ਅਹਿਮਦਾਬਾਦ (ਸਮਾਜ ਵੀਕਲੀ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਮੁਲਕ ’ਚ ਕਰੋਨਾਵਾਇਰਸ ਦੇ ਨਵੇਂ ਕੇਸਾਂ ਦੀ ਗਿਣਤੀ ਲਗਾਤਾਰ ਘੱਟ ਰਹੀ ਹੈ ਪਰ ਲੋਕਾਂ ਨੂੰ ਅਵੇਸਲੇ ਨਹੀਂ ਹੋਣਾ ਚਾਹੀਦਾ ਹੈ ਅਤੇ ਉਹ ਟੀਕਾ ਲਗਾਉਣ ਮਗਰੋਂ ਵੀ ਕੋਵਿਡ-19 ਨੇਮਾਂ ਦੀ ਪਾਲਣਾ ਕਰਨਾ ਜਾਰੀ ਰੱਖਣ। ਰਾਜਕੋਟ ’ਚ ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ ਦਾ ਵੀਡੀਓ ਕਾਨਫਰੰਸਿੰਗ ਰਾਹੀਂ ਨੀਂਹ ਪੱਥਰ ਰੱਖਣ ਮਗਰੋਂ ਆਪਣੇ ਸੰਬੋਧਨ ’ਚ ਉਨ੍ਹਾਂ ਭਰੋਸਾ ਜਤਾਇਆ ਕਿ ਮੁਲਕ ਕਰੋਨਾਵਾਇਰਸ ਖ਼ਿਲਾਫ਼ ਦੁਨੀਆ ਦੀ ਸਭ ਤੋਂ ਵੱਡੀ ਟੀਕਾਕਰਨ ਮੁਹਿੰਮ ਸ਼ੁਰੂ ਕਰਨ ਲਈ ਤਿਆਰ ਹੈ।
ਉਨ੍ਹਾਂ ਕਿਹਾ ਕਿ ਲੋਕਾਂ ਨੂੰ ਵੈਕਸੀਨ ਬਾਰੇ ਅਫ਼ਵਾਹਾਂ ਅਤੇ ਬੇਬੁਨਿਆਦ ਦਾਅਵਿਆਂ ’ਤੇ ਭਰੋਸਾ ਨਹੀਂ ਕਰਨਾ ਚਾਹੀਦਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਕੁਝ ਲੋਕਾਂ ਨੇ ਪਹਿਲਾਂ ਹੀ ਵੈਕਸੀਨ ਬਾਰੇ ਝੂਠੀਆਂ ਅਫ਼ਵਾਹਾਂ ਫੈਲਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ। ਸ੍ਰੀ ਮੋਦੀ ਨੇ ਕਿਹਾ,‘‘ਮੈਂ ਪਹਿਲਾਂ ਆਖਦਾ ਸੀ ਜਦੋਂ ਤੱਕ ਦਵਾਈ ਨਹੀਂ, ਉਦੋਂ ਤੱਕ ਢਿਲਾਈ ਨਹੀਂ ਪਰ ਹੁਣ 2021 ਲਈ ਸਾਡਾ ਮੰਤਰ ਹੋਣਾ ਚਾਹੀਦਾ ਹੈ, ‘ਦਵਾਈ ਭੀ, ਕੜਾਈ ਭੀ।’ ਉਨ੍ਹਾਂ ਡਾਕਟਰਾਂ, ਨਰਸਾਂ, ਸਿਹਤ ਕਾਮਿਆਂ, ਵਿਗਿਆਨੀਆਂ ਅਤੇ ਹੋਰ ਕਰੋਨਾ ਯੋਧਿਆਂ ਵੱਲੋਂ ਸਮਾਜ ਲਈ ਕੀਤੀ ਗਈ ਕੁਰਬਾਨੀ ਵਾਸਤੇ ਉਨ੍ਹਾਂ ਨੂੰ ਸਿਜਦਾ ਵੀ ਕੀਤਾ। ਉਨ੍ਹਾਂ ਦਾਅਵਾ ਕੀਤਾ ਕਿ ਆਯੂਸ਼ਮਾਨ ਭਾਰਤ ਯੋਜਨਾ ਕਾਰਨ ਗਰੀਬ ਲੋਕਾਂ ਦਾ 30 ਹਜ਼ਾਰ ਕਰੋੜ ਰੁਪਏ ਤੋਂ ਜ਼ਿਆਦਾ ਪੈਸਾ ਬਚ ਗਿਆ ਹੈ। ਉਨ੍ਹਾਂ ਕਿਹਾ ਕਿ ਹੋਰ ਮੁਲਕਾਂ ਦੇ ਮੁਕਾਬਲੇ ਭਾਰਤ ’ਚ ਕਰੋਨਾਵਾਇਰਸ ਦਾ ਡਟ ਕੇ ਮੁਕਾਬਲਾ ਕੀਤਾ ਗਿਆ ਕਿਉਂਕਿ ਮੁਲਕ ਨੇ ਸਮੇਂ ’ਤੇ ਅਸਰਦਾਰ ਕਦਮ ਉਠਾ ਲਏ ਸਨ।