ਨਵੀਂ ਦਿੱਲੀ (ਸਮਾਜਵੀਕਲੀ) : ਭਾਰਤ ਵੱਲੋਂ ਕਰੋਨਾਵਾਇਰਸ ਦਾ ਟੀਕਾ ਤਿਆਰ ਕਰਨ ’ਚ ਅਚਾਨਕ ਦਿਖਾਈ ਤੇਜ਼ੀ ਦਰਮਿਆਨ ਵਿਗਿਆਨੀਆਂ ਨੇ ਕਿਹਾ ਹੈ ਕਿ ਇਸ ਦੇ ਪ੍ਰੀਖਣ ’ਚ ਪੂਰੀ ਇਹਤਿਆਤ ਵਰਤਣ ਦੀ ਲੋੜ ਹੈ। ਜ਼ਿਕਰਯੋਗ ਹੈ ਕਿ ਆਈਸੀਐੱਮਆਰ ਨੇ ਸ਼ੁੱਕਰਵਾਰ ਨੂੰ ਐਲਾਨ ਕੀਤਾ ਹੈ ਕਿ 15 ਅਗਸਤ ਨੂੰ ਕਰੋਨਾਵਾਇਰਸ ਦਾ ਟੀਕਾ ਤਿਆਰ ਕਰ ਲਿਆ ਜਾਵੇਗਾ। ਮਾਹਿਰਾਂ ਦਾ ਮੰਨਣਾ ਹੈ ਕਿ ਮਹਾਮਾਰੀ ਨਾਲ ਸਬੰਧਤ ਟੀਕਾ ਤਿਆਰ ਕਰਨ ’ਚ ਵਰ੍ਹਿਆਂ ਦਾ ਸਮਾਂ ਲੱਗ ਜਾਂਦਾ ਹੈ।
ਊਧਰ ਆਈਸੀਐੱਮਆਰ ਨੇ ਕਿਹਾ ਕਿ ਊਹ ਆਲਮੀ ਨੇਮਾਂ ਦੀ ਪਾਲਣਾ ਕਰਦਿਆਂ ਫੌਰੀ ਵੈਕਸੀਨ ਵਿਕਸਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਊਨ੍ਹਾਂ ਕਿਹਾ ਕਿ ਆਈਸੀਐੱਮਆਰ ਦੇ ਡਾਇਰੈਕਟਰ ਼ ਜਨਰਲ ਡਾਕਟਰ ਬਲਰਾਮ ਭਾਰਗਵ ਵੱਲੋਂ ਕਲੀਨਿਕਲ ਟ੍ਰਾਇਲਾਂ ਲਈ ਲਿਖਿਆ ਗਿਆ ਪੱਤਰ ਲਾਲਫੀਤਾਸ਼ਾਹੀ ’ਤੇ ਲਗਾਮ ਲਾਊਣ ਲਈ ਹੈ। ਊਨ੍ਹਾਂ ਕਿਹਾ ਕਿ ਦੁਨੀਆ ਭਰ ’ਚ ਵੀ ਤੇਜ਼ੀ ਨਾਲ ਵੈਕਸੀਨ ਵਿਕਸਤ ਕੀਤੇ ਜਾਣ ਦੇ ਯਤਨ ਕੀਤੇ ਜਾ ਰਹੇ ਹਨ। ਡਰੱਗਜ ਕੰਟਰੋਲਰ ਜਨਰਲ ਆਫ਼ ਇੰਡੀਆ ਨੇ ‘ਕੋਵੈਕਸਿਨ’ ਦੇ ਪਹਿਲੀ ਅਤੇ ਦੂਜੇ ਪੜਾਅ ਦੇ ਕਲੀਨਿਕਲ ਟ੍ਰਾਇਲ ਦੀ ਇਜਾਜ਼ਤ ਦੇ ਦਿੱਤੀ ਹੈ ਤਾਂ ਜੋ ਲੋਕਾਂ ਨੂੰ ਮਹਾਮਾਰੀ ਤੋਂ ਛੇਤੀ ਛੁਟਕਾਰਾ ਮਿਲ ਸਕੇ।
ਲਾਗ ਦੇ ਮਾਹਿਰ ਸ਼ਾਹਿਦ ਜਮੀਲ ਨੇ ਕਿਹਾ ਕਿ ਚਾਰ ਹਫ਼ਤਿਆਂ ’ਚ ਟੀਕਾ ਤਿਆਰ ਹੋਣਾ ਅਸੰਭਵ ਹੈ। ਇਕ ਹੋਰ ਮਾਹਿਰ ਊਪਾਸਨਾ ਰੇਅ ਨੇ ਕਿਹਾ ਕਿ ਟੀਕਾ ਤਿਆਰ ਕਰਨ ’ਚ ਜਲਦਬਾਜ਼ੀ ਨਹੀਂ ਦਿਖਾਈ ਜਾਣੀ ਚਾਹੀਦੀ ਹੈ। ਆਈਸੀਐੱਮਆਰ ਦੇ ਸਾਬਕਾ ਡਾਇਰੈਕਟਰ ਜਨਰਲ ਐੱਨ ਕੇ ਗਾਂਗੁਲੀ ਨੇ ਕਿਹਾ ਕਿ ਚੰਗੀ ਵੈਕਸੀਨ ਤਿਆਰ ਕਰਨ ਲਈ ਘੱਟੋ ਘੱਟ ਡੇਢ ਸਾਲ ਦਾ ਸਮਾਂ ਲਗਦਾ ਹੈ ਅਤੇ ਹੁਣ 15 ਅਗਸਤ ਨੂੰ ਜਾਰੀ ਕੀਤੇ ਜਾਣ ਵਾਲੇ ਟੀਕੇ ਦੇ ਸਫ਼ਲ ਰਹਿਣ ਬਾਰੇ ਖ਼ਦਸ਼ਾ ਬਣਿਆ ਰਹੇਗਾ।