ਨਵੀਂ ਦਿੱਲੀ (ਸਮਾਜ ਵੀਕਲੀ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਭਾਰਤ ’ਚ ਕੋਵਿਡ-19 ਦਾ ਟੀਕਾ ਕੁਝ ਹਫ਼ਤਿਆਂ ਅੰਦਰ ਤਿਆਰ ਹੋ ਸਕਦਾ ਹੈ ਅਤੇ ਵਿਗਿਆਨੀਆਂ ਵੱਲੋਂ ਹਰੀ ਝੰਡੀ ਮਿਲਦਿਆਂ ਹੀ ਦੇਸ਼ ’ਚ ਟੀਕਾਕਰਨ ਦੀ ਮੁਹਿੰਮ ਸ਼ੁਰੂ ਹੋ ਜਾਵੇਗੀ। ਕਰੋਨਾਵਾਇਰਸ ਬਾਰੇ ਸਰਬ ਪਾਰਟੀ ਮੀਟਿੰਗ ’ਚ ਸ਼ਾਮਲ ਹੋਈਆਂ ਵੱਖ ਵੱਖ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ, ‘ਇਸ ਬਾਰੇ ਬੀਤੇ ਦਿਨ ਮੇਰੀ ਸਾਰੇ ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਵੀ ਲੰਮੀ ਗੱਲਬਾਤ ਹੋਈ ਸੀ। ਟੀਕਾਕਰਨ ਨੂੰ ਲੈ ਕੇ ਸੂਬਾ ਸਰਕਾਰਾਂ ਤੋਂ ਕਈ ਸੁਝਾਅ ਵੀ ਮਿਲੇ ਸੀ।
ਕੁਝ ਦਿਨ ਪਹਿਲਾਂ ਸਵਦੇਸ਼ੀ ਟੀਕਾ ਬਣਾਉਣ ਦੀਆਂ ਕੋਸ਼ਿਸ਼ਾਂ ਕਰ ਰਹੇ ਵਿਗਿਆਨੀਆਂ ਦੀ ਟੀਮ ਨਾਲ ਕਾਫੀ ਦੇਰ ਤੱਕ ਮੇਰੀ ਗੱਲਬਾਤ ਹੋਈ। ਭਾਰਤ ਦੇ ਵਿਗਿਆਨੀ ਆਪਣੀ ਕਾਮਯਾਬੀ ਨੂੰ ਲੈ ਕੇ ਬਹੁਤ ਹੀ ਉਤਸ਼ਾਹ ’ਚ ਹਨ।’ ਉਨ੍ਹਾਂ ਕਿਹਾ, ‘ਮਾਹਿਰ ਮੰਨ ਕੇ ਚੱਲ ਰਹੇ ਹਨ ਕਿ ਕੋਵਿਡ-19 ਦੇ ਟੀਕੇ ਲਈ ਹੁਣ ਬਹੁਤ ਜ਼ਿਆਦਾ ਉਡੀਕ ਨਹੀਂ ਕਰਨੀ ਪਵੇਗੀ ਅਤੇ ਮੰਨਿਆ ਜਾ ਰਿਹਾ ਹੈ ਇਹ ਟੀਕਾ ਕੁਝ ਹਫ਼ਤਿਆਂ ’ਚ ਤਿਆਰ ਹੋ ਸਕਦਾ ਹੈ।’ ਮੋਦੀ ਨੇ ਕਿਹਾ ਕਿ ਜਿਵੇਂ ਹੀ ਵਿਗਿਆਨੀਆਂ ਤੋਂ ਹਰੀ ਝੰਡੀ ਮਿਲੇਗੀ ਭਾਰਤ ’ਚ ਕੋਵਿਡ-19 ਟੀਕਾਕਰਨ ਮੁਹਿੰਮ ਦੀ ਸ਼ੁਰੂਆਤ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਟੀਕਾਕਰਨ ਦੇ ਪਹਿਲੇ ਗੇੜ ’ਚ ਟੀਕਾ ਕਿਸ ਨੂੰ ਲਗਾਇਆ ਜਾਵੇਗਾ, ਇਸ ਬਾਰੇ ਸੂਬਾ ਸਰਕਾਰਾਂ ਤੋਂ ਮਿਲੇ ਸੁਝਾਅ ਅਨੁਸਾਰ ਕੇਂਦਰ ਕੰਮ ਕਰ ਰਿਹਾ ਹੈ।
ਇਸ ’ਚ ਪਹਿਲ ਕਰੋਨਾ ਪੀੜਤਾਂ ਦੇ ਇਲਾਜ ’ਚ ਲੱਗੇ ਹੋਏ ਸਿਹਤ ਕਾਮਿਆਂ, ਮੂਹਰਲੀਆਂ ਸਫ਼ਾਂ ’ਚ ਡਟੇ ਹੋਏ ਹੋਰਨਾਂ ਮੁਲਾਜ਼ਮਾਂ ਤੇ ਪਹਿਲਾਂ ਤੋਂ ਗੰਭੀਰ ਬਿਮਾਰੀਆਂ ਨਾਲ ਜੂਝ ਰਹੇ ਬਜ਼ੁਰਗਾਂ ਨੂੰ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜਿੱਥੇ ਤੱਕ ਕਰੋਨਾ ਦੇ ਟੀਕੇ ਦੀ ਕੀਮਤ ਦੀ ਗੱਲ ਹੈ ਇਸ ਬਾਰੇ ਫ਼ੈਸਲਾ ਲੋਕਾਂ ਦੀ ਸਿਹਤ ਨੂੰ ਪਹਿਲ ਦਿੰਦਿਆਂ ਲਿਆ ਜਾਵੇਗਾ ਅਤੇ ਸੂਬਾ ਸਰਕਾਰ ਦੀ ਇਸ ’ਚ ਪੂਰੀ ਭਾਈਵਾਲੀ ਹੋਵੇਗੀ।