‘ਕਰੋਨਾ ਦੀ ਤੀਜੀ ਲਹਿਰ ਲਈ ਤਿਆਰ ਰਹੋ’

ਨਵੀਂ ਦਿੱਲੀ, (ਸਮਾਜ ਵੀਕਲੀ) : ਕੇਂਦਰ ਸਰਕਾਰ ਨੇ ਅੱਜ ਕਿਹਾ ਕਿ ਕਰੋਨਾਵਾਇਰਸ ਮਹਾਮਾਰੀ ਦੀ ਤੀਜੀ ਲਹਿਰ ‘ਅਟੱਲ’ ਹੈ, ਹਾਲਾਂਕਿ ਇਹ ਕਦੋਂ ਆਵੇਗੀ ਇਸ ਦਾ ਪਹਿਲਾਂ ਤੋਂ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ। ਇੱਥੇ ਅੱਜ ਇਕ ਪ੍ਰੈੱਸ ਮਿਲਣੀ ਦੌਰਾਨ ਸਿਹਤ ਮੰਤਰਾਲੇ ਦੇ ਅਧਿਕਾਰੀਆਂ ਨੇ ਕਿਹਾ ਕਿ ਦੇਸ਼ ਇਸ ‘ਤੀਬਰਤਾ’ ਦੀ ਜਿਸ ਲੰਬੀ ਕੋਵਿਡ ਲਹਿਰ ਦਾ ਸਾਹਮਣਾ ਕਰ ਰਿਹਾ ਹੈ ਉਸ ਦਾ ਪਹਿਲਾਂ ਤੋਂ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ ਸੀ।

ਸਰਕਾਰ ਨੇ ਕਿਹਾ ਕਿ ਕਰਨਾਟਕ, ਕੇਰਲ ਤੇ ਉੱਤਰ ਪ੍ਰਦੇਸ਼ ਸਮੇਤ 12 ਰਾਜਾਂ ਵਿਚ ਕਰੋਨਾਵਾਇਰਸ ਦੇ ਇਸ ਵੇਲੇ ਇਕ ਲੱਖ ਤੋਂ ਵੱਧ ਮਰੀਜ਼ ਜ਼ੇਰੇ ਇਲਾਜ ਹਨ। ਕਰਨਾਟਕ, ਕੇਰਲ, ਤਾਮਿਲਨਾਡੂ, ਪੱਛਮੀ ਬੰਗਾਲ, ਰਾਜਸਥਾਨ ਤੇ ਬਿਹਾਰ ਉਨ੍ਹਾਂ ਰਾਜਾਂ ਵਿਚ ਸ਼ਾਮਲ ਹਨ ਜਿਨ੍ਹਾਂ ਵਿਚ ਰੋਜ਼ਾਨਾ ਦੇ ਕੇਸਾਂ ਦੀ ਗਿਣਤੀ ਵਿਚ ਵਾਧਾ ਹੋ ਰਿਹਾ ਹੈ। ਸਰਕਾਰ ਨੇ ਕਿਹਾ ਕਿ 24 ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿਚ 15 ਫ਼ੀਸਦ ਤੋਂ ਵੱਧ ਪਾਜ਼ੇਟੀਵਿਟੀ ਦਰ ਹੈ। ਕੇਂਦਰ ਸਰਕਾਰ ਦੇ ਪ੍ਰਮੁੱਖ ਵਿਗਿਆਨਕ ਸਲਾਹਕਾਰ ਕੇ ਵਿਜੈ ਰਾਘਵਨ ਨੇ ਕਿਹਾ, ‘‘ਲਾਗ ਦੇ ਉੱਚ ਪੱਧਰ ਨੂੰ ਦੇਖਦੇ ਹੋਏ ਕਰੋਨਾਵਾਇਰਸ ਦੀ ਤੀਜੀ ਲਹਿਰ ਆਉਣਾ ‘ਅਟੱਲ’ ਹੈ ਪਰ ਇਹ ਸਪੱਸ਼ਟ ਨਹੀਂ ਕਿ ਇਹ ਕਦੋਂ ਆਵੇਗੀ। ਸਾਨੂੰ ਨਵੀਂ ਲਹਿਰ ਲਈ ਤਿਆਰ ਰਹਿਣਾ ਚਾਹੀਦਾ ਹੈ।’’

