ਲੁਧਿਆਣਾ (ਸਮਾਜਵੀਕਲੀ) – ਚਾਲੀ ਦਿਨ ਪਹਿਲਾਂ ਤੱਕ ਰੋਜ਼ਾਨਾ 8 ਘੰਟੇ ਕੰਮ ਕਰ ਕੇ 750 ਰੁਪਏ ਕਮਾਉਣ ਤੇ ‘ਮਿਸਤਰੀ ਜੀ ਮਿਸਤਰੀ ਜੀ’ ਅਖਵਾਉਣ ਵਾਲਾ ਹਰਨੇਕ ਸਿੰਘ ਅੱਜ ਮੰਗਤਿਆਂ ਵਾਂਗ ਕਦੇ ਗੁਰਦੁਆਰੇ ਤੇ ਕਦੇ ਗ਼ੈਰ-ਸਰਕਾਰੀ ਸੰਸਥਾਵਾਂ ਵੱਲੋਂ ਲਗਾਏ ਲੰਗਰਾਂ ਵਿੱਚੋਂ ਰੋਟੀ ਖਾਣ ਲਈ ਮੁਥਾਜ ਹੈ।
ਅਜਿਹਾ ਹੀ ਹਾਲ ਸਨਅਤੀ ਸ਼ਹਿਰ ਵਿੱਚ ਲੱਖਾਂ ਦੀ ਗਿਣਤੀ ’ਚ ਰਹਿੰਦੇ ਦਿਹਾੜੀਦਾਰ ਮਜ਼ਦੂਰਾਂ ਦਾ ਹੈ ਜਿਨ੍ਹਾਂ ਨੂੰ ਚਾਲੀ ਦਿਨਾਂ ਵਿੱਚ ਹੀ ਕਰੋਨਾ ਨੇ ਰੁਆ ਛੱਡਿਆ ਹੈ। ਕਦੇ ਰਾਸ਼ਨ ਲੈਣ ਲਈ ਕਤਾਰਾਂ ਵਿੱਚ ਲੱਗ ਰਹੇ ਹਨ ਤੇ ਕਦੇ ਲੰਗਰ ਲੈਣ ਲਈ। ਕੌਮਾਂਤਰੀ ਮਜ਼ਦੂਰ ਦਿਹਾੜੇ ਦੀ ਪੂਰਬਲੀ ਸੰਧਿਆ ਸਨਅਤੀ ਸ਼ਹਿਰ ਦੇ ਵੱਖ ਵੱਖ ਚੌਂਕਾਂ ਵਿੱਚ ਲੰਗਰ ਦੀ ਉਡੀਕ ਵਿੱਚ ਖੜ੍ਹੇ ਮਜ਼ਦੂਰਾਂ ਤੇ ਦਿਹਾੜੀਦਾਰਾਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਆਂਦਰਾਂ ਹਿਲਾਉਣ ਵਾਲੀਆਂ ਗੱਲਾਂ ਕਹੀਆਂ।
ਇਥੋਂ ਨੇੜਲੇ ਪਿੰਡ ਧਾਂਦਰਾ ਵਿੱਚ ਰਹਿਣ ਵਾਲੇ ਹਰਨੇਕ ਨੇ ਦੱਸਿਆ ਕਿ ਉਹ 10 ਸਾਲਾਂ ਤੋਂ ਰਾਜ ਮਿਸਤਰੀ ਦਾ ਕੰਮ ਕਰ ਰਿਹਾ ਹੈ। ਲੌਕਡਾਊਨ/ਕਰਫਿਊ ਲੱਗਣ ਤੋਂ ਪਹਿਲਾਂ ਘਰ ਦੇ ਨੇੜੇ ਹੀ ਰੋਜ਼ਾਨਾ 750 ਰੁਪਏ ਦਿਹਾੜੀ ’ਤੇ ਕੰਮ ਕਰ ਕੇ ਪਰਿਵਾਰ ਦਾ ਵਧੀਆ ਖ਼ਰਚਾ ਚਲਾ ਰਿਹਾ ਸੀ ਪਰ ਹੁਣ ਪਿਛਲੇ 40 ਦਿਨਾਂ ਤੋਂ ਕੰਮ ’ਤੇ ਨਹੀਂ ਗਿਆ। ਜਿੰਨੇ ਵੀ ਪੈਸੇ ਜੋੜੇ ਸਨ, ਉਹ ਖ਼ਤਮ ਹੋ ਗਏ।