ਨਵੀਂ ਦਿੱਲੀ (ਸਮਾਜਵੀਕਲੀ): ਅੱਜ ਇੱਕੋ ਦਿਨ ਰਿਕਾਰਡ 11,458 ਕੇਸ ਸਾਹਮਣੇ ਆਉਣ ਨਾਲ ਦੇਸ਼ ਵਿੱਚ ਕਰੋਨਾਵਾਇਰਸ ਦੇ ਮਰੀਜ਼ਾਂ ਦੀ ਗਿਣਤੀ 3 ਲੱਖ ਤੋਂ ਟੱਪ ਗਈ। ਦਸ ਦਿਨ ਪਹਿਲਾਂ ਇਹ ਗਿਣਤੀ 2 ਲੱਖ ਦਰਜ ਕੀਤੀ ਗਈ ਸੀ। ਸਿਹਤ ਮੰਤਰਾਲੇ ਵੱਲੋਂ ਦੱਸਿਆ ਗਿਆ ਕਿ ਦੇਸ਼ ’ਚ ਕਰੋਨਾ ਦੇ ਕੁੱਲ ਮਰੀਜ਼ਾਂ ਦੀ ਗਿਣਤੀ 3,08,993 ਹੋ ਗਈ ਹੈ। ਜਦਕਿ ਇਸ ਲਾਗ ਨਾਲ ਹੁਣ ਤੱਕ 8,884 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਵੈੱਬਸਾਈਟ ‘ਵਰਲਡੋਮੀਟਰ’ ਅਨੁਸਾਰ ਭਾਰਤ ’ਚ ਕਰੋਨਾ ਪੀੜਤਾਂ ਦੀ ਗਿਣਤੀ 100 ਤੋਂ ਇੱਕ ਲੱਖ ਹੋਣ ’ਚ 64 ਦਿਨ ਲੱਗੇ ਜਦਕਿ ਅਗਲੇ 15 ਦਿਨਾਂ ’ਚ ਇਹ ਗਿਣਤੀ 1 ਲੱਖ ਤੋਂ 2 ਲੱਖ ਹੋ ਗਈ ਸੀ। ਸਿਹਤ ਮੰਤਰਾਲੇ ਵੱਲੋਂ ਅੱਜ ਜਾਰੀ ਅੰਕੜਿਆਂ ਮੁਤਾਬਕ ਦੇਸ਼ ’ਚ ਹੁਣ ਤੱਕ ਕਰੋਨਾ ਦੇ 1,45,779 ਸਰਗਰਮ ਕੇਸ ਹਨ ਜਦਕਿ 1,54,329 ਮਰੀਜ਼ (49.3 ਫ਼ੀਸਦੀ) ਠੀਕ ਹੋਏ ਹਨ ਤੇ ਇੱਕ ਮਰੀਜ਼ ਦੇਸ਼ ਤੋਂ ਬਾਹਰ ਜਾ ਚੁੱਕਾ ਹੈ।
ਕਰੋਨਾ ਕਾਰਨ ਹੋਈਆਂ ਨਵੀਆਂ 386 ਮੌਤਾਂ ’ਚ ਦਿੱਲੀ ਦੀਆਂ 129 ਅਤੇ ਮਹਾਰਾਸ਼ਟਰ ਦੀਆਂ 127 ਮੌਤਾਂ ਸ਼ਾਮਲ ਹਨ। ਰਾਜਧਾਨੀ ਦਿੱਲੀ ’ਚ ਅੱਜ ਪਹਿਲੀ ਵਾਰ 2000 ਤੋਂ ਵੱਧ ਕੇਸ ਸਾਹਮਣੇ ਆਏ। ਉੱਤਰ ਭਾਰਤ ’ਚੋਂ ਦਿੱਲੀ 1,214 ਮੌਤਾਂ ਨਾਲ ਪਹਿਲੇ ਸਥਾਨ ’ਤੇ ਹੈ ਜਦਕਿ ਮਹਾਰਾਸ਼ਟਰ 3,717 ਮੌਤਾਂ ਨਾਲ ਦੇਸ਼ ’ਚ ਸਭ ਤੋਂ ਅੱਗੇ ਹੈ।
