ਅੰਮ੍ਰਿਤਸਰ (ਸਮਾਜ ਵੀਕਲੀ) : ਕਰੋਨਾ ਸੰਕਟ ਦੌਰਾਨ ਖੂਨਦਾਨ ਘੱਟ ਜਾਣ ਕਾਰਨ ਹੁਣ ਬਲੱਡ ਬੈਂਕ ਵੀ ਖਾਲੀ ਹੁੰਦੇ ਜਾ ਰਹੇ ਹਨ। ਸਿਹਤ ਵਿਭਾਗ ਦੇ ਨਿਯਮਾਂ ਮੁਤਾਬਕ ਕਰੋਨਾ ਰੋਕੂ ਟੀਕਾ ਲਵਾਉਣ ਵਾਲਾ ਕੋਈ ਵੀ ਵਿਅਕਤੀ 45 ਤੋਂ 60 ਦਿਨਾਂ ਤਕ ਖੂਨ ਦਾਨ ਨਹੀਂ ਕਰ ਸਕਦਾ, ਜਿਸ ਕਾਰਨ ਹਸਪਤਾਲਾਂ ਦੇ ਬਲੱਡ ਬੈਂਕਾਂ ਵਿਚ ਖੂਨ ਦੀ ਕਮੀ ਪੈਦਾ ਹੋਣ ਲੱਗੀ ਹੈ। ਇਸ ਸੰਕਟ ਕਾਰਨ ਥੈਲੇਸੀਮੀਆ, ਕੈਂਸਰ, ਡਾਇਲੇਸਿਸ, ਸੜਕ ਹਾਦਸਿਆਂ ਦੇ ਸ਼ਿਕਾਰ ਲੋਕਾਂ ਨੂੰ ਸਮੱਸਿਆ ਦਾ ਸਾਹਮਣਾ ਕਰਨਾ ਪਵੇਗਾ।
ਇਸ ਵੇਲੇ ਸਰਕਾਰ ਨੇ 18 ਤੋਂ 45 ਸਾਲ ਦੇ ਨੌਜਵਾਨਾਂ ਲਈ ਟੀਕਾਕਰਨ ਲਾਜ਼ਮੀ ਕਰ ਦਿੱਤਾ ਹੈ। ਜ਼ਿਆਦਾਤਰ ਖੂਨ ਦਾਨ ਕਰਨ ਵਾਲੇ ਵਿਅਕਤੀ ਇਸੇ ਉਮਰ ਵਰਗ ਦੇ ਹਨ। ਜਦੋਂ ਇਸ ਉਮਰ ਵਰਗ ਦੇ ਲੋਕਾਂ ਦਾ ਟੀਕਾਕਰਨ ਹੋਵੇਗਾ ਤਾਂ ਉਹ 45 ਤੋਂ 60 ਦਿਨ ਤਕ ਖੂਨ ਦਾਨ ਨਹੀਂ ਕਰ ਸਕਣਗੇ। ਮੌਜੂਦਾ ਸੰਕਟ ਨੂੰ ਦੇਖਦਿਆਂ ਬਲੱਡ ਬੈਂਕਾਂ ਦੇ ਪ੍ਰਬੰਧਕ ਖੂਨਦਾਨੀਆਂ ਨੂੰ ਟੀਕਾ ਲਵਾਉਣ ਤੋਂ ਪਹਿਲਾਂ ਖੂਨ ਦਾਨ ਦੀ ਅਪੀਲ ਕਰ ਰਹੇ ਹਨ।
ਜਾਣਕਾਰੀ ਮੁਤਾਬਕ ਅੰਮ੍ਰਿਤਸਰ ਵਿਚ ਇਸ ਵੇਲੇ ਖੂਨ ਦੇ ਏ ਬੀ, ਏ ਅਤੇ ਬੀ ਗਰੁੱਪ ਦੀ ਕਮੀ ਪਾਈ ਜਾ ਰਹੀ ਹੈ। ਲਗਪਗ 600 ਤੋਂ 700 ਖੂਨ ਯੂਨਿਟ ਦੀ ਥਾਂ ਇਸ ਵੇਲੇ ਬਲੱਡ ਬੈਂਕਾਂ ਵਿਚ ਸਿਰਫ 200 ਯੂਨਿਟ ਖੂਨ ਉਪਲੱਬਧ ਹੈ। ਅੰਮ੍ਰਿਤਸਰ ਵਾਂਗ ਤਰਨ ਤਾਰਨ ਅਤੇ ਗੁਰਦਾਸਪੁਰ ਦੇ ਬਲੱਡ ਬੈਂਕਾਂ ਵਿਚ ਵੀ ਖੂਨ ਦੀ ਕਮੀ ਪੈਦਾ ਹੋ ਰਹੀ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly