ਨਵੀਂ ਦਿੱਲੀ (ਸਮਾਜਵੀਕਲੀ) : ਰਿਕਾਰਡ 27,114 ਕੇਸਾਂ ਦੇ ਵਾਧੇ ਨਾਲ ਭਾਰਤ ਵਿਚ ਕਰੋਨਾਵਾਇਰਸ ਦੇ ਹੁਣ ਤੱਕ ਸਾਹਮਣੇ ਆਏ ਮਾਮਲਿਆਂ ਦੀ ਗਿਣਤੀ ਅੱਠ ਲੱਖ ਤੋਂ ਟੱਪ ਗਈ ਹੈ। ਕੇਸਾਂ ਨੂੰ ਸੱਤ ਤੋਂ ਅੱਠ ਲੱਖ ਹੁੰਦਿਆਂ ਚਾਰ ਦਿਨ ਲੱਗੇ ਹਨ। ਸਿਹਤ ਮੰਤਰਾਲੇ ਦੇ ਅੰਕੜਿਆਂ ਮੁਤਾਬਕ ਕੁੱਲ 8,20,916 ਮਾਮਲੇ ਉਜਾਗਰ ਹੋ ਚੁੱਕੇ ਹਨ।
24 ਘੰਟਿਆਂ ਵਿਚ 519 ਮੌਤਾਂ ਹੋਈਆਂ ਹਨ ਤੇ ਹੁਣ ਤੱਕ ਕੁੱਲ 22,123 ਵਿਅਕਤੀ ਕਰੋਨਾ ਨਾਲ ਜਾਨ ਗੁਆ ਚੁੱਕੇ ਹਨ। 20 ਹਜ਼ਾਰ ਤੋਂ ਵੱਧ ਕੇਸ ਲਗਾਤਾਰ ਅੱਠਵੇਂ ਦਿਨ ਸਾਹਮਣੇ ਅਾਏ ਹਨ। ਭਾਰਤ ਵਿਚ ਕਰੋਨਾਵਾਇਰਸ ਦੇ ਕੇਸਾਂ ਦੀ ਗਿਣਤੀ ਤੇਜ਼ੀ ਨਾਲ ਵਧੀ ਹੈ। ਇਕ ਲੱਖ ਕੇਸ 110 ਦਿਨਾਂ ਜਦਕਿ ਅਗਲੇ ਸੱਤ ਲੱਖ ਕੇਸ ਸਿਰਫ਼ 53 ਦਿਨਾਂ ਵਿਚ ਉਜਾਗਰ ਹੋਏ ਹਨ। ਸਿਹਤ ਮੰਤਰਾਲੇ ਮੁਤਾਬਕ ਢੁੱਕਵੇਂ ਪ੍ਰਬੰਧਾਂ, ਪਾਬੰਦੀਆਂ, ਸਮੇਂ ਸਿਰ ਸ਼ਨਾਖ਼ਤ ਤੇ ਇਲਾਜ ਨਾਲ ਹੁਣ ਤੱਕ 5 ਲੱਖ ਤੋਂ ਵੱਧ ਲੋਕ ਸਿਹਤਯਾਬ ਵੀ ਹੋ ਚੁੱਕੇ ਹਨ।
ਰਿਕਵਰੀ ਵਾਲੇ ਕੇਸਾਂ ਦੀ ਗਿਣਤੀ ਐਕਟਿਵ ਕੇਸਾਂ ਨਾਲੋਂ 2,31,978 ਵੱਧ ਹੈ। ਤੰਦਰੁਸਤੀ ਦੀ ਦਰ 62.78 ਫ਼ੀਸਦ ਹੋ ਗਈ ਹੈ। ਇਸ ਵੇਲੇ 2,83,407 ਐਕਟਿਵ ਕੇਸ ਹਨ। ਗੰਭੀਰ ਮਾਮਲੇ ਹਸਪਤਾਲਾਂ ਦੀ ਨਿਗਰਾਨੀ ਅਧੀਨ ਜਦਕਿ ਹਲਕੇ ਲੱਛਣਾਂ ਵਾਲਿਆਂ ਨੂੰ ਘਰ ’ਚ ਹੀ ਏਕਾਂਤਵਾਸ ਕੀਤਾ ਗਿਆ ਹੈ। ਆਈਸੀਐਮਆਰ ਮੁਤਾਬਕ ਕੋਵਿਡ-19 ਦੇ ਟੈਸਟ ਲਈ ਹੁਣ ਤੱਕ 1,13,07,002 ਨਮੂਨੇ ਲਏ ਜਾ ਚੁੱਕੇ ਹਨ। ਇਕੱਲੇ ਸ਼ੁੱਕਰਵਾਰ ਨੂੰ ਹੀ ਪੂਰੇ ਭਾਰਤ ’ਚ 2,82,511 ਨਮੂਨੇ ਲਏ ਗਏ ਹਨ।
24 ਘੰਟਿਆਂ ਦੌਰਾਨ 226 ਮੌਤਾਂ ਮਹਾਰਾਸ਼ਟਰ, 64 ਤਾਮਿਲਨਾਡੂ, 57 ਕਰਨਾਟਕ, 42 ਦਿੱਲੀ, 27 ਉੱਤਰ ਪ੍ਰਦੇਸ਼ ਤੇ 26 ਪੱਛਮੀ ਬੰਗਾਲ ਵਿਚ ਹੋਈਆਂ ਹਨ। ਹੋਰ ਰਾਜਾਂ ਵਿਚ ਵੀ ਕੋਵਿਡ ਕਾਰਨ ਮੌਤਾਂ ਦੀ ਸੂਚਨਾ ਹੈ। ਜ਼ਿਕਰਯੋਗ ਹੈ ਕਿ ਜ਼ਿਆਦਾਤਰ ਮੌਤਾਂ ਉਨ੍ਹਾਂ ਕੇਸਾਂ ਵਿਚ ਹੋਈਆਂ ਹਨ ਜਿਨ੍ਹਾਂ ’ਚ ਪੀੜਤ ਦਾ ਪਹਿਲਾਂ ਕਿਸੇ ਹੋਰ ਬੀਮਾਰੀ ਲਈ ਵੀ ਇਲਾਜ ਚੱਲ ਰਿਹਾ ਸੀ।