ਕਰੋਨਾ ਕਾਰਨ ਮੱਧ ਪ੍ਰਦੇਸ਼ ’ਚ 440, ਉੱਤਰ ਪ੍ਰਦੇਸ਼ ’ਚ 365 ਜਦਕਿ ਰਾਜਸਥਾਨ ’ਚ 272 ਮੌਤਾਂ ਹੋ ਚੁੁੱਕੀਆਂ ਹਨ। ਹੁਣ ਤੱਕ ਪੱਛਮੀ ਬੰਗਾਲ ’ਚ 10,244, ਕਰਨਾਟਕ ’ਚ 6,334, ਹਰਿਆਣਾ ’ਚ 6,103, ਆਂਧਰਾ ਪ੍ਰਦੇਸ਼ ’ਚ 5,680 ਜਦਕਿ ਜੰਮੂ ਕਸ਼ਮੀਰ ’ਚ 4,730 ਕਰੋਨਾ ਪੀੜਤ ਹਨ।
ਭਾਰਤ ਵਿੱਚ ਕੋਵਿਡ-19 ਕੇਸਾਂ ਦੀ ਗਿਣਤੀ ਤਿੰਨ ਲੱਖ ਤੋਂ ਪਾਰ ਹੋਣ ’ਤੇ ਸਰਕਾਰ ਨੇ ਇਸ ਭਿਆਨਕ ਲਾਗ ਦੇ ਇਲਾਜ ਸਬੰਧੀ ਨਵੇਂ ਸਿਰੇ ਤੋਂ ਪ੍ਰੋਟੋਕੋਲ ਜਾਰੀ ਕੀਤਾ ਹੈ, ਜਿਸ ਅਨੁਸਾਰ ਇਲਾਜ ਦੇ ਮੁੱਢਲੇ ਪੜਾਅ ’ਤੇ ਮਰੀਜ਼ਾਂ ਨੂੰ ਹਾਈਡ੍ਰੋਕਲੋਰੋਕੁਈਨ ਦੇਣ ਅਤੇ ਗੰਭੀਰ ਕੇਸਾਂ ਵਿੱਚ ਰੈਮਡੀਸਵਿਰ ਦੀ ਵਰਤੋਂ ਕਰਨ ਦੀ ਆਗਿਆ ਦਿੱਤੀ ਗਈ ਹੈ।
ਊਧਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਸੀਨੀਅਰ ਮੰਤਰੀਆਂ ਤੇ ਨੌਕਰਸ਼ਾਹਾਂ ਤੋਂ ਕਰੋਨਾ ਪ੍ਰਤੀ ਦੇਸ਼ ਦੇ ਹੁੰਗਾਰੇ ਬਾਰੇ ਸਥਿਤੀ ਦੀ ਜਾਇਜ਼ਾ ਲਿਆ। ਪ੍ਰਧਾਨ ਮੰਤਰੀ ਦਫ਼ਤਰ ਵੱਲੋਂ ਜਾਰੀ ਬਿਆਨ ਅਨੁਸਾਰ ਉਨ੍ਹਾਂ ਵੱਖ-ਵੱਖ ਸੂਬਿਆਂ ਅਤੇ ਦਿੱਲੀ ਸਣੇ ਕੇਂਦਰੀ ਸ਼ਾਸਿਤ ਪ੍ਰਦੇਸ਼ਾਂ ’ਚ ਕਰੋਨਾ ਮਹਾਮਾਰੀ ਦੀ ਸਥਿਤੀ ਬਾਰੇ ਜਾਣਕਾਰੀ ਹਾਸਲ ਕੀਤੀ।
