ਸਪੇਨ ਵਿੱਚ ਮੌਤਾਂ ਦਾ ਅੰਕੜਾ 3400 ਨੂੰ ਟੱਪਿਆ;
ਇਟਲੀ 6820 ਮੌਤਾਂ ਨਾਲ ਸਿਖਰ ’ਤੇ;
ਇਰਾਨੀ ਸਦਰ ਵੱਲੋਂ ਸਖ਼ਤ ਪੇਸ਼ਬੰਦੀਆਂ ਦੀ ਚਿਤਾਵਨੀ
ਪੈਰਿਸ – ਆਲਮੀ ਪੱਧਰ ’ਤੇ ਕਰੋਨਾਵਾਇਰਸ ਕਰਕੇ ਹੋਣ ਵਾਲੀਆਂ ਮੌਤਾਂ ਦੀ ਗਿਣਤੀ 19,246 ਹੋ ਗਈ ਹੈ। ਇਟਲੀ 69000 ਨਵੇਂ ਕੇਸਾਂ ਤੇ 6820 ਮੌਤਾਂ ਦੇ ਅੰਕੜੇ ਨਾਲ ਅਜੇ ਵੀ ਇਸ ਸੂਚੀ ਵਿੱਚ ਸਿਖਰ ’ਤੇ ਹੈ। ਉਂਜ ਅਜੇ ਤਕ 8326 ਲੋਕ ਠੀਕ ਵੀ ਹੋਏ ਹਨ। ਹੁਣ ਤਕ 181 ਮੁਲਕਾਂ ਤੇ ਰਿਆਸਤਾਂ ਵਿੱਚ 4,27,940 ਲੋਕ ਕਰੋਨਾਵਾਇਰਸ ਦੀ ਮਾਰ ਹੇਠ ਆ ਚੁੱਕੇ ਹਨ। ਸਪੇਨ ਵਿੱਚ ਪਿਛਲੇ 24 ਘੰਟਿਆਂ ਵਿੱਚ 738 ਮੌਤਾਂ ਨਾਲ ਕਰੋਨਾਵਾਇਰਸ ਕਰਕੇ ਮੌਤ ਦੇ ਮੂੰਹ ਪੈਣ ਵਾਲਿਆਂ ਦਾ ਅੰਕੜਾ ਵੱਧ ਕੇ 3434 ਹੋ ਗਿਆ ਹੈ। ਸਪੇਨ ਨੇ ਮੌਤਾਂ ਦੇ ਲਿਹਾਜ਼ ਨਾਲ ਚੀਨ ਨੂੰ ਪਛਾੜ ਦਿੱਤਾ ਹੈ।
ਚੀਨ, ਜਿੱਥੋਂ ਪਿਛਲੇ ਸਾਲ ਦਸੰਬਰ ਵਿੱਚ ਵਾਇਰਸ ਉਗਮਿਆ ਸੀ, ਵਿੱਚ ਹੁਣ ਤੱਕ 3281 ਲੋਕ ਰੱਬ ਨੂੰ ਪਿਆਰੇ ਹੋ ਚੁੱਕੇ ਹਨ। ਇਟਲੀ ਅਜੇ ਵੀ ਮੌਤਾਂ ਪੱਖੋੋਂ ਸਿਖਰ ’ਤੇ ਹੈ। ਸਪੇਨ ਪਿਛਲੇ 11 ਦਿਨਾਂ ਤੋਂ ਬੇਮਿਸਾਲ ਤਾਲਾਬੰਦੀ ਅਧੀਨ ਹੈ। ਮੁਲਕ ਦੇ ਸਿਹਤ ਮੰਤਰਾਲੇ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਹੁਣ ਤਕ 47,610 ਲੋਕ ਵਾਇਰਸ ਦੀ ਜ਼ੱਦ ਵਿੱਚ ਆ ਚੁੱਕੇ ਹਨ ਜਦੋਂਕਿ ਪੰਜ ਹਜ਼ਾਰ ਤੋਂ ਵੱਧ ਲੋਕ ਇਸ ਵਾਇਰਸ ਦੀ ਲਾਗ ਤੋਂ ਉੱਭਰ ਆਏ ਹਨ। ਅਥਾਰਿਟੀਜ਼ ਵੱਲੋਂ ਨਮੂਨਿਆਂ ਦੀ ਟੈਸਟਿੰਗ ਦੇ ਅਮਲ ਨੂੰ ਰਫ਼ਤਾਰ ਦੇਣ ਮਗਰੋਂ ਕਰੋਨਾਵਾਇਰਸ ਕੇਸਾਂ ਦੀ ਗਿਣਤੀ ਵਿੱਚ 20 ਫੀਸਦ ਤੇ ਮੌਤਾਂ ਦੀ ਗਿਣਤੀ ਵਿੱਚ 27 ਫੀਸਦਾ ਦਾ ਇਜ਼ਾਫ਼ਾ ਹੋਇਆ ਹੈ। 