ਨਵੀਂ ਦਿੱਲੀ (ਸਮਾਜਵੀਕਲੀ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਮੁੱਖ ਮੰਤਰੀਆਂ ਨਾਲ ਵੀਡੀਓ ਕਾਨਫ਼ਰੰਸ ਦੌਰਾਨ ਕਿਹਾ ਕਿ ਭਾਰਤ ਨੂੰ ਕਰੋਨਾਵਾਇਰਸ ਮਹਾਮਾਰੀ ਨਾਲ ਨਜਿੱਠਣ ਲਈ ‘ਸੰਤੁਲਿਤ ਨੀਤੀ’ ਬਣਾਉਣ ਦੀ ਲੋੜ ਹੈ। ਵੱਡੀ ਚੁਣੌਤੀ ਵਾਇਰਸ ਨੂੰ ਪਿੰਡਾਂ ਤੱਕ ਪਹੁੰਚਣ ਤੋਂ ਰੋਕਣਾ ਹੈ।
ਮਹਾਮਾਰੀ ਨਾਲ ਨਜਿੱਠਣ ’ਚ ਸੂਬਿਆਂ ਦੀ ਭੂਮਿਕਾ ਦੀ ਸ਼ਲਾਘਾ ਕਰਦਿਆਂ ਮੋਦੀ ਨੇ ਕਿਹਾ ਕਿ ਪੂਰਾ ਵਿਸ਼ਵ ਕਹਿ ਰਿਹਾ ਹੈ ਕਿ ਭਾਰਤ ਨੇ ਮਹਾਮਾਰੀ ਤੋਂ ਸਫ਼ਲਤਾ ਨਾਲ ਆਪਣਾ ਬਚਾਅ ਕੀਤਾ ਹੈ, ਪਰ ਹੁਣ ਕਿਹੜੇ ਰਾਹੇ ਤੇ ਕਿਹੜੀ ਦਿਸ਼ਾ ਵੱਲ ਜਾਣਾ ਹੈ, ਇਸ ਲਈ ਖ਼ਾਸ ਰਣਨੀਤੀ ਦੀ ਲੋੜ ਪਵੇਗੀ। ਸੂਤਰਾਂ ਮੁਤਾਬਕ ਮੋਦੀ ਨੇ ਕਿਹਾ ਕਿ ਸੂਬਿਆਂ ਦੀ ਸਲਾਹ ਦੇ ਆਧਾਰ ’ਤੇ ਵੀ ਰਣਨੀਤੀ ਬਣਾਈ ਜਾ ਸਕਦੀ ਹੈ।
ਉਨ੍ਹਾਂ ਕਿਹਾ ਕਿ ਜਿੱਥੇ-ਜਿੱਥੇ ਵੀ ਲੋਕਾਂ ਨੇ ਫ਼ਾਸਲਾ ਬਰਕਰਾਰ ਨਹੀਂ ਰੱਖਿਆ, ਉੱਥੇ ‘ਮੁਸ਼ਕਲਾਂ’ ਵਧੀਆਂ ਹਨ। ਲੌਕਡਾਊੁਨ ਦੇ ਨੇਮਾਂ ਦਾ ਸਖ਼ਤੀ ਨਾਲ ਪਾਲਣ ਨਾ ਹੋਣ ’ਤੇ ਵੀ ਵਾਇਰਸ ਫੈਲਿਆ ਹੈ। ਇਸੇ ਦੌਰਾਨ ਪ੍ਰਧਾਨ ਮੰਤਰੀ ਨੇ ਮੁੱਖ ਮੰਤਰੀਆਂ ਨਾਲ ਕੋਵਿਡ-19 ਕੰਟੇਨਮੈਂਟ ਰਣਨੀਤੀ ਅਤੇ ਆਰਥਿਕ ਗਤੀਵਿਧੀਆਂ ਵਧਾਉਣ ਬਾਰੇ ਚਰਚਾ ਕੀਤੀ।