ਕਰੋਨਾ-ਦੂਰਦਰਸ਼ਨ ਪੰਜਾਬੀ ਅਤੇ ਸਕੂਲੀ ਸਿੱਖਿਆ ਦਾ ਕੁਜੋੜ

(ਸਮਾਜ ਵੀਕਲੀ)

ਸਾਲ 2020 ਦੀ ਸ਼ੁਰੂਆਤ ਬੇਹੱਦ ਮਾੜੀ ਸੀ,ਪੂਰੀ ਦੁਨੀਆਂ ਨੂੰ ਕੋਰੋਨਾ ਮਹਾਂਮਾਰੀ ਨੇ ਘੇਰ ਲਿਆ।ਛੂਤ ਦੀ ਬਿਮਾਰੀ ਹੋਣ ਕਾਰਨ ਸਾਰੇ ਕੰਮਾਂ ਤੇ ਰੋਕ ਲੱਗ ਗਈ।ਮੀਡੀਆ ਰਾਹੀਂ ਸਾਨੂੰ ਪਤਾ ਲੱਗਦਾ ਹੀ ਹੈ ਕਿਤੇ ਹਾਲਾਤ ਹੁਣ ਵੀ ਬੇਹੱਦ ਮਾੜੇ ਹਨ।ਪੰਜਾਬ ਸਰਕਾਰ ਨੇ ਪੰਜਾਬ ਦੇ ਸਕੂਲ ਬੰਦ ਕਰ ਦਿੱਤੇ,ਪੜ੍ਹਾਈ ਨੂੰ ਆਨ ਲਾਈਨ ਚਾਲੂ ਕਰ ਦਿੱਤਾ।ਸਮਾਰਟ ਫੋਨ ਹਰ ਬੱਚੇ ਦੇ ਕੋਲ ਹੋਵੇ ਕੋਈ ਜ਼ਰੂਰੀ ਨਹੀਂ ਹੈ,ਇਸ ਸੱਚ ਨੂੰ ਓਹਲੇ ਕਰਕੇ ਹੁਕਮ ਚਾੜ੍ਹ ਦਿੱਤਾ ਗਿਆ।ਇਸੇ ਤਰ੍ਹਾਂ ਦੂਰਦਰਸ਼ਨ ਪੰਜਾਬੀ ਤੇ ਕੋਰੋਨਾ ਦਾ ਪਤਾ ਨਹੀਂ ਕਿਹੜਾ ਹਮਲਾ ਸੀ।

ਖ਼ਬਰਾਂ ਤੋਂ ਇਲਾਵਾ ਸਾਰੇ ਸਿੱਧੇ ਪ੍ਰਸਾਰਨ ਰੋਕ ਕੇ ਪੁਰਾਣੇ ਪ੍ਰੋਗਰਾਮ ਚਲਾ ਕੇ ਟਾਈਮ ਪਾਸ ਕਰਨਾ ਚਾਲੂ ਕਰ ਦਿੱਤਾ।ਭਾਰਤ ਸਰਕਾਰ ਨੇ ਲਾਕਡਾਊਨ ਕਿਹਾ ਸੀ ਪਰ ਪੰਜਾਬ ਸਰਕਾਰ ਨੂੰ ਕੋਰੋਨਾ ਤੋਂ ਜ਼ਿਆਦਾ ਖ਼ਤਰਾ ਲੱਗਿਆ ਕਰਫਿਊ ਲਾਗੂ ਕਰ ਦਿੱਤਾ ਸਾਰਾ ਪਰਿਵਾਰ ਘਰ ਬੈਠਾ ਹੈ ਟੀ. ਵੀ. ਹੀ ਅੱਜਕੱਲ੍ਹ ਸਾਡੇ ਲਈ ਮਨੋਰੰਜਨ ਤੇ ਸੂਚਨਾ ਦਾ ਮੁੱਖ ਸਾਧਨ ਹੈ,ਮਨੋਰੰਜਨ ਤੇ ਵੀ ਰੋਕ ਲੱਗ ਗਈ।ਪਿਛਲੇ ਸਾਲ ਮਈ ਦੇ ਸ਼ੁਰੂ ਵਿਚ ਦੂਰਦਰਸ਼ਨ ਪੰਜਾਬੀ ਦੀ ਪ੍ਰੋਗਰਾਮ ਮੁਖੀ ਦੀ ਕਮਾਂਡ ਪੁਨੀਤ ਸਹਿਗਲ ਜੀ ਨੇ ਸੰਭਾਲੀ।