14 ਮਾਰਚ ਤੋਂ ਅਮਲ ਵਿੱਚ ਆਈ ਤਾਲਾਬੰਦੀ ਨੂੰ 11 ਅਪਰੈਲ ਤਕ ਵਧਾ ਦਿੱਤਾ ਗਿਆ ਹੈ। ਸਿਹਤ ਮੰਤਰਾਲੇ ਨੇ ਆਸ ਜਤਾਈ ਕਿ ਜਲਦੀ ਹੀ ਸਪਸ਼ਟ ਹੋ ਜਾਵੇਗਾ ਕਿ ਲੌਕਡਾਊਨ ਦਾ ਲੋੜੀਂਦਾ ਅਸਰ ਹੋ ਰਿਹਾ ਹੈ ਜਾਂ ਨਹੀਂ। ਮੌਤਾਂ ਦੀ ਵਧਦੀ ਗਿਣਤੀ ਕਰਕੇ ਸ਼ਹਿਰ ਵਿੱਚ ਅੰਤਿਮ ਰਸਮਾਂ ਵਿੱਚ ਖਾਸੀਆਂ ਦਿੱਕਤਾਂ ਆ ਰਹੀਆਂ ਹਨ ਤੇ ਪਲਾਸੀਓ ਡੀ ਹੀਲੋ ਸਕੇਟਿੰਗ ਰਿੰਕ ਨੂੰ ਆਰਜ਼ੀ ਸ਼ਮਸ਼ਾਨਘਾਟ ’ਚ ਤਬਦੀਲ ਕਰ ਦਿੱਤਾ ਗਿਆ ਹੈ। ਇਸ ਦੌਰਾਨ ਇਰਾਨ ਨੇ ਮੌਤਾਂ ਦੀ ਗਿਣਤੀ 2000 ਨੇੜੇ ਢੁੱਕਣ ਮਗਰੋਂ ਸਖ਼ਤ ਤੇ ਨਵੀਆਂ ਪੇਸ਼ਬੰਦੀਆਂ ਦੀ ਚੇਤਾਵਨੀ ਦਿੱਤੀ ਹੈ। ਇਰਾਨ ਵਿੱਚ 143 ਸੱਜਰੀਆਂ ਮੌਤਾਂ ਨਾਲ ਫ਼ੌਤ ਹੋਣ ਵਾਲਿਆਂ ਦੀ ਕੁੱਲ ਗਿਣਤੀ 2077 ਹੋ ਗਈ ਹੈ। ਰਾਸ਼ਟਰਪਤੀ ਹਸਨ ਰੂਹਾਨੀ ਨੇ ਅੱਜ ਕਿਹਾ ਕਿ ਜਲਦੀ ਹੀ ਨਵੇਂ ਮਾਪਦੰਡ ਅਪਣਾਏ ਜਾਣਗੇ।
ਇਰਾਨ ਨੇ ਹੁਣ ਤਕ ਤਾਲਾਬੰਦੀ ਤੋਂ ਇਨਕਾਰ ਕਰਦਿਆਂ ਲੋਕਾਂ ਨੂੰ ਘਰਾਂ ਵਿੱਚ ਰਹਿਣ ਦੀਆਂ ਜ਼ੁਬਾਨੀ ਕਲਾਮੀ ਅਪੀਲਾਂ ਕੀਤੀਆਂ ਹਨ, ਜਿਨ੍ਹਾਂ ਨੂੰ ਵੱਡੀ ਗਿਣਤੀ ਲੋਕ ਨਜ਼ਰਅੰਦਾਜ਼ ਕਰਦੇ ਰਹੇ ਹਨ। ਸੈਂਕੜੇ ਇਰਾਨੀਆਂ ਨੇ ਪਿਛਲੇ ਹਫ਼ਤੇ ਸੜਕਾਂ ’ਤੇ ਨਿਕਲਦਿਆਂ ਫ਼ਾਰਸੀ ਨਵੇਂ ਸਾਲ ਦੀਆਂ ਛੁੱਟੀਆਂ ਮਨਾਈਆਂ। ਸਾਨੂੰ ਇਨ੍ਹਾਂ ਉਪਰਾਲਿਆਂ ਨੂੰ ਵਧਾਉਣਾ ਹੋਵੇਗਾ।’ ਉਧਰ ਰੂਸ ਵਿੱਚ ਕਾਨੂੰਨਘਾੜਿਆਂ ਨੇ ਇਕਾਂਤਵਾਸ ਦੇ ਵਕਫ਼ੇ ਦੌਰਾਨ ਨੇਮਾਂ ਦੀ ਉਲੰਘਣਾ ਕਰਨ ਵਾਲਿਆਂ ਲਈ ਸੱਤ ਸਾਲਾਂ ਦੀ ਕੈਦ ਸਮੇਤ ਹੋਰ ਸਖ਼ਤ ਸਜ਼ਾਵਾਂ ਦੀ ਤਜਵੀਜ਼ ਰੱਖੀ ਹੈ। ਉਲੰਘਣਾ ਕਰਨ ਵਾਲੇ ਨੂੰ ਪੰਜ ਲੱਖ ਰੂਬਲ (6400 ਅਮਰੀਕੀ ਡਾਲਰ) ਤੋਂ ਦੋ ਮਿਲੀਅਨ ਰੂਬਲ (25700 ਅਮਰੀਕੀ ਡਾਲਰ) ਵਿਚਾਲੇ ਜੁਰਮਾਨਾ ਵੀ ਲਾਉਣ ਦੀ ਤਜਵੀਜ਼ ਵੀ ਸ਼ਾਮਲ ਹੈ।