ਨੀਤੀ ਆਯੋਗ ਦੇ ਮੈਂਬਰ ਡਾ. ਵੀ.ਕੇ. ਪੌਲ ਨੇ ਡਾਕਟਰਾਂ ਨੂੰ ਅਪੀਲ ਕੀਤੀ ਕਿ ਉਹ ਕਰੋਨਾਵਾਇਰਸ ਲਾਗ ਨਾਲ ਪ੍ਰਭਾਵਿਤ ਹੋ ਕੇ ਘਰਾਂ ਵਿੱਚ ਇਕਾਂਤਵਾਸ ਪਰਿਵਾਰਾਂ ਨੂੰ ਟੈਲੀਫੋਨ ’ਤੇ ਸਲਾਹ-ਮਸ਼ਵਰਾ ਦੇਣ ਲਈ ਅੱਗੇ ਅਉਣ। ਉਨ੍ਹਾਂ ਕਿਹਾ, ‘‘ਬਦਲਦੇ ਵਾਇਰਸ ਦੀ ਪ੍ਰਤੀਕਿਰਿਆ ਇਕ ਬਰਾਬਰ ਰਹਿੰਦੀ ਹੈ। ਸਾਨੂੰ ਕੋਵਿਡ-19 ਸਬੰਧੀ ਢੁਕਵਾਂ ਵਿਵਹਾਰ ਜਿਵੇਂ ਕਿ ਮਾਸਕ ਪਾਉਣਾ, ਸਮਾਜਿਕ ਦੂਰੀ, ਸਾਫ਼-ਸਫ਼ਾਈ, ਗੈਰ-ਜ਼ਰੂਰੀ ਇਕੱਤਰਤਾਵਾਂ ਤੋਂ ਪਰਹੇਜ਼ ਕਰਨਾ ਅਤੇ ਘਰ ਵਿਚ ਹੀ ਰਹਿਣਾ ਯਕੀਨੀ ਬਣਾਉਣਾ ਚਾਹੀਦਾ ਹੈ।’’ ਇਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ, ‘‘ਇਹ ਬਿਮਾਰੀ ਜਾਨਵਰਾਂ ਰਾਹੀਂ ਨਹੀਂ ਫੈਲ ਰਹੀ, ਬਲਕਿ ਇਸ ਦਾ ਪ੍ਰਸਾਰ ਮਨੁੱਖ ਤੋਂ ਮਨੁੱਖ ਵਿਚ ਹੋ ਰਿਹਾ ਹੈ।’’

ਉੱਧਰ, ਕੇਂਦਰੀ ਸਿਹਤ ਮੰਤਰਾਲੇ ਦੇ ਜੁਆਇੰਟ ਸਕੱਤਰ ਲਵ ਅਗਰਵਾਲ ਨੇ ਕਿਹਾ ਕਿ ਵਿਦੇਸ਼ਾਂ ਵਿਚੋਂ ਆ ਰਹੀ ਵਿਦੇਸ਼ੀ ਸਹਾਇਤਾ ਦੀ ਨਿਗਰਾਨੀ ਸੀਨੀਅਰ ਅਧਿਕਾਰੀਆਂ ਦੇ ਇਕ ਸਮੂਹ ਵੱਲੋਂ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ, ‘‘ਸਾਡੇ ਤਕਨੀਕੀ ਵਿੰਗ ਨੇ ਦਿਸ਼ਾ-ਨਿਰਦੇਸ਼ ਬਣਾਏ ਹਨ ਕਿ ਕਿਸ ਹਸਪਤਾਲ ਵਿਚ ਕਿਹੜੇ ਉਪਕਰਨ ਠੀਕ ਰਹਿਣਗੇ। ਜਿਸ ਕਿਸੇ ਹਸਪਤਾਲ ਵਿਚ ਕਿਸੇ ਉਪਕਰਨ ਦੀ ਲੋੜ ਮਹਿਸੂਸ ਹੁੰਦੀ ਹੈ ਉੱਥੇ ਉਹ ਉਪਕਰਨ ਤੁਰੰਤ ਭੇਜ ਦਿੱਤਾ ਜਾਂਦਾ ਹੈ।’’

ਸ੍ਰੀ ਅਗਰਵਾਲ ਨੇ ਕਿਹਾ ਕਿ ਮਹਾਰਾਸ਼ਟਰ ਵਿਚ 11 ਜ਼ਿਲ੍ਹਿਆਂ ’ਚ ਪਿਛਲੇ 14 ਦਿਨਾਂ ਤੋਂ ਕਰੋਨਾ ਕੇਸਾਂ ਦੀ ਗਿਣਤੀ ’ਚ ਲਗਾਤਾਰ ਨਿਘਾਰ ਆ ਰਿਹਾ ਹੈ ਜਦੋਂ ਕਿ ਸਾਤਾਰਾ ਤੇ ਸ਼ੋਲਾਪੁਰ ਵਰਗੇ ਕੁਝ ਜ਼ਿਲ੍ਹਿਆਂ ਵਿਚ ਪਿਛਲੇ ਦੋ ਹਫ਼ਤਿਆਂ ਤੋਂ ਕੇਸਾਂ ਦੀ ਗਿਣਤੀ ਲਗਾਤਾਰ ਵਧੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੇਸ਼ ਭਰ ਵਿਚ ਸਿਹਤ ਸੰਭਾਲ ਖੇਤਰ ਦੀਆਂ ਸਮਰੱਥਾਵਾਂ ਵਧਾਉਣ ਦੀ ਪੂਰੀ ਕੋਸ਼ਿਸ਼ ਕਰ ਰਹੀ ਹੈ।

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਭਾਰਤੀ ਵਫ਼ਦ ਦੀਆਂ ਕਰੋਨਾ ਨੈਗੇਟਿਵ ਰਿਪੋਰਟਾਂ ਉੱਤੇ ਸਵਾਲ ਉੱਠੇ
Next articleਆਕਸੀਜਨ ਮੁੱਕਣ ਕਾਰਨ ਦੋ ਹਸਪਤਾਲਾਂ ’ਚ 18 ਮੌਤਾਂ