ਪੰਜਾਬ ਸਿੱਖਿਆ ਵਿਭਾਗ ਦੇ ਸਕੱਤਰ ਸਾਹਿਬ ਨਾਲ ਵੀਡੀਓ ਕਾਨਫਰੰਸ ਹੋਈ ਤਾਂ ਦੂਰਦਰਸ਼ਨ ਪੰਜਾਬੀ ਦਾ ਦਿਨ ਦਾ ਸਮਾਂ ਸਵੇਰੇ ਨੌੰ ਤੋਂ ਸ਼ਾਮ ਚਾਰ ਵਜੇ ਤੱਕ ਸਿੱਖਿਆ ਵਿਭਾਗ ਪੰਜਾਬ ਨੂੰ ਵੇਚ ਦਿੱਤਾ।ਲੋਕ ਪ੍ਰਸਾਰਨ ਸੇਵਾ ਸਕੂਲ ਦਾ ਰੂਪ ਧਾਰਨ ਕਰ ਕੇ ਰਹਿ ਗਈ। ਪੰਜਾਬ ਦੇ ਸਕੂਲੀ ਬੱਚਿਆਂ ਦਾ ਕੀ ਅਸਲ ਵਿੱਚ ਕੁਝ ਫਾਇਦਾ ਹੋਇਆ ? ਹੋ ਸਕਦਾ ਹੈ ਕੁਝ ਵਿਦਿਆਰਥੀਆਂ ਨੇ ਫੁਕਰਪੁਣੇ ਵਾਲੇ ਗੀਤਾਂ ਦੇ ਚੈਨਲ ਛੱਡ ਕੇ ਉਸ ਸਮੇਂ ਇਹਨਾਂ ਤੋਂ ਲਾਭ ਲਿਆ ਹੋਵੇ। ਕਾਫ਼ੀ ਬੱਚਿਆਂ ਨਾਲ ਗੱਲਬਾਤ ਕਰਕੇ ਪਤਾ ਲੱਗਾ ਕਿ ਉਹਨਾਂ ਦੇ ਅਧਿਆਪਕ ਲਾਕ ਡਾਊਨ ਦੌਰਾਨ ਉਨ੍ਹਾਂ ਨੂੰ ਇਹ ਟੀ. ਵੀ. ਪ੍ਰੋਗਰਾਮ ਦੇਖਣ ਲਈ ਪ੍ਰੇਰਿਤ ਕਰਦੇ ਸਨ ਅਤੇ ਨਾਲ ਹੀ ਟੀ. ਵੀ. ਉੱਤੇ ਇਹ ਪ੍ਰੋਗਰਾਮ ਦੇਖਦੇ ਹੋਏ ਫੋਟੋ ਖਿੱਚ ਕੇ ਭੇਜਣ ਨੂੰ ਵੀ ਆਖਦੇ ਸਨ।

ਬੱਚਿਆਂ ਨੇ ਦੱਸਿਆ ਕਿ ਉਹ ਬੱਸ ਫੋਟੋ ਖਿੱਚ ਕੇ ਭੇਜਦੇ ਰਹੇ ਸਨ ਕਿਉਂਕਿ ਟੀਚਰ ਆਖਦੇ ਸੀ ਕਿ ਫੋਟੋ ਅੱਗੇ ਭੇਜਣੀ ਹੈ ਅਤੇ ਇਸ ਦੇ ਨੰਬਰ ਲੱਗਣਗੇ। ਇਸ ਗੱਲ ਤੋਂ ਅਧਿਆਪਕਾਂ ਉੱਪਰ ਪਾਏ ਜਾ ਰਹੇ ਕਿਸੇ ਦਬਾਅ ਦਾ ਅਸਰ ਝਲਕ ਰਿਹਾ ਹੈ। ਕੁਝ ਅਧਿਆਪਕ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਇਸ ਕੌੜੇ ਸੱਚ ਤੋਂ ਪਰਦਾ ਚੁੱਕਿਆ ਕਿ ਸਰਕਾਰੀ ਸਕੂਲਾਂ ਵਿੱਚ ਗਰੀਬ ਅਤੇ ਅਤਿ ਗਰੀਬ ਪਰਿਵਾਰਾਂ ਦੇ ਬੱਚੇ ਪੜ੍ਹਦੇ ਹਨ। ਉਹ ਰੱਜਵੀਂ ਰੋਟੀ ਵੀ ਸਕੂਲ ਦੇ ਮਿਡ-ਡੇ-ਮੀਲ ਵਿੱਚੋਂ ਖਾਂਦੇ ਹਨ। ਉਹਨਾਂ ਦੇ ਘਰ ਵਿਚ ਕੇਬਲ ਕੁਨੈਕਸ਼ਨ ਜਾਂ ਮਹਿੰਗੇ ਸਮਾਰਟ ਫੋਨ ਦੀ ਸਮਰੱਥਾ ਨਹੀਂ ਹੈ।

ਉਨ੍ਹਾਂ ਬੱਚਿਆਂ ਨੂੰ ਅਜਿਹੇ ਪ੍ਰੋਗਰਾਮ ਦੀਆਂ ਫੋਟੋਆਂ ਭੇਜਣ ਲਈ ਆਪਣਾ ਇੱਕ ਤਰ੍ਹਾਂ ਉਹਨਾਂ ਮਾਸੂਮਾਂ ਨਾਲ ਕੀਤਾ ਕੋਝਾ ਮਜਾਕ ਹੈ ਉਹ ਵੀ ਉਸ ਵੇਲੇ ਜਦੋਂ ਉਹਨਾਂ ਦੇ ਮਾਪਿਆਂ ਦੇ ਕੰਮ ਧੰਦੇ ਠੱਪ ਹੋ ਕੇ ਰਹਿ ਗਏ ਅਤੇ ਰੋਟੀ ਦੇ ਲਾਲੇ ਪਏ ਹੋਏ ਸਨ। ਬੱਚਿਆਂ ਅਤੇ ਅਧਿਆਪਕਾਂ ਉੱਪਰ ਪਾਏ ਇਸ ਗੈਰ ਜ਼ਰੂਰੀ ਅਤੇ ਮੇਰੀ ਨਜ਼ਰੇ ਅਣਮਨੁੱਖੀ ਦਬਾਅ ਦੇ ਵਿਰੋਧ ਵਿੱਚ ਅਤੇ ਇਸ ਪੂਰੇ ਆਡੰਬਰ ਦੇ ਨਿਰਾਥਕ ਹੋਣ ਦੀ ਪੋਲ ਅਧਿਆਪਕਾਂ ਦੁਆਰਾ ਸਿੱਖਿਆ ਸਕੱਤਰ ਨੂੰ ਅੰਕੜਾ ਸਕੱਤਰ ਆਖ ਕੇ ਅਤੇ ਆਨਲਾਈਨ ਸਿੱਖਿਆ ਬੰਦ ਕਰੋ ਦਾ ਨਾਅਰਾ ਮਾਰ ਕੇ ਖੋਲ੍ਹੀ ਜਾ ਚੁੱਕੀ ਹੈ ।

