ਮੁਕੇਰੀਆਂ (ਸਮਾਜਵੀਕਲੀ)– ਕਰੋਨਾਵਾਇਰਸ ਨੇ ਨੇੜਲੇ ਪਿੰਡ ਮਨਸੂਰਪੁਰ ਦੇ ਅਮਰੀਕਾ ਦੇ ਨਿਊਯਾਰਕ ਵਿੱਚ ਰਹਿ ਰਹੇ ਵਿਅਕਤੀ ਦੀ ਜਾਨ ਲੈ ਲਈ। ਉਹ ਲਗਪਗ 25 ਸਾਲਾਂ ਤੋਂ ਉੱਥੇ ਰਹਿ ਰਿਹਾ ਸੀ ਅਤੇ ਦੋ ਸਾਲ ਪਹਿਲਾਂ ਹੀ ਉਸ ਦਾ ਪਰਿਵਾਰ ਪਿੰਡ ਪਰਤਿਆ ਸੀ। ਜਾਣਕਾਰੀ ਅਨੁਸਾਰ ਪਰਮਜੀਤ ਸਿੰਘ ਮੁਲਤਾਨੀ ਪੁੱਤਰ ਮਹਾਂਵੀਰ ਸਿੰਘ ਵਾਸੀ ਮਨਸੂਰਪੁਰ ਪਿਛਲੇ ਲਗਪਗ 25 ਸਾਲ ਤੋਂ ਨਿਊਯਾਰਕ ਇਲਾਕੇ ਵਿੱਚ ਰਹਿ ਰਿਹਾ ਸੀ। ਕੰਮਕਾਜ ਦੌਰਾਨ ਪਰਮਜੀਤ ਸਿੰਘ ਕੋਵਿਡ-19 ਦਾ ਸ਼ਿਕਾਰ ਹੋ ਗਿਆ ਅਤੇ ਪਿਛਲੇ ਦਿਨਾਂ ਤੋਂ ਬਿਮਾਰ ਚੱਲ ਰਿਹਾ ਸੀ। ਉਹ ਉੱਥੇ ਹਸਪਤਾਲ ਵਿੱਚ ਜ਼ੇਰੇ ਇਲਾਜ ਸੀ। ਉਸ ਦੀ ਹਾਲਤ ਵਿੱਚ ਕੋਈ ਸੁਧਾਰ ਨਾ ਹੋ ਸਕਿਆ ਅਤੇ ਬੀਤੇ ਦਿਨੀਂ ਉਸ ਦੀ ਮੌਤ ਹੋ ਗਈ।
ਮ੍ਰਿਤਕ ਆਪਣੇ ਪਿੱਛੇ ਪਤਨੀ ਤੇ ਦੋ ਬੱਚੇ ਛੱਡ ਗਿਆ, ਜੋ ਕਿ ਦੋ ਸਾਲ ਪਹਿਲਾਂ ਪੰਜਾਬ ਪਰਤ ਆਏ ਸਨ। ਪਰਮਜੀਤ ਸਿੰਘ ਮੁਲਤਾਨੀ ਦੀ ਮੌਤ ਦੀ ਖ਼ਬਰ ਪੁੱਜਦਿਆਂ ਹੀ ਪਿੰਡ ਮਨਸੂਰਪੁਰ ਵਾਸੀਆਂ ਸਮੇਤ ਹਲਕੇ ਦੇ ਲੋਕਾਂ ’ਚ ਸੋਗ ਦੀ ਲਹਿਰ ਦੌੜ ਗਈ। ਪ੍ਰੋ. ਜੀਐੱਸ ਮੁਲਤਾਨੀ, ਜਥੇਦਾਰ ਜਗਜੀਤ ਸਿੰਘ ਮਨਸੂਰਪੁਰ ਸਮੇਤ ਇਲਾਕੇ ਦੇ ਮੋਹਤਬਰ ਵਿਅਕਤੀਆਂ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।