ਕਰੋਨਾ ਦੀ ਰੋਕਥਾਮ ਲਈ ਬੰਗਾਲੀ ਮਾਰਕੀਟ ਸੀਲ

ਨਵੀਂ ਦਿੱਲੀ (ਸਮਾਜਵੀਕਲੀ) – ਦੇਸ਼ ’ਚ ਕਰੋਨਾਵਾਇਰਸ ਦੀ ਜ਼ੱਦ ਆਏ ਇਲਾਕਿਆਂ ’ਚੋਂ ਤੀਜੇ ਨੰਬਰ ’ਤੇ ਪੁੱਜੀ ਕੌਮੀ ਰਾਜਧਾਨੀ ਦਿੱਲੀ ਦੀ ਮਸ਼ਹੂਰ ਬੰਗਾਲੀ ਮਾਰਕੀਟ ਸਮੇਤ 20 ਤੋਂ ਵੱਧ ਇਲਾਕੇ ਇਸ ਜਾਨਲੇਵਾ ਬਿਮਾਰੀ ਦੀ ਰੋਕਥਾਮ ਲਈ ਬੰਦ ਕਰਨ ਮਗਰੋਂ ਇਨ੍ਹਾਂ ਇਲਾਕਿਆਂ ’ਚ ਰੋਗਾਣੂ ਮੁਕਤ ਕਰਨ ਦੀ ਮੁਹਿੰਮ ਸ਼ੁਰੂ ਕੀਤੀ ਗਈ ਹੈ।

ਕਨਾਟ ਪਲੇਸ ਨੇੜੇ ਅਮੀਰਾਂ ਦੀ ਮਨਪਸੰਦ ਜਗ੍ਹਾ ਬੰਗਾਲੀ ਮਾਰਕੀਟ ਨੂੰ ਅੱਜ ਬੰਦ ਕਰ ਦਿੱਤਾ ਗਿਆ। ਇੱਥੋਂ ਦੀ ਬੰਗਾਲੀ ਪੇਸਟਰੀ ਸ਼ਾਪ ਦੀ ਛੱਤ ’ਤੇ 35 ਮਜ਼ਦੂਰਾਂ ਦੇ ਰਹਿੰਦੇ ਹੋਣ ਦਾ ਪਤਾ ਲੱਗਣ ਮਗਰੋਂ ਉਨ੍ਹਾਂ ਨੂੰ ਹਟਾ ਦਿੱਤਾ ਗਿਆ। ਮਾਰਕੀਟ ਦੀਆਂ ਵੱਖ-ਵੱਖ ਦੁਕਾਨਾਂ ’ਤੇ ਕੰਮ ਕਰਦੇ ਇਨ੍ਹਾਂ ਮਜ਼ਦੂਰਾਂ ਵਿੱਚੋਂ 3 ਨੂੰ ਕਰੋਨਾ ਹੋਣ ਦੀ ਪੁਸ਼ਟੀ ਹੋਣ ਮਗਰੋਂ ਇਸ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ। ਦਿੱਲੀ ਪੁਲੀਸ ਨੇ ਪੇਸਟਰੀ ਸ਼ਾਪ ਖ਼ਿਲਾਫ਼ ਆਈਪੀਸੀ ਦੀ ਧਾਰਾ 188 ਤਹਿਤ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਜਾਣਕਾਰੀ ਅਨੁਸਾਰ ਪੁਲੀਸ ਨੂੰ ਇਕ ਦੁਕਾਨ ਦੀ ਛੱਤ ’ਤੇ ਮਜ਼ਦੂਰਾਂ ਦੇ ਠਹਿਰਨ ਦਾ ਪਤਾ ਲੱਗਾ ਤਾਂ ਛਾਪਾ ਮਾਰ ਕੇ ਉੱਥੋਂ ਹਾਲਤ ਦੇਖੀ ਗਈ। ਦੱਸਿਆ ਗਿਆ ਕਿ ਛੋਟੇ ਕਮਰੇ ’ਚ ਕਰੀਬ 35 ਮਜ਼ਦੂਰ ਉੱਥੇ ਸਨ ਤੇ ਸਮਾਜਿਕ ਦੂਰੀ ਦਾ ਖ਼ਿਆਲ ਵੀ ਨਹੀਂ ਸੀ ਰੱਖਿਆ ਗਿਆ। ਉਧਰ ਦੁਕਾਨ ਮਾਲਕ ਨੇ ਕਿਹਾ ਕਿ ਇਸ ਦੁਕਾਨ ਉਪਰ ਕੋਈ ਕੰਮ ਨਹੀਂ ਸੀ ਹੋ ਰਿਹਾ ਤੇ ਇਹ ਮਜ਼ਦੂਰ ਤਾਲਾਬੰਦੀ ਹੋਣ ਕਾਰਨ ਦਿੱਲੀ ਵਿੱਚ ਫਸ ਗਏ ਸਨ ਤੇ ਘਰ ਨਹੀਂ ਜਾ ਸਕੇ। ਦਿੱਲੀ ਪੁਲੀਸ ਨੇ ਇਲਾਕੇ ਨੂੰ ਸੀਲ ਕਰ ਕੇ ਮਾਰਕੀਟ ਨੂੰ ਜਾਂਦੀਆਂ ਤਿੰਨਾਂ ਸੜਕਾਂ ’ਤੇ ਰੋਕਾਂ ਲਾ ਦਿੱਤੀਆਂ ਤੇ ਇੱਥੇ ਰਹਿੰਦੇ 300 ਤੋਂ ਵੱਧ ਪਰਿਵਾਰਾਂ ਨੂੰ ਹਦਾਇਤ ਕੀਤੀ ਹੈ ਕਿ ਉਹ ਘਰਾਂ ਵਿੱਚੋਂ ਨਾ ਨਿਕਲਣ ਤੇ ਉਨ੍ਹਾਂ ਨੂੰ ਜ਼ਰੂਰੀ ਸਮਾਨ ਪ੍ਰਸ਼ਾਸਨ ਘਰ ਵਿੱਚ ਹੀ ਪੁੱਜਦਾ ਕਰੇਗਾ।

