ਕਰੋਨਾ ਕੇਸਾਂ ਵਿੱਚ ਵਾਧੇ ’ਤੇ ਪ੍ਰਧਾਨ ਮੰਤਰੀ ਨੇ ਚਿੰਤਾ ਜਤਾਈ, ਜੰਗੀ ਪੱਧਰ ’ਤੇ ਕੰਮ ਕਰਨ ਦੀ ਲੋੜ ’ਤੇ ਦਿੱਤਾ ਜ਼ੋਰ

ਨਵੀਂ ਦਿੱਲੀ (ਸਮਾਜ ਵੀਕਲੀ) : ਮੁਲਕ ਵਿੱਚ ਤੇਜ਼ੀ ਨਾਲ ਵਧ ਰਹੀ ਕਰੋਨਾ ਮਰੀਜ਼ਾਂ ਦੀ ਗਿਣਤੀ ’ਤੇ ਚਿੰਤਾ ਜਤਾਉਂਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਕਿਹਾ ਕਿ ਕਰੋਨਾ ਦੀ ਲਾਗ ਰੋਕਣ ਲਈ ਮੁੜ ਤੋਂ ਜੰਗੀ ਪੱਧਰ ’ਤੇ ਕੰਮ ਕਰਨ ਦੀ ਲੋੜ ਹੈ। ਪ੍ਰਧਾਨ ਮੰਤਰੀ ਨੇ ਵਧ ਤੋ ਵਧ ਯੋਗ ਲਾਭਪਾਤਰੀਆਂ ਦੇ ਟੀਕਾਕਰਨ ਲਈ 11 ਤੋਂ 14 ਅਪਰੈਲ ਤਕ ਟੀਕਾਕਰਨ ਤਿਉਹਾ ਮਨਾਉਣ ਦਾ ਸੱਦਾ ਦਿੱਤਾ। ਸ੍ਰੀ ਮੋਦੀ ਨੇ ਕਿਹਾ ਕਿ ਕੋਵਿਡ-19 ਨੂੰ ਫੈਲਣ ਤੋਂ ਰੋਕਣ ਲਈ ਰਾਤ ਦਾ ਕਰਫਿਊ ਆਲਮੀ ਪੱਧਰ ’ਤੇ ਪ੍ਰਵਾਨਿਤ ਤਜਰਬਾ ਹੈ। ਉਨ੍ਹਾਂ ਕਿਹਾ ਕਿ ਰਾਤ ਦੇ ਕਰਫ਼ਿਊ ਨੂੰ ‘ਕਰੋਨਾ ਕਰਫਿਊ’ ਆਖ ਕੇ ਲੋਕਾਂ ਨੂੰ ਇਸ ਬਾਰੇ ਜਾਗਰੂਕ ਕੀਤਾ ਜਾਵੇ।

ਪ੍ਰਧਾਨ ਮੰਤਰੀ ਨੇ ਸੂਬੇ ਦੇ ਕੰਟੇਨਮੈਂਟ ਜ਼ੋਨਾਂ ’ਤੇ ਧਿਆਨ ਕੇਂਦਰਿਤ ਕਰਨ ਅਤੇ ਜਾਂਚ ਵਿੱਚ ਤੇਜ਼ੀ ਲਿਆਉਣ ਦੀ ਗੱਲ ਵੀ ਕਹੀ। ਮੁੱਖ ਮੰਤਰੀਆਂ ਨਾਲ ਮੁਲਕ ਵਿੱਚ ਕੋਵਿਡ-19 ਦੀ ਮੌਜੂਦਾ ਸਥਿਤੀ ਦੀ ਸਮੀਖਿਆ ਕਰਨ ਬਾਅਦ ਆਪਣੇ ਸੰਬੋਧਨ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਦੀ ਸਮੀਖਿਆ ਵਿੱਚ ਕੁਝ ਗੱਲਾਂ ਸਪਸ਼ਟ ਹਨ ਜਿਨ੍ਹਾਂ ’ਤੇ ਵਿਸ਼ੇਸ਼ ਧਿਆਨ ਦਿੱਤੇ ਜਾਣ ਦੀ ਲੋੜ ਹੈ। ਉਨ੍ਹਾਂ ਕਿਹਾ, ‘ ਬੀਤੇ ਵਰ੍ਹੇ ਕਰੋਨਾ ਫੈਲਣ ਦੀ ਤੇਜ਼ ਰਫ਼ਤਾਰ ਨੂੰ ਅਸੀਂ ਇਕ ਵਾਰ ਠੱਲ੍ਹ ਚੁੱਕੇ ਹਾਂ ਪਰ ਇਸ ਵਾਰ ਕੇਸ ਵਧਣ ਦੀ ਰਫ਼ਤਾਰ ਪਹਿਲਾਂ ਨਾਲੋਂ ਵੀ ਤੇਜ਼ ਹੈ। ਮਹਾਰਾਸ਼ਟਰ, ਛੱਤੀਸਗੜ੍ਹ, ਪੰਜਾਬ, ਮੱਧਪ੍ਰਦੇਸ਼ ਅਤੇ ਪੰਜਾਬ ਸਮੇਤ ਕਈ ਸੂਬੇ ਪਹਿਲੀ ਲਹਿਰ ਦੀ ਸਰਵੋਤਮ ਸੀਮਾ(ਕਰੋਨਾ ਕੇਸਾਂ ਦੀ ਗਿਣਤੀ)ਪਾਰ ਕਰ ਚੁੱਕੇ ਹਨ। ਕੁਝ ਹੋਰ ਸੂਬੇ ਵੀ ਇਸ ਵੱਲ ਵਧ ਰਹੇ ਹਨ।

ਇਹ ਸਾਡੇ ਲਈ ਚਿੰਤਾ ਦੀ ਗੱਲ ਹੈ। ਇਹ ਇਕ ਗੰਭੀਰ ਵਿਸ਼ਾ ਹੈ। ’’ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਵਾਰ ਲੋਕ ਪਹਿਲਾਂ ਦੀ ਥਾਂ ਵਧੇਰੇ ਲਾਪ੍ਰਵਾਹ ਹੋ ਗਏ ਹਨ ਅਤੇ ਜ਼ਿਆਦਾਤਰ ਸੂਬਿਆਂ ਵਿੱਚ ਪ੍ਰਸ਼ਾਸਨ ਵੀ ਅਵੇਸਲਾ ਨਜ਼ਰ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਵਿੱਚ ਕਰੋਨਾ ਮਾਮਲਿਆਂ ਵਿੱਚ ਅਚਾਨਕ ਆਈ ਇਸ ਤੇਜ਼ੀ ਨੇ ਮੁਸ਼ਕਲਾਂ ਪੈਦਾ ਕੀਤੀਆਂ ਹਨ। ਇਸ ਨੂੰ ਫੈਲਣੋਂ ਰੋਕਣ ਲਈ ਜੰਗੀ ਪੱਧਰ ’ਤੇ ਕੰਮ ਕਰਨ ਦੀ ਲੋੜ ਹੈ। ’’ ਉਨ੍ਹਾਂ ਕਿਹਾ ਕਿ ਇਨ੍ਹਾਂ ਚੁਣੌਤੀਆਂ ਦੇ ਬਾਵਜੂਦ ਮੁਲਕ ਵਿੱਚ ਬਿਹਤਰ ਤਜਰਬਾ ਅਤੇ ਬਿਹਤਰ ਵਸੀਲੇ ਉਪਲਬਧ ਹਨ। ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਨੂੰ ਜਾਂਚ, ਸੰਪਰਕ ਦਾ ਪਤਾ ਲਾਉਣ, ਇਲਾਜ ਅਤੇ ਕਰੋਨਾ ਤੋਂ ਬਚਾਅ ਸਬੰਧੀ ਉਪਾਆਂ ਦਾ ਸਖ਼ਤੀ ਨਾਲ ਪਾਲਣ ਕਰਨਾ ਅਤੇ ਬਿਹਤਰ ਕੋਵਿਡ ਪ੍ਰਬੰਧਨ ’ਤੇ ਜ਼ੋਰ ਦੇਣਾ ਹੈ। ਇਸ ਦੌਰਾਨ ਉਨ੍ਹਾਂ ਸਿਹਤ ਕਾਮਿਆਂ ਦੀ ਸ਼ਲਾਘਾ ਵੀ ਕੀਤੀ।

Previous articleBangladesh emerging women team beats SA in ODI series
Next articleTelcos cannot raise any dispute over AGR dues