ਨਵੀਂ ਦਿੱਲੀ (ਸਮਾਜ ਵੀਕਲੀ) : ਦੇਸ਼ ’ਚ ਕਰੋਨਾਵਾਇਰਸ ਦੇ ਇਕ ਦਿਨ ’ਚ 50 ਹਜ਼ਾਰ ਤੋਂ ਵੱਧ ਕੇਸ ਪਹਿਲੀ ਵਾਰ ਸਾਹਮਣੇ ਆਏ ਹਨ। ਲਾਗ ਤੋਂ ਪੀੜਤ ਵਿਅਕਤੀਆਂ ਦੀ ਕੁੱਲ ਗਿਣਤੀ ਵੱਧ ਕੇ 15,83,792 ਹੋ ਗਈ ਹੈ ਜਦਕਿ ਉਸ ਨੂੰ ਮਾਤ ਦੇਣ ਵਾਲਿਆਂ ਦੀ ਗਿਣਤੀ 10 ਲੱਖ ਤੋਂ ਪਾਰ ਹੋ ਗਈ ਹੈ। ਕੇਂਦਰੀ ਸਿਹਤ ਮੰਤਰਾਲੇ ਦੇ ਅੰਕੜਿਆਂ ਮੁਤਾਬਕ ਪਿਛਲੇ 24 ਘੰਟਿਆਂ ’ਚ ਲਾਗ ਦੇ ਰਿਕਾਰਡ 52,123 ਕੇਸ ਆਏ ਜਦਕਿ 775 ਹੋਰ ਮੌਤਾਂ ਹੋਣ ਨਾਲ ਮ੍ਰਿਤਕਾਂ ਦੀ ਗਿਣਤੀ ਵੱਧ ਕੇ 34,968 ਹੋ ਗਈ ਹੈ।
ਦੇਸ਼ ’ਚ ਕਰੋਨਾਵਾਇਰਸ ਦੇ 5,28,242 ਸਰਗਰਮ ਕੇਸ ਹਨ। ਕੋਵਿਡ-19 ਮਰੀਜ਼ਾਂ ’ਚ ਰਿਕਵਰੀ ਦਰ 64.44 ਫ਼ੀਸਦ ਦਰਜ ਹੋਈ ਹੈ ਜਦਕਿ ਮੌਤ ਦੀ ਦਰ 2.21 ਫ਼ੀਸਦੀ ਹੈ। ਆਈਸੀਐੱਮਆਰ ਮੁਤਾਬਕ ਕੋਵਿਡ-19 ਦੇ 1 ਕਰੋੜ 81 ਲੱਖ 90 ਹਜ਼ਾਰ ਤੋਂ ਵੱਧ ਲੋਕਾਂ ਦੇ ਟੈਸਟ ਕੀਤੇ ਜਾ ਚੁੱਕੇ ਹਨ ਜਿਨ੍ਹਾਂ ’ਚੋਂ ਇਕੱਲੇ 4 ਲੱਖ 46 ਹਜ਼ਾਰ ਤੋਂ ਵੱਧ ਨਮੂਨਿਆਂ ਦੇ ਪ੍ਰੀਖਣ ਬੁੱਧਵਾਰ ਨੂੰ ਕੀਤੇ ਗਏ।
ਪਿਛਲੇ 24 ਘੰਟਿਆਂ ਦੌਰਾਨ ਹੋਈਆਂ 775 ਮੌਤਾਂ ’ਚੋਂ ਮਹਾਰਾਸ਼ਟਰ ਮੋਹਰੀ ਰਿਹਾ ਜਿਥੇ ਕਰੋਨਾ ਕਰ ਕੇ ਸਭ ਤੋਂ ਵੱਧ 298 ਵਿਅਕਤੀਆਂ ਨੇ ਦਮ ਤੋੜਿਆ। ਇਸੇ ਤਰ੍ਹਾਂ ਕਰਨਾਟਕ ’ਚ 92, ਤਾਮਿਲਨਾਡੂ ’ਚ 82, ਆਂਧਰਾ ਪ੍ਰਦੇਸ਼ ’ਚ 65, ਪੱਛਮੀ ਬੰਗਾਲ ’ਚ 41 ਅਤੇ ਯੂਪੀ ’ਚ 33 ਵਿਅਕਤੀਆਂ ਦੀ ਮੌਤ ਹੋਈ ਹੈ। ਸਿਹਤ ਮੰਤਰਾਲੇ ਨੇ ਕਿਹਾ ਹੈ ਕਿ ਦਮ ਤੋੜਨ ਵਾਲੇ 70 ਫ਼ੀਸਦੀ ਤੋਂ ਵੱਧ ਵਿਅਕਤੀਆਂ ’ਚ ਹੋਰ ਗੰਭੀਰ ਬਿਮਾਰੀਆਂ ਸਨ।