ਨਵੀਂ ਦਿੱਲੀ (ਸਮਾਜ ਵੀਕਲੀ) : ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਵੱਲੋਂ ਲੋਕ ਸਭਾ ’ਚ ਵਿੱਤੀ ਵਰ੍ਹੇ 2021-2022 ਦਾ ਆਮ ਬਜਟ ਪੜ੍ਹਨਾ ਸ਼ੁਰੂ ਕੀਤਾ ਗਿਆ ਤਾਂ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਵੱਲੋਂ ਸ਼ੋਰ ਮਚਾਉਣਾ ਸ਼ੁਰੂ ਕਰ ਦਿੱਤਾ ਗਿਆ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਗਵਾਈ ਹੇਠ ਹੋਈ ਮੰਤਰੀ ਮੰਡਲ ਦੀ ਮੀਟਿੰਗ ਵਿੱਚ ਬਜਟ ਨੂੰ ਮਨਜ਼ੂਰੀ ਦਿੱਤੀ ਗਈ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀਆਂ ਫਸਲਾਂ ’ਤੇ ਐਮਐਸਪੀ ਡੇਢ ਗੁਣਾ ਵਧਾਇਆ ਜਾਵੇਗਾ।
ਵਿੱਤ ਮੰਤਰੀ ਵੱਲੋਂ ਬਜਟ ਪੜ੍ਹਦਿਆਂ ਕੇਂਦਰ ਸਰਕਾਰ ਦੀਆਂ ਯੋਜਨਾਵਾਂ ਦੇ ਫਾਇਦੇ ਦੱਸਣੇ ਸ਼ੁਰੂ ਕੀਤੇ ਤਾਂ ਸ਼੍ਰੋਮਣੀ ਅਕਾਲੀ ਦਲ ਤੇ ‘ਆਪ’ ਦੇ ਮੈਂਬਰਾਂ ਨੇ ਸ਼ੋਰ ਪਾਇਆ। ਉਨ੍ਹਾਂ ਕਿਹਾ ਕਿ ਸਰਕਾਰ ਨੇ ਕੋਵਿਡ-19 ਮਹਾਮਾਰੀ ਨਾਲ ਨਜਿੱਠਣ ਲਈ ਆਤਮਨਿਰਭਰ ਪੈਕੇਜ ਤਹਿਤ 27.1 ਲੱਖ ਕਰੋੜ ਰੁਪਏ ਦਾ ਐਲਾਨ ਕੀਤਾ। ਸੀਤਾਰਾਮਨ ਵੱਲੋਂ ਬਜਟ ’ਚ ਸਿਹਤ ਖੇਤਰ ਉੱਪਰ ਧਿਆਨ ਕੇਂਦਰਿਤ ਕੀਤਾ। ਉਨ੍ਹਾਂ ਵੱਲੋਂ ਕੂੜਾ ਪ੍ਰਬੰਧਨ ਲਈ ਯੋਜਨਾਵਾਂ, ਕਰੋਨਾ ਰੋਕਣ ਲਈ ਯੋਜਨਾਵਾਂ, ਆਤਮਨਿਰਭਰ ਪੈਕੇਜ ਦਾ ਐਲਾਨ ਕੀਤਾ ਗਿਆ, ਜਿਸ ਨਾਲ ਰਚਨਾਤਮਕ ਸੁਧਾਰਾਂ ਦੀ ਗਤੀ ਤੇਜ਼ ਹੋਈ ਹੈ।
ਉਨ੍ਹਾਂ ਮੁਤਾਬਕ ਬਜਟ ਬਣਾਉਣ ਸਮੇਂ ਕਰੋਨਾ ਮਹਾਮਾਰੀ ਦਾ ਅਸਰ ਪਿਆ ਹੈ। ਦੇਸ਼ ਚ 15 ਨਵੇਂ ਸਿਹਤ ਕੇਂਦਰ ਖੋਲ੍ਹਣ ਅਤੇ ਕਰੋਨਾ ਟੀਕਕਰਨ ਲਈ 35 ਹਜ਼ਾਰ ਕਰੋੜ ਰੁਪਏ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਭਾਰਤ ਕੋਲ ਕੋਵਿਡ -19 ਮਹਾਮਾਰੀ ਰੋਕਣ ਲਈ ਦੋ ਟੀਕੇ ਹਨ ਅਤੇ ਜਲਦੀ ਹੀ ਦੋ ਹੋਰ ਟੀਕੇ ਜਲਦੀ ਹੀ ਆਉਣਗੇ। ਬਜਟ ਪ੍ਰਸਤਾਵ ਸਿਹਤ ਅਤੇ ਜਨ ਕਲਿਆਣ, ਭੌਤਿਕ ਅਤੇ ਵਿੱਤੀ ਪੂੰਜੀ ਸਣੇ ਛੇ ਸਤੰਭਾਂ ’ਤੇ ਆਧਾਰਿਤ ਹੈ। ਵਿੱਤ ਮੰਤਰੀ ਨੇ ਇਸ ਤੋਂ ਪਹਿਲਾਂ ਰਵਾਇਤ ਮੁਤਾਬਕ ਸੰਸਦ ਜਾਣ ਤੋਂ ਪਹਿਲਾਂ ਰਾਸ਼ਟਰਪਤੀ ਭਵਨ ’ਚ ਰਾਸ਼ਟਰਪਤੀ ਰਾਮਨਾਥ ਕੋਵਿੰਦ ਨਾਲ ਮੁਲਾਕਾਤ ਵੀ ਕੀਤੀ।