ਕਰੋਨਾ: ਦੇਸ਼ ’ਚ 26,291 ਨਵੇਂ ਕੇਸ ਸਾਹਮਣੇ ਆਏ

ਨਵੀਂ ਦਿੱਲੀ (ਸਮਾਜ ਵੀਕਲੀ) : ਦੇਸ਼ ’ਚ ਪਿਛਲੇ 24 ਘੰਟਿਆਂ ਦੌਰਾਨ ਕਰੋਨਾਵਾਇਰਸ ਦੇ 26,291 ਨਵੇਂ ਕੇਸ ਸਾਹਮਣੇ ਆਏ ਹਨ। ਕੇਂਦਰੀ ਸਿਹਤ ਮੰਤਰਾਲੇ ਮੁਤਾਬਕ 85 ਦਿਨਾਂ ਬਾਅਦ ਇਕੋ ਦਿਨ ’ਚ ਲਾਗ ਨਾਲ ਪੀੜਤ ਵਿਅਕਤੀਆਂ ਦੇ ਸਭ ਤੋਂ ਜ਼ਿਆਦਾ ਕੇਸ ਸਾਹਮਣੇ ਆਏ ਹਨ। ਦੇਸ਼ ’ਚ ਹੁਣ ਕਰੋਨਾ ਤੋਂ ਪੀੜਤ ਵਿਅਕਤੀਆਂ ਦੀ ਗਿਣਤੀ ਵੱਧ ਕੇ 1,13,85,339 ਹੋ ਗਈ ਹੈ। ਇਕ ਦਿਨ ’ਚ 118 ਹੋਰ ਮੌਤਾਂ ਹੋਣ ਕਾਰਨ ਮ੍ਰਿਤਕਾਂ ਦਾ ਅੰਕੜਾ ਵੱਧ ਕੇ 1,58,725 ਹੋ ਗਿਆ ਹੈ। ਪਿਛਲੇ ਪੰਜ ਦਿਨਾਂ ਤੋਂ ਕਰੋਨਾ ਕੇਸਾਂ ’ਚ ਲਗਾਤਾਰ ਵਾਧਾ ਦਰਜ ਹੋ ਰਿਹਾ ਹੈ ਅਤੇ ਸਰਗਰਮ ਕੇਸਾਂ ਦੀ ਗਿਣਤੀ ਵਧ ਕੇ 2,19,262 ਹੋ ਗਈ ਹੈ। ਜ਼ਿਕਰਯੋਗ ਹੈ ਕਿ ਪਿਛਲੇ ਸਾਲ 20 ਦਸੰਬਰ ਨੂੰ ਲਾਗ ਤੋਂ ਪੀੜਤ 26,624 ਕੇਸ ਸਾਹਮਣੇ ਆਏ ਸਨ।

ਉਧਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬੁੱਧਵਾਰ ਨੂੰ ਕੋਵਿਡ-19 ਹਾਲਾਤ ਅਤੇ ਚੱਲ ਰਹੀ ਟੀਕਾਕਰਨ ਮੁਹਿੰਮ ਬਾਰੇ ਮੁੱਖ ਮੰਤਰੀਆਂ ਨਾਲ ਵਿਚਾਰ ਵਟਾਂਦਰਾ ਕਰਨਗੇ। ਕੁਝ ਸੂਬਿਆਂ ’ਚ ਲਾਗ ਦੇ ਕੇਸ ਮੁੜ ਤੋਂ ਵਧਣ ਕਾਰਨ ਕੇਂਦਰ ਸਰਕਾਰ ਵੀ ਸਰਗਰਮ ਹੋ ਗਈ ਹੈ। ਸੂਤਰਾਂ ਨੇ ਕਿਹਾ ਕਿ ਸ੍ਰੀ ਮੋਦੀ ਵੀਡੀਓ ਕਾਨਫਰੰਸਿੰਗ ਰਾਹੀਂ ਮੁੱਖ ਮੰਤਰੀ ਨਾਲ ਕਈ ਮੁੱਦਿਆਂ ’ਤੇ ਵਿਚਾਰਾਂ ਕਰਨਗੇ। ਉਨ੍ਹਾਂ ਜਨਵਰੀ ’ਚ ਮੁੱਖ ਮੰਤਰੀਆਂ ਨਾਲ ਵੈਕਸੀਨ ਮੁਹਿੰਮ ਬਾਰੇ ਚਰਚਾ ਕੀਤੀ ਸੀ।

Previous articleਬਾਟਲਾ ਹਾਊਸ ਮੁਕਾਬਲਾ: ਆਰਿਜ਼ ਖਾਨ ਨੂੰ ਮੌਤ ਦੀ ਸਜ਼ਾ
Next articleਸਭ ਤੋਂ ਵੱਧ ਗ੍ਰੈਮੀ ਐਵਾਰਡ ਜਿੱਤਣ ਵਾਲੀ ਮਹਿਲਾ ਕਲਾਕਾਰ ਬਣੀ ਬਿਓਂਸੇ