ਇਸ ਇਲਾਕੇ ਵਿੱਚ ਰਹਿੰਦੇ ਚਾਰਟਡ ਅਕਾਊਂਟੈਂਟ ਸ਼ਵਿਤ ਭਾਰਗਵ ਨੇ ਦੱਸਿਆ ਕਿ ਇਨ੍ਹਾਂ ਮਜ਼ਦੂਰਾਂ ਨੂੰ ਅਚਾਨਕ ਦੁਕਾਨਦਾਰ ਨਹੀਂ ਕੱਢ ਸਕਦੇ ਸਨ ਜਿਸ ਕਰ ਕੇ ਉਹ ਦੁਕਾਨ ਦੀ ਛੱਤ ਉਪਰ ਰਹਿਣ ਲਈ ਮਜਬੂਰ ਹੋਏ, ਜਿਵੇਂ ਘਰਾਂ ’ਚ ਲੋਕ ਇੱਕੋ ਥਾਂ ਰਹਿੰਦੇ ਹਨ। ਇਹ ਬੱਸ ਦੁਕਾਨਦਾਰ ਦੀ ਬਦਕਿਸਮਤੀ ਹੀ ਸੀ ਜਦੋਂ ਕਿ ਖਾਣਾ ਸਪਲਾਈ ਕਰਨ ਵਾਲੀਆਂ ਦੁਕਾਨਾਂ ਜ਼ਰੂਰੀ ਵਸਤਾਂ ਦੇ ਨਾਂਅ ਹੇਠ ਖੁੱਲ੍ਹੀਆਂ ਰਹਿੰਦੀਆਂ ਹਨ। ਉਕਤ ਮਜ਼ਦੂਰ ਤਿੰਨਾਂ ਦੁਕਾਨਾਂ ਦੇ ਸਨ ਜੋ ਇੱਕੋ ਪਰਿਵਾਰ ਦੇ ਦੱਸੇ ਜਾ ਰਹੇ ਹਨ।

Previous articleਹੁਣ ਤੱਕ 50 ਹਜ਼ਾਰ ਤੋਂ ਵੱਧ ਅਮਰੀਕੀ ਵਾਪਸ ਲਿਆਂਦੇ: ਪੌਂਪੀਓ
Next articleਦਿੱਲੀ ਸਰਕਾਰ ਵੱਲੋਂ ਕਰੋਨਾ ਤੇ ਤਨਖ਼ਾਹ ਦੇ ਖਰਚਿਆਂ ਤੋਂ ਇਲਾਵਾ ਬਾਕੀ ਖਰਚੇ ਬੰਦ