਾਹੀਦੀਆਂ ਹਨ।
ਪਰਮਜੀਤ ਸਿੰਘ ਸਰਪੰਚ ਨੇ ਸਿਹਤ ਟੀਮ ਦਾ ਹਰ ਸੰਭਵ ਸਹਿਯੋਗ ਦੇਣ ਦਾ ਵਾਅਦਾ ਕੀਤਾ। ਇਸ ਮੌਕੇ ਰਮਨਦੀਪ ਕੌਰ ਏ ਐਨ ਐਮ, ਬਲਜੀਤ ਕੌਰ ਆਸ਼ਾ ਫੈਸੀਲੇਟਰ, ਕੁਲਦੀਪ ਸਿੰਘ, ਅਮਰਜੀਤ ਕੌਰ, ਕਰਮਜੀਤ ਕੌਰ, ਵੀਰਪਾਲ ਕੌਰ, ਗਗਨਦੀਪ, ਸੁਖਪਾਲ ਕੌਰ, ਗੀਤਾ ਰਾਣੀ ਆਦਿ ਹਾਜ਼ਰ ਸਨ।