ਸਿਡਨੀ (ਸਮਾਜਵੀਕਲੀ) – ਦੁਨੀਆ ਭਰ ’ਚ ਕਰੋਨਾਵਾਇਰਸ ਮਹਾਮਾਰੀ ਤੋਂ ਪੀੜਤ ਵਿਅਕਤੀਆਂ ਦੀ ਗਿਣਤੀ 35 ਲੱਖ ਤੋਂ ਪਾਰ ਹੋ ਗਈ ਹੈ। ਉਂਜ ਮੌਤਾਂ ਅਤੇ ਨਵੇਂ ਕੇਸਾਂ ਦੀ ਦਰ ਦੀ ਰਫ਼ਤਾਰ ਹੌਲੀ ਹੋਈ ਹੈ। ਪਿਛਲੇ ਕੁਝ ਦਿਨਾਂ ’ਚ ਉੱਤਰੀ ਅਮਰੀਕਾ ਅਤੇ ਯੂਰੋਪੀਅਨ ਮੁਲਕਾਂ ’ਚ ਨਵੇਂ ਕੇਸ ਸਾਹਮਣੇ ਆਏ ਹਨ ਪਰ ਲਾਤੀਨੀ ਅਮਰੀਕਾ, ਅਫ਼ਰੀਕਾ ਅਤੇ ਰੂਸ ’ਚ ਕਰੋਨਾ ਪੀੜਤਾਂ ਦੀ ਗਿਣਤੀ ਵਧ ਰਹੀ ਹੈ।
ਖ਼ਬਰ ਏਜੰਸੀ ਰਾਇਟਰਜ਼ ਮੁਤਾਬਕ ਪਿਛਲੇ 24 ਘੰਟਿਆਂ ਦੌਰਾਨ ਦੁਨੀਆ ’ਚ 84,004 ਨਵੇਂ ਕੇਸ ਆਏ ਹਨ। ਹੁਣ ਤਕ ਵਿਸ਼ਵ ’ਚ ਢਾਈ ਲੱਖ ਦੇ ਕਰੀਬ ਮੌਤਾਂ ਹੋ ਚੁੱਕੀਆਂ ਹਨ। ਰਿਪੋਰਟਾਂ ਮੁਤਾਬਕ ਰੂਸ ’ਚ ਕਰੋਨਾ ਪੀੜਤਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਸੋਮਵਾਰ ਨੂੰ 10,581 ਨਵੇਂ ਕੇਸ ਸਾਹਮਣੇ ਆਏ ਜਿਨ੍ਹਾਂ ’ਚੋਂ ਇਕੱਲੇ 5,795 ਕੇਸ ਮਾਸਕੋ ’ਚ ਹਨ।
ਰੂਸ ’ਚ ਕਰੋਨਾ ਪੀੜਤਾਂ ਦੀ ਗਿਣਤੀ 145,268 ਹੋ ਗਈ ਹੈ ਜਿਨ੍ਹਾਂ ’ਚੋਂ 1,356 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। ਖ਼ਬਰ ਏਜੰਸੀ ਸਿਨਹੂਆ ਮੁਤਾਬਕ ਇਟਲੀ ’ਚ ਰੋਜ਼ਾਨਾ ਮਰਨ ਵਾਲਿਆਂ ਦੀ ਗਿਣਤੀ ਘੱਟ ਕੇ 174 ਰਹਿ ਗਈ ਹੈ ਜੋ ਪਿਛਲੇ ਅੱਠ ਹਫ਼ਤਿਆਂ ’ਚ ਸਭ ਤੋਂ ਘੱਟ ਹੈ।
ਇਟਲੀ ਵੱਲੋਂ ਅੱਜ ਤੋਂ ਲੋਕਾਂ ਨੂੰ ਲੌਕਡਾਊਨ ’ਚ ਰਾਹਤ ਦਿੱਤੀ ਗਈ ਹੈ। ਉਂਜ ਇਟਲੀ ’ਚ ਕਰੋਨਾ ਨਾਲ 28,884 ਵਿਅਕਤੀ ਆਪਣੀ ਜਾਨ ਗੁਆ ਚੁੱਕੇ ਹਨ।