ਨਵੀਂ ਦਿੱਲੀ (ਸਮਾਜਵੀਕਲੀ) : ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਚੁਣੌਤੀਆਂ ਮਿਲ ਰਹੀਆਂ ਹਨ ਪਰ ਦਲ ਦੀ ਦਿੱਲੀ ਇਕਾਈ ਵੱਲੋਂ ਆਪਣੀਆਂ ਸਫ਼ਾਂ ਮਜ਼ਬੂਤ ਕਰਨ ਦੀ ਕਵਾਇਦ ਕੀਤੀ ਜਾ ਰਹੀ ਹੈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ’ਤੇ ਵੱਡੇ ਬਹੁਮਤ ਨਾਲ ਕਾਬਜ਼ ਸ਼੍ਰੋਮਣੀ ਅਕਾਲੀ ਦਲ ਦੀ ਦਿੱਲੀ ਇਕਾਈ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ (ਸਾਬਕਾ ਵਿਧਾਇਕ) ਵੱਲੋਂ ਦਲ ਵਿੱਚ ਅਹੁਦੇਦਾਰੀਆਂ ਵੰਡੀਆਂ ਜਾ ਰਹੀਆਂ ਹਨ ਤੇ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਹਰ ਵਰਗ ਨੂੰ ਨੁਮਾਇੰਦਗੀ ਦਿੱਤੀ ਜਾਵੇ।
ਇਸੇ ਕਰਕੇ ਸਫ਼ਾਂ ਵਿੱਚ ਉਤਸ਼ਾਹ ਭਰਨ ਲਈ ਸ੍ਰੀ ਕਾਲਕਾ ਨੇ ਜ਼ਮੀਨੀ ਪੱਧਰ ਦੇ ਆਗੂਆਂ ਨੂੰ ਆਪਣੀ ਟੀਮ ਵਿੱਚ ਅਹਿਮ ਥਾਂ ਦਿੱਤੀ ਹੈ। ਜਿੱਥੇ ਕਿਆਸ ਲਾਏ ਜਾ ਰਹੇ ਸਨ ਕਿ ਮਨਜੀਤ ਸਿੰਘ ਜੀ.ਕੇ. ਵੱਲੋਂ ਨਵਾਂ ਧੜਾ ਕਾਇਮ ਕਰਨ ਨਾਲ ਅਕਾਲੀ ਦਲ ਨੂੰ ਨੁਕਸਾਨ ਹੋਵੇਗਾ ਪਰ ਦਿੱਲੀ ਦੇ ਅਕਾਲੀ ਧੜੇ ਅੰਦਰ ਓਨੀ ਟੁੱਟ ਭੱਜ ਨਹੀਂ ਹੋਈ।
ਸ੍ਰੀ ਕਾਲਕਾ ਵੱਲੋਂ ਮਨਜੀਤ ਸਿੰਘ ਜੀ.ਕੇ ਦੇ ਕਰੀਬ ਰਹੇ ਗੁਰਪ੍ਰੀਤ ਸਿੰਘ ਜੱਸਾ ਨੂੰ ਮੀਤ ਪ੍ਰਧਾਨ ਬਣਾ ਕੇ ਦੱਖਣੀ ਦਿੱਲੀ ਦੇ ਇਲਾਕੇ ‘ਚ ਜੜ੍ਹਾਂ ਮਜ਼ਬੂਤ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਇਸੇ ਤਰ੍ਹਾਂ ਐੱਸ.ਐੱਸ, ਬਿਲਕੂ ਨੂੰ ਥਾਂ ਦੇ ਕੇ ਰਾਮਗੜ੍ਹੀਆ ਭਾਈਚਾਰੇ ‘ਚ ਥਾਂ ਬਣਾਉਣ ਦੀ ਕੋਸ਼ਿਸ਼ ਹੈ।
ਪਰਮਜੀਤ ਸਿੰਘ ਸਰਨਾ ਦੀ ਅਗਵਾਈ ਵਾਲੇ ਸ਼੍ਰੋਮਣੀ ਅਕਾਲੀ ਦਲ (ਦਿੱਲੀ) ਅਤੇ ਸ੍ਰੀ ਜੀ.ਕੇ. ਦੇ ਧੜੇ ਦੀ ਅੰਦਰੂਨੀ ਸਾਂਝ ਦੀਆਂ ਸੰਭਾਵਨਾਵਾਂ ਦੇ ਮੱਦੇਨਜ਼ਰ ਦਿੱਲੀ ਕਮੇਟੀ ਦੇ ਸੱਤਾਧਾਰੀਆਂ ਵੱਲੋਂ ਵੱਖਰੀ ਰਣਨੀਤੀ ਦੀ ਝਲਕ ਮੌਜੂਦਾ ਪਾਰਟੀ ਵਿਸਥਾਰ ਤੋਂ ਪ੍ਰਗਟ ਹੁੰਦੀ ਹੈ।
ਸੀਨੀਅਰ ਅਕਾਲੀ ਆਗੂ ਹਰਮਨਜੀਤ ਸਿੰਘ ਨੇ ਕਿਹਾ ਕਿ ਹੁਣ ਸਿਰਫ਼ ਸ਼੍ਰੋਮਣੀ ਅਕਾਲੀ ਦਲ ਹੀ ਸਿੱਖਾਂ ਦੀ ਨੁਮਾਇੰਦਾ ਪਾਰਟੀ ਹੈ। ਉਨ੍ਹਾਂ ਕਿਹਾ ਕਿ ਦਿੱਲੀ ‘ਚ ਦਲ ਦੇ ਕਾਰਕੁਨ ਵਿਰੋਧੀਆਂ ਨੂੰ ਟੱਕਰ ਦੇਣ ਦੇ ਸਮਰੱਥ ਹਨ ਤੇ ਨੌਜਵਾਨਾਂ ਨੇ ਲੰਗਰ ਸੇਵਾ ਦੌਰਾਨ ਅਹਿਮ ਭੂਮਿਕਾ ਨਿਭਾਈ ਸੀ।