ਫਾਜ਼ਿਲਕਾ (ਸਮਾਜਵੀਕਲੀ) – ਕਰੋਨਾਵਾਇਰਸ ਕਾਰਨ ਜਿਥੇ ਸਮੁੱਚੇ ਦੇਸ਼ ਦੇ ਕਿਰਤੀ ਵਿਹਲੇ ਹੋ ਕੇ ਆਪਣੀ ਜ਼ਿੰਦਗੀ ਮੁਸ਼ਕਲ ਨਾਲ ਕੱਟਣ ਲਈ ਮਜਬੂਰ ਹਨ, ਉਥੇ ਬਿਨਾਂ ਕੋਈ ਤਰਸ ਕੀਤੇ ਠੱਗੀ ਮਾਰਨ ਵਾਲਾ ਗੈਂਗ ਗਰੀਬ ਲੋਕਾਂ ਦੇ ਖਾਤਿਆਂ ਵਿੱਚ ਪੈਸੇ ਪਾਉਣ ਦੇ ਨਾਂ ’ਤੇ ਠੱਗੀ ਮਾਰ ਰਿਹਾ ਹੈ। ਇਸ ਸਬੰਧੀ ਥਾਣਾ ਸਦਰ ਫਾਜ਼ਿਲਕਾ ਵੱਲੋਂ ਕੁਝ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਜ਼ਿਲ੍ਹੇ ਦੇ ਦੋ ਦਰਜਨ ਤੋਂ ਵੱਧ ਪਿੰਡਾਂ ਵਿੱਚ ਸਾਜ਼ਿਸ਼ ਤਹਿਤ ਕੁਝ ਸ਼ਾਤਰ ਨੌਜਵਾਨਾਂ ਵੱਲੋਂ ਕੋਵਿਡ ਐਪ ਦੇ ਨਾਮ ’ਤੇ ਫਾਰਮ ਭਰ ਕੇ ਗਰੀਬ ਪਰਿਵਾਰਾਂ ਲੋਕਾਂ ਕੋਲੋਂ ਪੰਜਾਹ ਰੁਪਏ ਤੋਂ ਲੈ ਕੇ ਸੌ ਰੁਪਏ ਤੱਕ ਠੱਗੀ ਮਾਰੀ ਗਈ ਹੈ।ਠੱਗੀ ਮਾਰਨ ਵਾਲੇ ਨੌਜਵਾਨਾਂ ਵੱਲੋਂ ਪਿੰਡਾਂ ਵਿੱਚ ਮੁਨਿਆਦੀ ਕਰਵਾਈ ਗਈ ਕਿ ਕਰੋਨਾਵਾਇਰਸ ਕਾਰਨ ਪੰਜਾਬ ਸਰਕਾਰ ਵੱਲੋਂ ਸਕੀਮ ਸ਼ੁਰੂ ਕੀਤੀ ਗਈ ਹੈ ਕਿ ਇਸ ਫਾਰਮ ਭਰਨ ਨਾਲ ਉਨ੍ਹਾਂ ਦੇ ਖਾਤਿਆਂ ਵਿੱਚ ਪੰਜ ਹਜ਼ਾਰ ਰੁਪਏ ਆਉਣਗੇ। ਇਹ ਸੁਣਦਿਆਂ ਹੀ ਪਿੰਡਾਂ ਵਿੱਚ ਲੋਕਾਂ ਦੀਆਂ ਫਾਰਮ ਭਰਨ ਵਾਲੇ ਨੌਜਵਾਨਾਂ ਕੋਲ ਭੀੜਾਂ ਲੱਗ ਗਈਆਂ। ਇਸ ਦਾ ਪਤਾ ਲੱਗਣ ’ਤੇ ਕੁਝ ਸੂਝਵਾਨ ਲੋਕਾਂ ਨੇ ਪ੍ਰਸ਼ਾਸਨ ਤੱਕ ਪਹੁੰਚ ਕਰਕੇ ਪੁੱਛਿਆ ਗਿਆ।