ਕਰੋਨਾ ਨੂੰ ਰੋਕਣ ਲਈ ਮਿਸਾਲੀ ਉਪਰਾਲੇ, ਮ੍ਰਿਤਕਾਂ ਦੀ ਗਿਣਤੀ 15 ਹਜ਼ਾਰ ਨੂੰ ਅੱਪੜੀ

ਪੀੜਤ ਦੇ ਸੰਪਰਕ ’ਚ ਆਉਣ ਵਾਲੀ ਜਰਮਨ ਚਾਂਸਲਰ ਏਂਜਲਾ ਮਰਕਲ ਇਕਾਂਤਵਾਸ ’ਚ; ਆਸਟਰੇਲੀਆ ’ਚ ਮਹਾਮੰਦੀ ਦੀ ਸੰਭਾਵਨਾ ਤੇ ਨਿਊਜ਼ੀਲੈਂਡ ’ਚ ਤਾਲਾਬੰਦੀ

ਰੋਮ- ਕਰੋਨਾਵਾਇਰਸ ਮਹਾਮਾਰੀ ਨੂੰ ਰੋਕਣ ਲਈ ਆਲਮੀ ਪੱਧਰ ’ਤੇ ਮਿਸਾਲੀ ਉਪਰਾਲੇ ਕੀਤੇ ਜਾ ਰਹੇ ਹਨ। ਕਈ ਮੁਲਕਾਂ ਤੇ ਸ਼ਹਿਰਾਂ ਨੇ ‘ਤਾਲਾਬੰਦੀ’ ਦਾ ਐਲਾਨ ਕੀਤਾ ਹੈ। ਮੌਤਾਂ ਦੀ ਗਿਣਤੀ 15000 ਦਾ ਅੰਕੜਾ ਛੂਹ ਰਹੀ ਹੈ। ਜਰਮਨੀ ’ਚ ਦੋ ਤੋਂ ਵੱਧ ਲੋਕਾਂ ਦੇ ਇਕੱਠੇ ਹੋਣ ’ਤੇ ਰੋਕ ਲਾਈ ਜਾ ਰਹੀ ਹੈ। ਜਰਮਨੀ ਦੀ ਚਾਂਸਲਰ ਏਂਜਲਾ ਮਰਕਲ ਵੀ ਖ਼ੁਦ ਨੂੰ ਇਕਾਂਤ ’ਚ ਰੱਖ ਰਹੀ ਹੈ ਕਿਉਂਕਿ ਉਹ ਇਕ ਕਰੋਨਾ ਪਾਜ਼ੇਟਿਵ ਡਾਕਟਰ ਦੇ ਸੰਪਰਕ ਵਿਚ ਆਈ ਸੀ। ਆਸਟਰੇਲੀਆ ਦੇ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਕਿਹਾ ਹੈ ਕਿ ਪਤਾ ਨਹੀਂ ਕਿੰਨੇ ਦਹਾਕਿਆਂ ਬਾਅਦ ਉਨ੍ਹਾਂ ਦੇ ਮੁਲਕ ਨੂੰ ਐਨਾ ਵੱਡਾ ਆਰਥਿਕ ਝਟਕਾ ਲੱਗਾ ਹੈ। ਮੁਲਕ ਨੂੰ 1930 ਵਰਗੀ ਮਹਾਮੰਦੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਨਿਊਜ਼ੀਲੈਂਡ ਨੇ ਚਾਰ ਹਫ਼ਤਿਆਂ ਦੀ ਤਾਲਾਬੰਦੀ ਦਾ ਐਲਾਨ ਕੀਤਾ ਹੈ। ਹਾਂਗਕਾਂਗ ਸਾਰੇ ਗ਼ੈਰ ਰਿਹਾਇਸ਼ੀ ਵਿਅਕਤੀਆਂ ਦਾ ਦਾਖ਼ਲਾ ਮੁਲਕ ਵਿਚ ਬੰਦ ਕਰ ਰਿਹਾ ਹੈ। ਨਵੇਂ ਚੁੱਕੇ ਜਾ ਰਹੇ ਕਦਮ ਦੁਨੀਆ ਭਰ ਵਿਚ ਫ਼ੈਲ ਰਹੇ ਸਹਿਮ ਨੂੰ ਉਜਾਗਰ ਕਰਦੇ ਹਨ। ਟੋਕੀਓ ਓਲੰਪਿਕ ਮੁਲਤਵੀ ਹੋਣ ਦੇ ਆਸਾਰ ਵਧਦੇ ਜਾ ਰਹੇ ਹਨ। ਕੈਨੇਡਾ ਨੇ ਅਥਲੀਟ ਨਾ ਭੇਜਣ ਦਾ ਫ਼ੈਸਲਾ ਕੀਤਾ ਹੈ। ਅਮਰੀਕਾ ਵਿਚ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਰੋਨਾਵਾਇਰਸ ਦਾ ਕੇਂਦਰ ਬਣੀਆਂ ਥਾਵਾਂ ’ਤੇ ਹਜ਼ਾਰਾਂ ਐਮਰਜੈਂਸੀ ਹਸਪਤਾਲ ਬੈੱਡ ਤਿਆਰ ਕਰਨ ਦਾ ਹੁਕਮ ਦਿੱਤਾ ਹੈ। ਯੂਰੋਪ ਕਰੋਨਾਵਾਇਰਸ ਦਾ ਕੇਂਦਰ ਬਿੰਦੂ ਬਣਿਆ ਹੋਇਆ ਹੈ। ਇਟਲੀ ਵਿਚ ਐਤਵਾਰ 651 ਮੌਤਾਂ ਹੋਈਆਂ ਹਨ ਤੇ ਅੰਕੜਾ 5500 ਨੂੰ ਅੱਪੜ ਗਿਆ ਹੈ। ਯੂਰੋਪੀ ਮੁਲਕ ਲੋਕਾਂ ਦੀ ਆਵਾਜਾਈ ਸੀਮਤ ਕਰਨ ਲਈ ਸਖ਼ਤ ਕਦਮ ਚੁੱਕ ਰਹੇ ਹਨ। ਇਟਲੀ, ਸਪੇਨ, ਫਰਾਂਸ, ਗਰੀਸ ਤਾਲਾਬੰਦੀ ਕਰ ਚੁੱਕੇ ਹਨ। ਇਸ ਨਾਲ ਸੈਰ-ਸਪਾਟਾ ਸਨਅਤ ਬਿਲਕੁਲ ਸੁੰਗੜ ਗਈ ਹੈ।
ਇਟਲੀ ਵਿਚ ਪੁਲੀਸ ਸੜਕਾਂ ਤੇ ਬੀਚਾਂ ’ਤੇ ਘੁੰਮ ਰਹੀ ਹੈ ਤਾਂ ਕਿ ਲੋਕਾਂ ਨੂੰ ਬਾਹਰ ਨਿਕਲਣ ਤੋਂ ਰੋਕਿਆ ਜਾ ਸਕੇ। ਪੋਪ ਨੇ ਵੀ ਆਨਲਾਈਨ ਹੋ ਕੇ ਇਟਲੀ ਦੇ ਲੋਕਾਂ ਨੂੰ ਘਰਾਂ ਅੰਦਰ ਰਹਿਣ ਲਈ ਕਿਹਾ ਹੈ। ਸਪੇਨ ਵੀ ਐਮਰਜੈਂਸੀ ਨੂੰ 15 ਦਿਨ ਹੋਰ ਵਧਾਉਣ ਦੀ ਤਿਆਰੀ ਕਰ ਰਿਹਾ ਹੈ। ਮੁਲਕ ਵਿਚ ਐਤਵਾਰ ਨੂੰ 400 ਮੌਤਾਂ ਹੋਈਆਂ ਹਨ ਤੇ ਕੁੱਲ ਗਿਣਤੀ 1720 ਹੋ ਗਈ ਹੈ। ਇਸ ਤੋਂ ਜਾਪਦਾ ਹੈ ਕਿ ਤਾਲਾਬੰਦੀ ਦਾ ਬਹੁਤਾ ਫ਼ਰਕ ਨਹੀਂ ਪਿਆ। ਓਪੇਰਾ ਸਟਾਰ ਪਲੈਸਿਡੋ ਡੋਮਿੰਗੋ ਵੀ ਕਰੋਨਾ ਪਾਜ਼ੇਟਿਵ ਹਨ। ਫ਼ਰਾਂਸ ’ਚ 674 ਮੌਤਾਂ ਹੋਈਆਂ ਹਨ। ਕੁਝ ਇਲਾਕਿਆਂ ਵਿਚ ਕਰਫਿਊ ਲਾਇਆ ਗਿਆ ਹੈ। ਜਿਵੇਂ-ਜਿਵੇਂ ਬੀਮਾਰੀ ਵੱਧ ਰਹੀ ਹੈ, ਡਾਕਟਰਾਂ ਨੂੰ ਫ਼ੈਸਲਾ ਲੈਣ ਲਈ ਮਜਬੂਰ ਹੋਣਾ ਪੈ ਰਿਹਾ ਹੈ ਕਿ ਕਿਸ ਨੂੰ ਬਚਾਇਆ ਜਾਵੇ ਤੇ ਕਿਸ ਨੂੰ ਛੱਡਿਆ ਜਾਵੇ। ਇਹ ਉਨ੍ਹਾਂ ਲਈ ਮਾਨਸਿਕ ਬੋਝ ਬਣ ਰਿਹਾ ਹੈ। ਚੀਨ ’ਚ ਸੋਮਵਾਰ ਸਥਾਨਕ ਪੱਧਰ ’ਤੇ ਕੋਈ ਨਵਾਂ ਕੇਸ ਨਹੀਂ ਆਇਆ ਪਰ 39 ਬਾਹਰਲੇ ਕੇਸ ਹਨ।

Previous articleਰੇਲਾਂ ਰੱਦ ਹੋਣ ਕਾਰਨ ਕੋਲਕਾਤਾ ਬੱਸ ਡਿਪੂ ’ਤੇ ਵੱਡੀ ਭੀੜ
Next articleWuhan to lift outbound travel curbs from April 8