ਹਾਂ ਭਾਵੇਂ ਅੱਜ ਵੀ ਏ. ਸੀ. ਆਰ. ਵਿਚ ਪ੍ਰਸੰਸਾ ਪੱਤਰ ਦੇ ਦਸ ਅੰਕਾਂ ਦਾ ਲਾਲਚ ਬਹੁਤਿਆਂ ਨੂੰ ਬੋਲਣ ਜੋਗਾ ਨਹੀਂ ਛੱਡਦਾ। ਪਰ ਬੱਚਿਆਂ ਦੀ ਪੜ੍ਹਾਈ ਲਈ ਚਿੰਤਤ ਅਧਿਆਪਕ ਪਿਛਲੇ ਲੰਬੇ ਸਮੇਂ ਤੋਂ ਸਕੂਲ ਖੋਲ੍ਹਣ ਦੀ ਮੰਗ ਕਰ ਰਹੇ ਸਨ ਜੋ ਸਰਕਾਰ ਕਰੋਨਾ ਕਰੋਨਾ ਕੂਕਦੀ ਨਜ਼ਰ ਅੰਦਾਜ਼ ਕਰਦੀ ਆਈ ਸੀ। ਜੇਕਰ ਦੂਰਦਰਸ਼ਨ ਦੇ ਇਹਨਾਂ ਪ੍ਰੋਗਰਾਮਾਂ ਰਾਹੀਂ ਹੀ ਵਿਦਿਆਰਥੀ ਪੜ੍ਹਾਈ ਕਰ ਸਕਦਾ ਸੀ ਤਾਂ ਫਿਰ ਸਕੂਲ ਦਾ ਕੀ ਮਹੱਤਵ ਰਹਿ ਜਾਂਦਾ ਹੈ। ਹੁਣ ਵੀ ਤਾਂ ਕਰੋਨਾ ਖ਼ਤਮ ਨਹੀਂ ਹੋਇਆ। ਅਧਿਆਪਕਾਂ ਅਤੇ ਵਿਦਿਆਰਥੀਆਂ ਦੇ ਕਰੋਨਾ ਪਾਜੀਟਿਵ ਹੋਣ ਕਾਰਨ ਕਈ ਸਕੂਲ ਮੁੜ ਬੰਦ ਕੀਤੇ ਗਏ ਹਨ।

ਰੋਜ਼ਾਨਾ ਵਿਭਾਗ ਵਲੋਂ ਇਹਨਾਂ ਟੀ. ਵੀ. ਪ੍ਰੋਗਰਾਮਾਂ ਬਾਰੇ ਸਲਾਇਡਾਂ ਬਣਾ ਕੇ ਸ਼ੋਸ਼ਲ ਮੀਡੀਆ ਤੇ ਪਾਈਆਂ ਜਾਂਦੀਆਂ ਸਨ । ਅਧਿਆਪਕ ਬੱਚਿਆਂ ਨੂੰ ਵੀ ਇਹ ਸਲਾਇਡਾਂ ਭੇਜਦੇ ਸਨ। ਕੀ ਗੱਲ ਹਾਸੋਹੀਣੀ ਨਹੀਂ ਸੀ ਕਿ 9ਵੀਂ ਤੋਂ 12ਵੀਂ ਜਮਾਤਾਂ ਦੇ ਵਿਦਿਆਰਥੀਆਂ ਲਈ ਸਕੂਲ ਖੋਲ੍ਹ ਦਿੱਤੇ ਗਏ, ਸਕੂਲ ਵਿਚ ਬੱਚੇ ਨੂੰ ਪੜ੍ਹਾ ਰਿਹਾ ਅਧਿਆਪਕ ਉਸ ਨੂੰ ਉਸ ਸਮੇਂ ਹੀ ਘਰ ਟੀ. ਵੀ. ਪ੍ਰੋਗਰਾਮ ਦੇਖਣ ਲਈ ਵੀ ਕਹਿ ਰਿਹਾ ਸੀ ਅਤੇ ਜਮਾਤ ਵਿਚ ਹਾਜ਼ਰ ਰਹਿਣ ਲਈ ਵੀ। ਪ੍ਰੋਗਰਾਮ ਚਾਲੂ ਸਾਲ ਜਨਵਰੀ ਦੇ ਅਖੀਰ ਤੱਕ ਪ੍ਰਸਾਰਿਤ ਹੁੰਦੇ ਰਹੇ ਹਨ। ਹੁਣ ਸਵਾ ਇਹ ਹਨ – ਕੀ ਬੱਚੇ ਸਕੂਲ ਨਾ ਆਉਣ ਅਤੇ ਟੀ. ਵੀ. ਪ੍ਰੋਗਰਾਮ ਹੀ ਦੇਖਣ? ਕੀ ਉਨ੍ਹਾਂ ਦੀ ਸਕੂਲ ਦੀ ਹਾਜ਼ਰੀ ਪੂਰੀ ਮੰਨੀ ਜਾਵੇਗੀ? ਜੇਕਰ ਨਹੀਂ ਤਾਂ ਫਿਰ ਇਹਨਾਂ ਪ੍ਰੋਗਰਾਮਾਂ ਨੂੰ ਕਿਸ ਦੇ ਲਈ ਚਲਾਇਆ ਜਾ ਰਿਹਾ ਹੈ ਅਤੇ ਕਿਉਂ? ਬੱਚੇ ਕੋਰੇ ਪੰਨੇ ਬਣ ਕੇ ਸਕੂਲ ਆ ਗਏ ਹਨ।