ਇਸ ਦੌਰਾਨ ਕਾਂਗਰਸੀ ਨੇਤਾ ਰਾਹੁਲ ਗਾਂਧੀ ਨੇ ਤਾਲਾਬੰਦੀ ਦੌਰਾਨ ਦੇਸ਼ ’ਚ ਕਰੋਨਾ ਲਾਗ ਦੇ ਕੇਸ ਲਗਾਤਾਰ ਵਧਣ ਨੂੰ ਲੈ ਕੇ ਕੇਂਦਰ ਸਰਕਾਰ ’ਤੇ ਤਿੱਖਾ ਹਮਲਾ ਕੀਤਾ ਹੈ। ਰਾਹੁਲ ਨੇ ਸ਼ੁੱਕਰਵਾਰ ਟਵੀਟ ਕੀਤਾ, ‘ਵਾਰ-ਵਾਰ ਇੱਕੋ ਕਦਮ ਚੁੱਕ ਕੇ ਵੱਖ-ਵੱਖ ਨਤੀਜਿਆਂ ਦੀ ਆਸ ਕੀਤੀ ਜਾ ਰਹੀ ਹੈ।’ ਰਾਹੁਲ ਨੇ ਕਿਹਾ, ‘ਭਾਰਤ ਇੱਕ ਗਲਤ ਦੌੜ ਜਿੱਤਣ ਵੱਲ ਵਧ ਰਿਹਾ ਹੈ। ਇਹ ਇੱਕ ਡਰਾਉਣਾ ਦੁਖਾਂਤ, ਖ਼ਤਰਨਾਕ ਹੰਕਾਰ ਅਤੇ ਅਪੂਰਨਤਾ ਦਾ ਨਤੀਜਾ ਹੈ।’
ਫ਼ੌਜ ਨੇ ਦੱਸਿਆ ਕਿ ਕੇਂਦਰੀ ਸ਼ਾਸਿਤ ਪ੍ਰਦੇਸ਼ਾਂ ਜੰਮੂ ਕਸ਼ਮੀਰ ਤੇ ਲਦਾਖ ਦੇ ਅਗਲੇਰੇ ਇਲਾਕਿਆਂ (ਚੌਕੀਆਂ) ’ਚ ਕਰੋਨਾ ਲਾਗ ਦਾ ਕੋਈ ਕੇਸ ਨਹੀਂ ਮਿਲਿਆ ਹੈ। ਫ਼ੌਜ ਮੁਤਾਬਕ ਉੱਤਰੀ ਕਮਾਂਡ ਛੁੱਟੀ ਤੋਂ ਮੁੜਣ ਅਤੇ ਅਾਰਜ਼ੀ ਡਿਊਟੀ ਵਾਲੇ ਜਵਾਨਾਂ ਨੂੰ ਇਕਾਂਤਵਾਸ ਰੱਖਣ ਸਣੇ ਹੋਰ ਇਹਤਿਆਤੀ ਕਦਮ ਚੁੱਕ ਰਹੀ ਹੈ।
ਊਧਮਪੁਰ ਨਾਲ ਸਬੰਧਤ ਰੱਖਿਆ ਤਰਜਮਾਨ ਲੈਫਟੀਨੈਂਟ ਕਰਨਲ ਅਭਿਨਵ ਨਵਨੀਤ ਨੇ ਦੱਸਿਆ, ‘ਲੇਹ ਸਣੇ ਅਗਲੇਰੇ ਇਲਾਕਿਆਂ ’ਚੋਂ ਕਰੋਨਾ ਲਾਗ ਦਾ ਕੋਈ ਕੇਸ ਨਹੀਂ ਮਿਲਿਆ। ਉੱਥੇ ਸਾਡੇ ਜਵਾਨ ਮੁਸਤੈਦ ਹਨ। ਫ਼ੌਜ ਵੱਲੋਂ ਇਹ ਯਕੀਨੀ ਕੀਤਾ ਗਿਆ ਹੈ ਕਿ ਕੋਈ ਵੀ ਜਵਾਨ ਕਰੋਨਾ ਪੀੜਤਾਂ ਦੇ ਸੰਪਰਕ ’ਚ ਨਾ ਆਵੇ।’ ਇਸੇ ਦੌਰਾਨ ਅੱਜ ਦੱਖਣੀ ਕਸ਼ਮੀਰ ਦੇ ਉਰਾਨਹਾਲ ਵਿੱਚ ਸੀਆਰਪੀਐੱਫ ਦੀਆਂ ਕਈ ਬਟਾਲੀਅਨਾਂ ਦੇ 22 ਜਵਾਨਾਂ ਦੇ ਕਰੋਨਾ ਟੈਸਟ ਪਾਜ਼ੇਟਿਵ ਪਾਏ ਗਏ ਹਨ।