ਅੰਮ੍ਰਿਤਸਰ (ਸਮਾਜ ਵੀਕਲੀ): ਕਰੋਨਾਵਾਇਰਸ ਮਹਾਮਾਰੀ ਕਾਰਨ ਪੱਛੜਿਆ ਸ਼੍ਰੋਮਣੀ ਕਮੇਟੀ ਦਾ ਸਾਲਾਨਾ ਬਜਟ ਇਜਲਾਸ ਇਸ ਵਾਰ ਆਮਦਨ ਵਿਚ ਕਮੀ ਆਉਣ ਕਾਰਨ ਪਿਛਲੇ ਵਰ੍ਹੇ ਨਾਲੋਂ 25 ਤੋਂ 30 ਫ਼ੀਸਦ ਘੱਟ ਰਹਿਣ ਦੀ ਸੰਭਾਵਨਾ ਹੈ। ਇਹ ਬਜਟ ਇਜਲਾਸ ਭਲਕੇ 28 ਸਤੰਬਰ ਨੂੰ ਸ਼੍ਰੋਮਣੀ ਕਮੇਟੀ ਦੇ ਮੁੱਖ ਦਫ਼ਤਰ ਤੇਜਾ ਸਿੰਘ ਸਮੁੰਦਰੀ ਹਾਲ ’ਚ ਸੱਦਿਆ ਗਿਆ ਹੈ।
ਸ਼੍ਰੋਮਣੀ ਕਮੇਟੀ ਦਾ ਸਾਲਾਨਾ ਬਜਟ ਇਜਲਾਸ ਸਿੱਖ ਗੁਰਦੁਆਰਾ ਐਕਟ ਮੁਤਾਬਕ ਹਰ ਵਰ੍ਹੇ ਮਾਰਚ ਮਹੀਨੇ ਵਿਚ ਹੁੰਦਾ ਹੈ ਪਰ ਇਸ ਵਾਰ ਕਰੋਨਾ ਕਾਰਨ ਇਹ ਪੱਛੜ ਗਿਆ ਹੈ। ਹੁਣ ਸ਼੍ਰੋਮਣੀ ਕਮੇਟੀ ਨੇ ਵਿਸ਼ੇਸ਼ ਪ੍ਰਵਾਨਗੀ ਲੈ ਕੇ ਬਜਟ ਇਜਲਾਸ ਕਰਨ ਦਾ ਫ਼ੈਸਲਾ ਲਿਆ ਹੈ। ਅਪਰੈਲ ਤੋਂ ਲੈ ਕੇ ਸਤੰਬਰ ਮਹੀਨੇ ਤੱਕ ਦੇ ਖ਼ਰਚੇ ਅੰਤ੍ਰਿੰਗ ਕਮੇਟੀ ਦੀ ਪ੍ਰਵਾਨਗੀ ਨਾਲ ਚਲਾਏ ਗਏ ਹਨ। ਅੰਤ੍ਰਿੰਗ ਕਮੇਟੀ ਵੱਲੋਂ ਪਹਿਲਾਂ ਤਿੰਨ ਮਹੀਨੇ ਅਤੇ ਫਿਰ ਤਿੰਨ ਹੋਰ ਮਹੀਨਿਆਂ ਦੇ ਖ਼ਰਚਿਆਂ ਨੂੰ ਪ੍ਰਵਾਨਗੀ ਦਿੱਤੀ ਗਈ ਸੀ।
ਵੇਰਵਿਆਂ ਮੁਤਾਬਕ ਕਰੋਨਾ ਲੌਕਡਾਊਨ ਕਾਰਨ ਗੁਰਦੁਆਰਿਆਂ ਵਿਚ ਸ਼ਰਧਾਲੂਆਂ ਦੀ ਆਮਦ ’ਤੇ ਵੱਡਾ ਅਸਰ ਪਿਆ ਹੈ। ਸ਼ਰਧਾਲੂਆਂ ਦੀ ਆਮਦ ਘੱਟ ਜਾਣ ਨਾਲ ਗੋਲਕ ਵੀ ਘੱਟ ਗਈ ਹੈ ਜਿਸ ਨਾਲ ਸ਼੍ਰੋਮਣੀ ਕਮੇਟੀ ਦੀ ਲਗਭਗ 30 ਫ਼ੀਸਦ ਆਮਦਨ ਘੱਟ ਗਈ ਹੈ। ਸਿੱਖ ਸੰਸਥਾ ਦੀ ਆਮਦਨ ਦਾ ਵੱਡਾ ਸਰੋਤ ਗੁਰਦੁਆਰਿਆਂ ਦੀ ਗੋਲਕ ਹੈ। ਆਮਦਨ ’ਤੇ ਅਸਰ ਪੈਣ ਕਾਰਨ ਬਜਟ ਵੀ ਪਿਛਲੇ ਵਰ੍ਹੇ ਨਾਲੋਂ ਘੱਟ ਜਾਣ ਦੀ ਸੰਭਾਵਨਾ ਹੈ। ਪਿਛਲੇ ਵਰ੍ਹੇ ਸ਼੍ਰੋਮਣੀ ਕਮੇਟੀ ਦਾ ਸਾਲਾਨਾ ਬਜਟ ਲਗਭਗ 12 ਅਰਬ ਰੁਪਏ ਦਾ ਸੀ। ਜਾਣਕਾਰੀ ਮੁਤਾਬਕ ਆਮਦਨ ਦੀ ਕਮੀ ਦੇ ਚਲਦਿਆਂ ਸਿੱਖ ਸੰਸਥਾ ਵੱਲੋਂ ਪੱਕੇ ਖ਼ਰਚਿਆਂ ਵਿਚ ਕਟੌਤੀ ਨਹੀਂ ਕੀਤੀ ਜਾ ਰਹੀ ਹੈ, ਜਿਨ੍ਹਾਂ ਵਿਚ ਕਰਮਚਾਰੀਆਂ ਦੀਆਂ ਤਨਖਾਹਾਂ ਤੇ ਕੁਝ ਹੋਰ ਮੌਜੂਦਾ ਖ਼ਰਚੇ ਸ਼ਾਮਲ ਹਨ।
ਊਂਜ ਭਵਿੱਖ ਵਿਚ ਕਈ ਕਟੌਤੀਆਂ ਕੀਤੇ ਜਾਣ ਦੀ ਸੰਭਾਵਨਾ ਹੈ। ਇਨ੍ਹਾਂ ਵਿਚ ਚੱਲ ਰਹੇ ਇਮਾਰਤੀ ਕਾਰਜ ਫਿਲਹਾਲ ਰੋਕੇ ਜਾਣ ਜਾਂ ਘੱਟ ਕਰਨ, ਕਰਮਚਾਰੀਆਂ ਦੀਆਂ ਤਨਖਾਹਾਂ ਵਿਚ ਵਾਧਾ ਨਾ ਕਰਨ ਅਤੇ ਆਉਂਦੇ ਦਿਨਾਂ ਲਈ ਨਵੀਆਂ ਯੋਜਨਾਵਾਂ ਸ਼ੁਰੂ ਨਾ ਕੀਤੇ ਜਾਣਾ ਸ਼ਾਮਲ ਹਨ। ਬਜਟ ਵਿਚ ਆ ਰਹੀਆਂ ਸ਼ਤਾਬਦੀਆਂ ਨੂੰ ਮਨਾਉਣਾ ਹੀ ਤਰਜੀਹੀ ਕੰਮ ਹੋਣਗੇ। ਇਸ ਵਿਚ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 400 ਸਾਲਾ ਪ੍ਰਕਾਸ਼ ਪੁਰਬ ਦੇ ਸ਼ਤਾਬਦੀ ਸਮਾਗਮ ਅਤੇ ਸ਼੍ਰੋਮਣੀ ਕਮੇਟੀ ਦੀ ਸਥਾਪਨਾ ਦੀ ਸ਼ਤਾਬਦੀ ਸ਼ਾਮਲ ਹਨ।
ਸ਼੍ਰੋਮਣੀ ਕਮੇਟੀ ਵੱਲੋਂ ਬਜਟ ਸਮਾਗਮ ਲਈ ਲਗਭਗ 165 ਮੈਂਬਰਾਂ ਅਤੇ ਤਖ਼ਤਾਂ ਦੇ ਸਿੰਘ ਸਾਹਿਬਾਨ ਨੂੰ ਸੱਦਾ ਪੱਤਰ ਭੇਜੇ ਗਏ ਹਨ। ਸਿੱਖ ਸੰਸਥਾ ਦੇ ਕੁੱਲ 185 ਮੈਂਬਰਾਂ ਵਿਚੋਂ 18 ਦਾ ਦੇਹਾਂਤ ਹੋ ਚੁੱਕਾ ਹੈ ਅਤੇ ਦੋ ਮੈਂਬਰਾਂ ਨੇ ਅਸਤੀਫ਼ਾ ਦੇ ਦਿੱਤਾ ਹੈ। ਵਧੀਕ ਸਕੱਤਰ ਸੁਖਦੇਵ ਸਿੰਘ ਭੂਰਾ ਕੋਹਨਾ ਨੇ ਦੱਸਿਆ ਕਿ ਬਜਟ ਇਜਲਾਸ ਵੇਲੇ ਕਰੋਨਾ ਨਿਯਮਾਂ ਦੀ ਪੂਰੀ ਪਾਲਣਾ ਕੀਤੀ ਜਾਵੇਗੀ ਅਤੇ ਮੈਂਬਰਾਂ ਨੂੰ ਇਕ ਦੂਜੇ ਤੋਂ ਦੂਰੀ ’ਤੇ ਬਿਠਾਇਆ ਜਾਵੇਗਾ। ਤੇਜਾ ਸਿੰਘ ਸਮੁੰਦਰੀ ਹਾਲ ਦੇ ਦੋਵੇਂ ਪਾਸੇ ਮੈਂਬਰ ਬੈਠਣਗੇ।