ਉਹਨਾਂ ਵਿੱਚੋਂ 80% ਨੂੰ ਆਪਣੇ ਸਿਲੇਬਸ ਦੇ ਪਾਠਾਂ ਦੇ ਨਾਂ ਵੀ ਯਾਦ ਨਹੀਂ। ਅਧਿਆਪਕ ਕਰਾਹਾ ਲਗਾਉਣ ਵਾਲੇ ਟ੍ਰੈਕਟਰ ਦੇ ਵਾਂਗੂੰ ਜ਼ੋਰ ਲਗਾ ਕੇ ਉਨ੍ਹਾਂ ਨੂੰ ਸਿਲੇਬਸ ਨਾਲ ਜਾਣੂੰ ਕਰਵਾਉਣ ਵਿੱਚ ਰੁੱਝੇ ਹਨ।ਸਿੱਖਿਆ ਵਿਭਾਗ ਵਿਚ ਵੀ ਪ੍ਰਿੰਟ-ਮੀਡੀਆ ਦੇ ਲੇਖਕਾਂ ਅਤੇ ਕਵੀਆਂ ਦੀ ਤਰ੍ਹਾਂ ਦੇ ਗੈਂਗ ਹਨ। ਇਹਨਾਂ ਰਾਹੀਂ ਹੀ ਸਕੱਤਰ ਸਿਖਿਆ ਆਪਣੀ ਅੰਕੜਾ ਖੇਡ ਦੀ ਚਾਲ ਚੱਲਦਾ ਹੈ, ਬਾਕੀਆਂ ਦੀ ਮਜ਼ਬੂਰੀ ਬਣ ਜਾਂਦੀ ਹੈ ਅਤੇ ਖੇਡ ਪੂਰੀ ਹੋ ਜਾਂਦੀ ਹੈ। ਅਧਿਆਪਕ ਜਥੇਬੰਦੀਆਂ ਸਿੱਖਿਆ ਸਕੱਤਰ ‘ਤੇ ਰਵਾਇਤੀ ਸਕੂਲੀ ਸਿੱਖਿਆ ਦੀ ਥਾਂ ਆਨ ਲਾਇਨ ਸਿੱਖਿਆ ਨੂੰ ਥੋਪਣ ਦਾ ਦੋਸ਼ ਲਾਉਦਿਆਂ ,ਆਪਣੀ ਹਉਮੈ ਵਸ ਪੰਜਾਬ ਦੀ ਸਰਕਾਰੀ ਸਿੱਖਿਆ ਨੂੰ ਖ਼ਤਮ ਕਰਨ ਵਾਲੇ ਸਕੱਤਰ ਨੂੰ ਚੱਲਦਾ ਕਰਨ ਦੀ ਮੰਗ ਕਰਨ ਲੱਗੀਆਂ ਹਨ।

ਲੰਬੇ ਸਮੇਂ ਤੋਂ ਪੰਜਾਬ ਦੀ ਲੀਹੋਂ ਲੱਥੀ ਸਰਕਾਰੀ ਸਿੱਖਿਆ ਪ੍ਰਣਾਲੀ ਨੂੰ ਮੁੜ ਲੀਹ ਤੇ ਲਿਆਉਣ ਦੀ ਥਾਂ ਝੂਠੇ ਅੰਕੜਿਆਂ ਦੇ ਸਿਰ ਤੇ ਸਕੂਲੀ ਸਿੱਖਿਆ ਨੂੰ ਹੋਰ ਨਿਵਾਣਾਂ ਵੱਲ ਰੋੜਨ ਦੇ ਕਦਮ ਪੁੱਟਦਿਆਂ ਪੰਜਾਬ ਦੇ ਸਿੱਖਿਆ ਸਕੱਤਰ ਵੱਲੋਂ ਆਓ ਪੇਪਰ ਪੇਪਰ ਖੇਡੀਏ ਦੀ ਸੋਚੀ ਸਮਝੀ ਚਾਲ ਚੱਲੀ ਜਾ ਰਹੀ ਹੈ।ਸਿੱਟੇ ਵੱਜੋਂ ਜਿੱਥੇ ਵਿਦਿਆਰਥੀਆਂ ਦੇ ਅੰਦਰ ਦਾ ਰਚਨਾਤਮਕ ਵਿਕਾਸ ਦਮ ਘੁੱਟ ਰਿਹਾ ਹੈ ਉਥੇ ਅਧਿਆਪਕਾਂ ਨੂੰ ਮਾਨਸਿਕ ਰੋਗੀ ਬਣਾ ਕੇ ਸਕੂਲਾਂ ਦੇ ਚੰਗੇ ਸਿਖਿਆਤਮਕ ਵਾਤਾਵਰਨ ਨੂੰ ਵੀ ਖ਼ਾਤਮੇ ਵੱਲ ਧੱਕਿਆ ਜਾ ਰਿਹਾ ਹੈ। ਕਲਾਸ ਟੈਸਟ ਉੱਤੇ ਵੀ ਅਧਿਆਪਕ ਦਾ ਕੰਟਰੋਲ ਨਹੀਂ। ਸ਼ੈਸ਼ਨ ਦੇ ਸਿਲੇਬਸ ਦੀ ਵੰਡ ਵਿਭਾਗ ਵੱਲੋਂ ਜਾਰੀ ਹੋਣ ਦੇ ਬਾਵਜੂਦ ਕੀ, ਕਿੰਨਾ, ਕਿੰਨੇ ਸਮੇਂ ਵਿੱਚ, ਕਿਵੇਂ ਪੜ੍ਹਾਉਣਾ ਹੈ ਸਭ ਉੱਪਰੋਂ ਤੈਅ ਹੁੰਦਾ ਹੈ।

ਜਦਕਿ ਭੈੜੇ ਰਿਜ਼ਲਟ ਦਾ ਠੀਕਰਾ ਅਧਿਆਪਕਾਂ ਸਿਰ ਭੰਨਿਆ ਜਾਂਦਾ ਹੈ ਅਤੇ ਚੰਗੇ ਨਤੀਜੇ ਵਿਭਾਗ ਦੇ ਅਧਿਕਾਰੀਆਂ ਦੀ ਮਿਹਨਤ ਅਤੇ ਉਪਰਾਲਿਆਂ ਸਦਕਾ ਆਏ ਦੱਸੇ ਜਾਂਦੇ ਹਨ। ਸੰਸਾਰ ਭਰ ਵਿੱਚ ਫੈਲੀ ਕਰੋਨਾ ਨਾਂ ਦੀ ਬਿਮਾਰੀ ਦਾ,ਪੰਜਾਬ ਸਮੇਤ ਭਾਰਤ ਸਰਕਾਰ ਨੇ ਜਿਸ ਤਰ੍ਹਾਂ ਰਾਜਨੀਤੀਕਰਨ ਕਰਕੇ ਆਪਣੇ ਹਿਤਾਂ ਲਈ ਵਰਤਦੇ ਹੋਏ ਲੋਕ ਮਾਰੂ ਕਿਸਾਨੀ ਅਤੇ ਕਿਰਤ ਕਾਨੂੰਨ ਪਾਸ ਕੀਤੇ ਹਨ ਉਵੇਂ ਹੀ ਪੰਜਾਬ ਦੇ ਸਿੱਖਿਆ ਸਕੱਤਰ ਨੇ ਇਸ ਆਪਦਾ ਦੀ ਘੜੀ ਚ ਸਰਕਾਰੀ ਸਕੂਲਾਂ ਚ ਬਚੀ-ਖੁਚੀ ਸਿੱਖਿਆ ਨੂੰ ‘ਆਨਲਾਇਨ ਸਿੱਖਿਆ’ ਬਣਾਉਣ ਦੇ ਚੱਕਰਾਂ ਵਿੱਚ ਖ਼ਤਮ ਕਰਨ ਦਾ ਪੂਰਾ ਜ਼ੋਰ ਲਗਾਇਆ ਹੋਇਆ ਹੈ।

ਜਿਸ ਤਹਿਤ ਪਿਛਲੇ ਲੱਗਪੱਗ ਇੱਕ ਸਾਲ ਤੋਂ ਬੰਦ ਪਏ ਸਕੂਲਾਂ ਨੂੰ ਖੋਲ੍ਹਣ ਉਪਰੰਤ ਪੜ੍ਹਾਈ ਦੇ ਲਈ ਕੀਮਤੀ ਮੰਨੇ ਜਾਂਦੇ ਜਨਵਰੀ-ਫਰਵਰੀ ਮਹੀਨਿਆਂ ‘ਚ ਪੜ੍ਹਨ-ਪੜ੍ਹਾਉਣ ਦਾ ਸਮਾਂ ਨਾ ਦੇ ਕੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਭਾਂਤ ਭਾਂਤ ਦੇ ਟੈਸਟਾਂ ਦੀ ਸੂਲੀ ਚਾੜ੍ਹਿਆ ਜਾ ਰਿਹਾ ਹੈ ਅਤੇ ਅਮਰ ਵੇਲ ਵਾਂਗ ਵਧਣ ਵਾਲੇ ਵਟਸਐਪ ਗਰੁੱਪਾਂ ਵਿੱਚ ਉਲਝਾ ਕੇ ਉਹਨਾਂ ਨੂੰ ਮਾਨਸਿਕ ਰੋਗੀ ਬਣਾਇਆ ਜਾ ਰਿਹਾ ਹੈ।

ਆਪਣੀ ਚਮਚਾ ਟੀਮ ਰਾਹੀਂ ਪਹਿਲਾਂ ਹੋ ਚੁੱਕੇ ਆਨਲਾਈਨ /ਆਨਲਾਈਨ ਪੇਪਰਾਂ ਦੇ ਅੰਕ ਵਾਰ ਵਾਰ ਪੁੱਛੇ ਜਾਂਦੇ ਹਨ ਜਦਕਿ ਡਾਟਾ ਆਨਲਾਈਨ ਭੇਜਣ ਤੋਂ ਬਾਅਦ ਰਿਜ਼ਲਟ ਵਿਭਾਗ ਵਲੋਂ ਸਕੂਲਾਂ ਨੂੰ ਭੇਜਿਆ ਗਿਆ ਹੈ। ਇਸ ਸਥਿਤੀ ਵਿਚ ਜਿੱਥੇ ਅਧਿਆਪਕਾਂ ‘ਚ ਖੁਦ ਦੀ ਰਚਨਾਤਮਕਤਾ ਖ਼ਤਮ ਹੋ ਰਹੀ ਹੈ,ਉੱਥੇ ‘ਪੜ੍ਹੋ ਪੰਜਾਬ,ਪੜ੍ਹਾਓ ਪੰਜਾਬ’ ਵਰਗਾ ਗੈਰ-ਸੰਵਿਧਾਨਿਕ ਢਾਂਚਾ ਖੜ੍ਹਾ ਕਰਕੇ ਸੰਵਿਧਾਨਿਕ ਸਿੱਖਿਆ ਤੰਤਰ ਦੀ ਕਬਰ ਖੋਦਣ ਵਿੱਚ ਕੋਈ ਕਸਰ ਨਹੀਂ ਛੱਡੀ ਜਾ ਰਹੀ,ਜਿਸ ਤਹਿਤ ਸਿੱਖਿਆ ਵਰਗੇ ਸੰਵੇਦਨਸ਼ੀਲ ਖੇਤਰ ‘ਚ ਹਰ ਥਾਈਂ 100% ਨਤੀਜ਼ਾ ਦਿਖਾਉਣ ਲਈ ਨਿੱਤ ਦਿਨ ਤੁਗਲਕੀ ਫੁਰਮਾਨ ਜਾਰੀ ਕੀਤੇ ਜਾ ਰਹੇ ਹਨ ਅਤੇ ਸਿਵਲ ਸੇਵਾ ਨਿਯਮਾਂ ਨੂੰ ਤੋੜ ਮਰੋੜ ਕੇ ਅਧਿਆਪਕ ਵਿਰੋਧੀ ਫੈਸਲੇ ਲਾਗੂ ਕੀਤੇ ਜਾ ਰਹੇ ਹਨ।

ਬੀ.ਐਮ., ਡੀ. ਐੱਮ, ਜ਼ਿਲ੍ਹਾ ਸਾਇੰਸ ਸੁਪਰਵਾਈਜ਼ਰ ਵਰਗੀਆਂ ਆਪੇ ਘੜੀਆਂ ਪਦਵੀਆਂ ਬਲਾਕਾਂ ਤੋਂ ਸਟੇਟ ਪੱਧਰ ਤੱਕ ਬਣਾਈਆਂ ਗਈਆਂ ਹਨ ਜੋ ਬਲਾਕ ਪੱਧਰ ਅਤੇ ਜ਼ਿਲ੍ਹਾ ਪੱਧਰ ਦੇ ਸਿੱਖਿਆ ਅਧਿਕਾਰੀਆਂ ਵਾਂਗੂੰ ਵਿਵਹਾਰ ਕਰਦੀਆਂ ਹਨ ਜਦਕਿ ਉਹਨਾਂ ਦੀ ਅਸਲ ਪੋਸਟ ਜਾਂ ਸਮਰੱਥਾ ਉਹ ਨਹੀਂ ਹੈ। ਦੁਬਾਰਾ ਇੱਧਰ ਆਈਏ, ਦੂਰਦਰਸ਼ਨ ਪੰਜਾਬੀ ਤੋਂ ਖ਼ਬਰਾਂ ਪੇਸ਼ ਕੀਤੀਆਂ ਜਾਂਦੀਆਂ ਹਨ,ਖੇਤਰੀ ਚੈਨਲ ਤੇ ਅੰਤਰਰਾਸ਼ਟਰੀ ਤੇ ਰਾਸ਼ਟਰੀ ਖਬਰਾਂ ਨੂੰ ਪਹਿਲ ਦਿੱਤੀ ਜਾਂਦੀ ਹੈ, ਬਚਦਾ ਸਮਾਂ ਕਦੇ-ਕਦੇ ਪੰਜਾਬ ਦੀ ਕੋਈ ਖ਼ਬਰ ਲਈ ਰੱਖ ਲਿਆ ਜਾਂਦਾ ਹੈ।

“ਖ਼ਾਸ ਖ਼ਬਰ ਇੱਕ ਨਜ਼ਰ”ਇਸ ਪ੍ਰੋਗਰਾਮ ਵਿੱਚ ਅਖ਼ਬਾਰਾਂ ਵਿੱਚ ਛਪੀਆਂ ਖ਼ਬਰਾਂ ਤੇ ਬੁੱਧੀਜੀਵੀਆਂ ਤੇ ਪੱਤਰਕਾਰਾਂ ਵੱਲੋਂ ਵਿਚਾਰ ਚਰਚਾ ਕੀਤੀ ਜਾਂਦੀ ਹੈ, ਪਰ ਅਖ਼ਬਾਰਾਂ ਦਾ ਸਿਰਫ਼ ਨਾਮ ਹੀ ਹੈ।ਪੰਦਰਾਂ ਮਿੰਟ ਦੇ ਪ੍ਰੋਗਰਾਮ ਵਿਚ ਕੇਂਦਰ ਸਰਕਾਰ ਵੱਲੋਂ ਦੱਸੇ ਨੁਕਤਿਆਂ ਤੇ ਦੱਸ ਮਿੰਟ ਵਿਚਾਰ ਚਰਚਾ ਹੁੰਦੀ ਰਹਿੰਦੀ ਹੈ ਜੋ ਕਿਸੇ ਅਖ਼ਬਾਰ ਦੀ ਖ਼ਬਰ ਨਹੀਂ ਹੁੰਦੀ,ਬਾਕੀ ਬਚਦੇ ਪੰਜ ਕੁ ਮਿੰਟ ਅਖਬਾਰ ਵਿਚੋਂ ਕਦੇ ਇਕ ਖ਼ਬਰ ਲੈ ਕੇ ਉਸ ਦੀ ਖਿਚੜੀ ਪਕਾ ਦਿੱਤੀ ਜਾਂਦੀ ਹੈ।ਪ੍ਰਸਾਰ ਭਾਰਤੀ ਵੱਲੋਂ ਅਖ਼ਬਾਰਾਂ ਤੇ ਵਿਚਾਰ ਚਰਚਾ ਕਰਨ ਲਈ ਸਥਾਪਤ ਪੱਤਰਕਾਰ ਹੋਣੇ ਜ਼ਰੂਰੀ ਹਨ,ਪਰ ਇੱਥੇ ਜੋ ਕਦੇ ਕਿਸੇ ਅਖ਼ਬਾਰ ਨਾਲ ਕਿਸੇ ਵੀ ਰੂਪ ਵਿੱਚ ਜੁੜ ਕੇ ਸੇਵਾ ਨਿਭਾ ਚੁੱਕੇ ਹਨ,ਉਨ੍ਹਾਂ ਦੇ ਨਾਮ ਨਾਲ ਸੀਨੀਅਰ ਪੱਤਰਕਾਰ ਜੋਡ਼ ਕੇ ਕੰਮ ਚਲਾਇਆ ਜਾ ਰਿਹਾ ਹੈ।

“ਗੱਲਾਂ ਤੇ ਗੀਤ” ਪ੍ਰੋਗਰਾਮ ਚਾਲੂ ਕਰ ਲਿਆ ਹੈ ਪਰ ਸਿਰਫ਼ ਗੱਲਾਂ ਹੀ ਹੁੰਦੀਆਂ ਹਨ ਗੀਤ ਪਤਾ ਨਹੀਂ ਕਿਸ ਲਈ ਸਿਰਲੇਖ ਵਿੱਚ ਦਾਖ਼ਲ ਕੀਤਾ ਹੋਇਆ ਹੈ।ਅੰਮ੍ਰਿਤ ਵੇਲੇ ਦਾ ਸਮਾਂ ਬਾਬਿਆਂ ਨੂੰ ਵੇਚਿਆ ਹੋਇਆ ਹੈ ਪਤਾ ਨਹੀਂ ਉਹ ਕਿਹੜੇ ਰੱਬ ਨੂੰ ਪਾਉਣ ਦਾ ਤਰੀਕਾ ਦੱਸਦੇ ਹਨ।ਬਾਜ਼ਾਰੂ ਡਾਕਟਰ ਵੀ ਕਿਸੇ ਸਮੇਂ ਆ ਕੇ ਆਪਣੀ ਦਵਾਈ ਦਾ ਪ੍ਰਚਾਰ ਕਰਦੇ ਹਨ ਕਿ ਅਸੀਂ ਹਰ ਬੀਮਾਰੀ ਦਾ ਸ਼ਰਤੀਆ ਇਲਾਜ ਕਰਦੇ ਹਾਂ।ਡੀਡੀ ਪੰਜਾਬੀ ਦਾ ਪ੍ਰਚਾਰ ਦੇ ਨਾਮ ਤੇ ਇਕ ਗੀਤ ਦੀ ਵੀਡਿਓ ਬਣਾਈ ਹੋਈ ਹੈ,ਵਾਰ ਵਾਰ ਉਸ ਨੂੰ ਚਾਲੂ ਕਰ ਦਿੱਤਾ ਜਾਂਦਾ ਹੈ।

ਹਾਸੋਹੀਣੀ ਗੱਲ ਹੈ ਕਿ ਸਰੋਤਿਆਂ ਨੂੰ ਆਪਣੇ ਵੱਲ ਖਿੱਚਣ ਦਾ ਇਹ ਕਿਹੜਾ ਫਾਰਮੂਲਾ ਹੈ,ਜਿਹੜੇ ਪ੍ਰੋਗਰਾਮਾਂ ਦੀਆਂ ਗੱਲਾਂ ਕਰਦੇ ਹਨ ਉਹ ਪ੍ਰੋਗ੍ਰਾਮ ਮੌਜੂਦ ਹੀ ਨਹੀਂ ਹਨ।ਕੋਰੋਨਾ ਮਹਾਂਮਾਰੀ ਦਾ ਆਮ ਇਨਸਾਨਾਂ ਉੱਤੇ ਕੋਈ ਜ਼ਿਆਦਾ ਅਸਰ ਨਹੀਂ ਹੋਇਆ।ਦੂਰਦਰਸ਼ਨ ਪੰਜਾਬੀ ਤੇ ਪੰਜਾਬ ਸਕੂਲ ਸਿੱਖਿਆ ਵਿਭਾਗ ਦੇ ਉੱਤੇ ਪਤਾ ਨਹੀਂ ਕਿਹੜਾ ਅਸਰ ਹੋਇਆ ਹੈ।ਦੂਰਦਰਸ਼ਨ ਪੰਜਾਬੀ ਨੂੰ ਸਕੂਲ ਬਣਾ ਦਿੱਤਾ ਹੈ ਤੇ ਪੰਜਾਬ ਸਿੱਖਿਆ ਵਿਭਾਗ ਪੂਰੀ ਇੰਟਰਨੈੱਟ ਦੀ ਬੀਨ ਵਜਾ ਕੇ ਅਧਿਆਪਕਾਂ ਨੂੰ ਤੰਗ ਕਰ ਰਹੇ ਹਨ ਪਰ ਸਾਡੇ ਬੱਚੇ ਪੜ੍ਹਾਈ ਤੋਂ ਅਧੂਰੇ ਹਨ।ਪ੍ਰਸਾਰ ਭਾਰਤੀ ਤੇ ਪੰਜਾਬ ਸਰਕਾਰ ਨੂੰ ਆਪਣੇ ਆਪਣੇ ਇਲਾਕੇ ਵਿੱਚ ਰਹਿ ਕੇ ਆਪਣਾ ਕੰਮ ਸਹੀ ਰੂਪ ਵਿੱਚ ਕਰਨਾ ਚਾਹੀਦਾ ਹੈ।

ਸਾਡੀ ਮਾਂ ਬੋਲੀ ਪੰਜਾਬੀ ਦਾ ਇੱਕੋ ਹੀ ਚੈਨਲ ਹੈ ਜੋ ਮਾਂ ਬੋਲੀ ਦਾ ਪ੍ਰਚਾਰ ਤੇ ਪ੍ਰਸਾਰ ਕਰੇ,ਲੋਕ ਪ੍ਰਸਾਰਨ ਸੇਵਾ ਤਹਿਤ ਮਨੋਰੰਜਨ ਦਾ ਪੱਲਾ ਫੜੇ।ਸਕੂਲ ਖੁੱਲ੍ਹੇ ਹਨ ਬੱਚਿਆਂ ਨੂੰ ਸਹੀ ਰੂਪ ਵਿੱਚ ਕਿਤਾਬੀ ਸਿੱਖਿਆ ਅਤੇ ਸਕੂਲੀ ਅਨੁਸ਼ਾਸਨ ਦੇ ਕੇ ਉਨ੍ਹਾਂ ਦਾ ਭਵਿੱਖ ਉੱਨਤ ਕੀਤਾ ਜਾਵੇ।ਦੂਰਦਰਸ਼ਨ ਕਮਾਈ ਦੇ ਸਾਧਨ ਲਈ ਸਥਾਪਤ ਨਹੀਂ ਕੀਤਾ ਹੋਇਆ।ਸਿੱਖਿਆ ਵਿਭਾਗ ਦੂਰਦਰਸ਼ਨ ਨੂੰ ਭਾਰੀ ਰਕਮ ਦੇ ਕੇ ਪ੍ਰੋਗਰਾਮ ਚਲਾਉਣ ਦਾ ਕੀ ਫ਼ਾਇਦਾ ਜਦੋਂ ਕਿ ਉੱਚ ਕੋਟੀ ਦੇ ਅਧਿਆਪਕ ਸਕੂਲਾਂ ਵਿੱਚ ਮੌਜੂਦ ਹਨ ਖਾਲੀ ਪਈਆਂ ਥਾਵਾਂ ਨੂੰ ਭਰ ਕੇ ਸਿੱਖਿਆ ਨੂੰ ਸਾਰਥਿਕ ਰੂਪ ਦੇਣਾ ਚਾਹੀਦਾ ਹੈ।

ਜ਼ਰੂਰੀ ਖਾਸ ਗੱਲਾਂ – ਦੂਰਦਰਸ਼ਨ ਪੰਜਾਬੀ ਖੇਤਰੀ ਚੈਨਲ ਹੈ ਖੇਤਰੀ ਚੈਨਲ ਨੇ ਭਾਸ਼ਾ ਤੇ ਪਹਿਰਾਵੇ ਨੂੰ ਪਹਿਲ ਦੇਣੀ ਹੁੰਦੀ ਹੈ।ਭਾਸ਼ਾ ਦੇ ਉਤੇ ਇਲਾਕਾਈ ਭਾਸ਼ਾ ਭਾਰੂ ਹੈ ਜਿਸ ਨਾਲ ਅਸਲੀ ਮਾਂ ਬੋਲੀ ਪੰਜਾਬੀ ਦਾ ਆਧਾਰ ਕਮਜ਼ੋਰ ਹੋ ਜਾਂਦਾ ਹੈ।ਪਹਿਰਾਵਾ ਪੰਜਾਬੀ ਤੇ ਪਟਿਆਲਾ ਸੂਟ ਅਸੀਂ ਤਾਂ ਚੰਗੀ ਤਰ੍ਹਾਂ ਜਾਣਦੇ ਹਾਂ ਪਰ ਦੂਰਦਰਸ਼ਨ ਦੀਆਂ ਐਂਕਰ ਬੀਬੀਆਂ ਨੂੰ ਪਤਾ ਨਹੀਂ ਜਾਂ ਫਿਰ ਦੂਰਦਰਸ਼ਨ ਅਧਿਕਾਰੀ ਪੰਜਾਬੀ ਮਾਂ ਬੋਲੀ ਵਿਰਸੇ ਤੇ ਪਹਿਰਾਵੇ ਦਾ ਘਾਣ ਕਰਨਾ ਚਾਹੁੰਦੇ ਹਨ।

ਦੂਰਦਰਸ਼ਨ ਪੰਜਾਬੀ ਨਾਮ ਤੋਂ ਹੀ ਪਤਾ ਲੱਗਦਾ ਹੈ ਕਿ ਪੰਜਾਬੀ ਮਾਂ ਬੋਲੀ ਦਾ ਚੈਨਲ ਹੈ ਪਰ ਇਸ ਤੇ ਸੰਸਕ੍ਰਿਤ ਤੇ ਹਿੰਦੀ ਖ਼ਬਰਾਂ ਵੀ ਪੇਸ਼ ਕੀਤੀਆਂ ਜਾਂਦੀਆਂ,ਜਿਹੜਾ ਸਾਡੀ ਮਾਂ ਬੋਲੀ ਪੰਜਾਬੀ ਤੇ ਸਿੱਧਾ ਹਮਲਾ ਹੈ।ਮੈਂ ਹੈਰਾਨ ਹਾਂ ਪੰਜਾਬ ਦੀ ਸਰਕਾਰ ਸਮਾਜਿਕ ਜਥੇਬੰਦੀਆਂ ਤੇ ਸਾਹਿਤਕ ਸਭਾਵਾਂ ਜਿਹੜੀਆਂ ਮਾਂ ਬੋਲੀ ਜੋ ਸ਼ਰ੍ਹੇਆਮ ਘਾਣ ਹੋ ਰਿਹਾ ਹੈ ਉਸ ਵੱਲ ਕਦੇ ਨਿਗ੍ਹਾ ਜਾਂ ਕੰਨ ਨਹੀਂ ਕਰਦੇ ਕੀ ਮਜਬੂਰੀ ਹੈ।

ਰਮੇਸ਼ਵਰ ਸਿੰਘ
ਸੰਪਰਕ ਨੰਬਰ-9914880392

Previous articleਬੂਟਾ ਮੁਹੰਮਦ ਨੇ ‘ਸੰਵਿਧਾਨ ਬਚਾਉਣਾ ਏ’ ਗੀਤ ਰਾਹੀਂ ਦਿੱਤਾ ਹੋਕਾ
Next articleਫਿਰੋਜ ਖ਼ਾਨ ਦਾ ਟਰੈਕ ‘ਬਾਬਾ ਸਾਹਿਬ’ ਰਿਲੀਜ਼