ਦਿੜਬਾ ਮੰਡੀ ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ ) ਸਮਾਜ ਵੀਕਲੀ: ਇਸ ਸਮੇਂ ਦੁਨੀਆਂ ਨੂੰ ਕਰੋਨਾ ਵਰਗੀ ਨਾਮੁਰਾਦ ਬੀਮਾਰੀ ਨੇ ਪੂਰੀ ਤਰ੍ਹਾਂ ਆਪਣੀ ਲਪੇਟ ਵਿੱਚ ਲਿਆ ਹੋਇਆ ਹੈ। ਆਏ ਦਿਨ ਸੈਂਕੜੇ ਲੋਕਾਂ ਦੀ ਜਾਨ ਜਾ ਰਹੀ ਹੈ। ਅਜਿਹੇ ਹਾਲਾਤਾਂ ਵਿੱਚ ਜਿੱਥੇ ਦੇਸ਼ ਦਾ ਤੇ ਸੂਬੇ ਦਾ ਹੈਲਥ ਸਿਸਟਮ ਫੇਲ ਹੋ ਚੁੱਕਿਆ ਹੈ, ਉਥੇ ਹੀ ਨਿੱਜੀ ਹਸਪਤਾਲ ਨਾਦਰਸ਼ਾਹੀ ਢੰਗ ਨਾਲ ਲੋਕਾਂ ਦੀ ਲੁੱਟ ਕਰਨ ਤੇ ਲੱਗੇ ਹੋਏ ਹਨ।
ਪੰਜਾਬ ਸਿਹਤ ਵਿਭਾਗ ਦੀ ਕਹਿਣੀ ਕਰਨੀ ਵਿਚ ਜਮੀਨ ਅਸਮਾਨ ਦਾ ਫਰਕ ਨਜ਼ਰ ਆ ਰਿਹਾ ਹੈ। ਸਿਹਤ ਵਿਭਾਗ ਲੋਕਾਂ ਦੀ ਜਾਨ ਬਚਾਉਣ ਵਿੱਚ ਜਿੱਥੇ ਅਸਫਲ ਦਿਖਾਈ ਦੇ ਰਿਹਾ ਹੈ ਉਥੇ ਹੀ ਨਿੱਜੀ ਹਸਪਤਾਲ ਲੱਖਾਂ ਰੁਪਏ ਕਰੋਨਾ ਪੀੜਤਾ ਤੋਂ ਬਟੋਰ ਰਹੇ ਹਨ ।ਜਿਸ ਸਬੰਧੀ ਆਏ ਦਿਨ ਖਬਰਾਂ ਵੀ ਪ੍ਰਕਾਸ਼ਿਤ ਹੋ ਰਹੀਆਂ ਹਨ। ਨਿੱਜੀ ਸੋਸ਼ਲ ਮੀਡੀਆ ਤੇ ਇਹ ਖਬਰ ਨਸਰ ਹੋ ਰਹੀ ਹੈ ਕਿ “ਸਰਕਾਰੀ ਹਸਪਤਾਲਾਂ ਵਿੱਚ ਜਾਣਾ ਜਾਨ ਤੋਂ ਹੱਥ ਧੋਣਾ ਤੇ ਨਿੱਜੀ ਹਸਪਤਾਲ ਵਿਚ ਜਾਣਾ ਪੈਸੇ ਤੋਂ ਹੱਥ ਧੋਣਾ ।”
ਅਜਿਹੇ ਸਮੇਂ ਵਿੱਚ ਪਿੰਡਾਂ ਵਿਚ ਕੰਮ ਕਰ ਰਹੇ ਆਰ ਐੱਮ ਪੀ ਵਰਕਰ ਲੋਕਾਂ ਲਈ ਮਸੀਹਾ ਬਣੇ ਹੋਏ ਹਨ। ਜੋ ਕਰੋਨਾ ਦੀ ਪਹਿਲੀ ਸਟੇਜ ਤੇ ਹੀ ਲੋਕਾਂ ਨੂੰ ਖੰਘ, ਜੁਕਾਮ, ਬੁਖਾਰ ਦੀ ਹਾਲਤ ਵਿਚ ਸੰਭਾਲ ਲੈਂਦੇ ਹਨ। ਪਿੰਡਾਂ ਵਿੱਚ ਇੰਨੀ ਦਿਨੀ ਲੋਕ ਜੇਕਰ ਥੋੜੀ ਬਹੁਤ ਜਿੰਦਗੀ ਜੀ ਰਹੇ ਹਨ ਤਾਂ ਉਹ ਪਿੰਡਾ ਅੰਦਰ ਕੰਮ ਕਰਦੇ ਇਹਨਾਂ ਮੈਡੀਕਲ ਕੋਰਸ ਕਰ ਚੁੱਕੇ ਪ੍ਰਾਈਵੇਟ ਵਰਕਰਾ ਕਰਕੇ ਹਨ। ਕਿਉਕਿ ਸਰਕਾਰੀ ਹਸਪਤਾਲ ਵਿੱਚ ਤਾਂ ਨਾ ਸਹੂਲਤ ਹੈ ਨਾ ਦਵਾਈ ਵਗੈਰਾ ਦਾ ਕੋਈ ਪ੍ਰਬੰਧ ਹੈ। ਘਰ ਘਰ ਨੌਕਰੀ ਦੇਣ ਵਾਲੀ ਸਰਕਾਰ ਨੇ ਸਿਹਤ ਵਿਭਾਗ ਵਿੱਚ ਖਾਲੀ ਪਈਆ ਸੈਂਕੜੇ ਅਸਾਮੀਆ ਨੂੰ ਵੀ ਪੂਰਾ ਨਹੀਂ ਕੀਤਾ।
ਕਰੋਨਾ ਵਰਗੀ ਮਹਾਂਮਾਰੀ ਨੂੰ ਕੌਮੀ ਆਫਤ ਐਲਾਨਨ ਤੋਂ ਬਾਅਦ ਵੀ ਸਰਕਾਰ ਦਾ ਮੈਡੀਕਲ ਪ੍ਰਬੰਧਾ ਤੇ ਪੂਰਨ ਕੰਟਰੋਲ ਨਹੀਂ ਹੈ। ਸਰਕਾਰ ਨਾਲੋਂ ਵਧੇਰੇ ਪ੍ਰਬੰਧ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਹੋਰ ਸਮਾਜਿਕ ਸੰਸਥਾਵਾ ਕਰ ਰਹੀਆ ਹਨ। ਪਿਛਲੇ ਸਾਲ ਵਾਂਗ ਇਸ ਵਾਰ ਕਰੋਨਾ ਕਾਰਨ ਮਰਨ ਵਾਲੇ ਲੋਕਾਂ ਦੇ ਪਰਿਵਾਰਾਂ ਦੀ ਜਾਂਚ ਤੇ ਸੁਰੱਖਿਆ ਦਾ ਵੀ ਕੋਈ ਪ੍ਰਬੰਧ ਨਹੀਂ ਹੈ। ਲੱਖਾਂ ਰੁਪਏ ਖਰਚ ਕਰ ਕੇ ਇਲਾਜ ਕਰਵਾਉਣ ਦੀ ਸਮਰੱਥਾ ਸਾਰੇ ਲੋਕਾਂ ਵਿਚ ਨਹੀਂ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਉਹ ਪਿੰਡਾ ਵਿੱਚ ਥੋੜੀ ਬਹੁਤ ਦਵਾਈ ਦੇ ਕੇ ਲੋਕਾਂ ਨੂੰ ਮੁਢਲੀ ਸਹਾਇਤਾ ਦੇ ਰਹੇ ਮੈਡੀਕਲ ਵਰਕਰਾ ਪ੍ਰਤੀ ਨਰਮ ਰੁਖ ਅਖਤਿਆਰ ਕਰੇ। ਇਸ ਦੇ ਨਾਲ ਹੀ ਹੁਣ ਸਰਕਾਰ ਆਪਣੇ ਸਿਹਤ ਵਿਭਾਗ ਦੀ ਹਾਲਤ ਸੁਧਾਰਨ ਲਈ ਵੀ ਕਦਮ ਚੁੱਕੇ। ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly