ਪੱਛਮੀ ਬੰਗਾਲ ਤੇ ਹਿਮਾਚਲ ਪ੍ਰਦੇਸ਼ ਤੋਂ ਰਿਪੋਰਟ ਹੋਈਆਂ ਦੋ ਮੌਤਾਂ ਨਾਲ ਦੇਸ਼ ਭਰ ਵਿੱਚ ਕਰੋਨਾਵਾਇਰਸ ਕਰਕੇ ਫੌਤ ਹੋਣ ਵਾਲਿਆਂ ਦੀ ਕੁੱਲ ਗਿਣਤੀ ਹੁਣ 9 ਹੋ ਗਈ ਹੈ। ਇਸ ਤੋਂ ਪਹਿਲਾਂ ਕਰਨਾਟਕ, ਦਿੱਲੀ, ਪੰਜਾਬ, ਗੁਜਰਾਤ ਤੇ ਬਿਹਾਰ ਵਿੱਚ ਇਕ ਇਕ ਜਦੋਂਕਿ ਮਹਾਰਾਸ਼ਟਰ ਵਿੱਚ ਦੋ ਵਿਅਕਤੀਆਂ ਦੀ ਜਾਨ ਜਾਂਦੀ ਰਹੀ ਸੀ। ਕਰੋਨਾਵਾਇਰਸ ਦੀ ਵਧਦੀ ਪੇਸ਼ਕਦਮੀ ਕਰਕੇ ਦੇਸ਼ ਦਾ ਬਹੁਤਾ ਹਿੱਸਾ ਜਿੱਥੇ ਇਹਤਿਆਤੀ ਕਦਮਾਂ ਵਜੋਂ ਤਾਲੇਬੰਦੀ ਹੇਠ ਰਿਹਾ, ਉਥੇ 108 ਸੱਜਰੇ ਕੇਸਾਂ ਨਾਲ ਇਸ ਮਹਾਮਾਰੀ ਦੇ ਘੇਰੇ ਵਿੱਚ ਆਉਣ ਵਾਲੇ ਲੋਕਾਂ ਦੀ ਗਿਣਤੀ ਵਧ ਕੇ 468 ਹੋ ਗਈ ਹੈ। ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਵਿੱਚ ਅੱਜ ਸ਼ੱਕੀ ਮਹਿਲਾ ਮਰੀਜ਼ ਦੀ ਮੌਤ ਹੋ ਗਈ। ਕੋਵਿਡ-19 ਪੀ ਕੇਂਦਰ ਸਰਕਾਰ ਨੇ ਮਹਾਮਾਰੀ ਨੂੰ ਠੱਲ੍ਹ ਪਾਉਣ ਲਈ ਆਇਦ ਪਾਬੰਦੀਆਂ ਦੀ ਉਲੰਘਣ ਕਰਨ ਵਾਲਿਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਉਣ ਦੀ ਚੇਤਾਵਨੀ ਦਿੱਤੀ ਹੈ। ਆਲਮੀ ਪੱਧਰ ’ਤੇ ਕਰੋਨਵਾਇਰਸ ਕਰ ਕੇ ਹੁਣ ਤਕ 14,500 ਵਿਅਕਤੀਆਂ ਦੀ ਜਾਨ ਜਾਂਦੀ ਰਹੀ ਹੈ। ਇਸ ਦੌਰਾਨ ਪੰਜਾਬ ਬਿਨਾਂ ਕਿਸੇ ਢਿੱਲ ਦੇ ਪੂਰੇ ਸੂਬੇ ਵਿੱਚ ਕਰਫਿਊ ਲਾਉਣ ਵਾਲਾ ਪਹਿਲਾ ਰਾਜ ਬਣ ਗਿਆ ਹੈ। ਕਰਫਿਊ ਦੌਰਾਨ ਸਿਰਫ਼ ਜ਼ਰੂਰੀ ਸੇਵਾਵਾਂ ਨੂੰ ਹੀ ਛੋਟ ਦਿੱਤੀ ਜਾਵੇਗੀ। ਮਹਾਰਾਸ਼ਟਰ ਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਵਿੱਚ ਵੀ ਅੱਜ ਅੱੱਧੀ ਰਾਤ ਤੋਂ ਕਰਫ਼ਿਊ ਲੱਗ ਗਿਆ ਹੈ।
ਹਿਮਾਚਲ ਵਿੱਚ ਅਮਰੀਕਾ ਤੋਂ ਪਰਤੇ ਤਿੱਬਤੀ ਮੂਲ ਦੇ ਤੇਂਜਿਨ ਛੁਡੇਨ(69) ਨੇ ਅੱਜ ਰਾਜਿੰਦਰਾ ਪ੍ਰਸਾਦ ਮੈਡੀਕਲ ਕਾਲਜ ਹਸਪਤਾਲ ਵਿੱਚ ਦਮ ਤੋੜ ਦਿੱਤਾ। ਉਧਰ ਪੱਛਮੀ ਬੰਗਾਲ ਦੀ ਰਾਜਧਾਨੀ ਕੋਲਕਾਤਾ ਵਿੱਚ ਕਰੋਨਾਵਾਇਰਸ ਕਰਕੇ ਮੌਤ ਹੋਣ ਦਾ ਸਮਾਚਾਰ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਇਕ ਟਵੀਟ ਕਰਕੇ ਰਾਜ ਸਰਕਾਰਾਂ ਨੂੰ ਹਦਾਇਤ ਕੀਤੀ ਕਿ ਉਹ ਕਰੋਨਾਵਾਇਰਸ ਤਾਲਾਬੰਦੀ ਦੌਰਾਨ ਨੇਮਾਂ ਤੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ। ਸ੍ਰੀ ਮੋਦੀ ਨੇ ਕਿਹਾ ਉਨ੍ਹਾਂ ਦੇ ਧਿਆਨ ਵਿੱਚ ਆਇਆ ਹੈ ਕਿ ਅਜੇ ਵੀ ਕੁਝ ਲੋਕ ਇਨ੍ਹਾਂ ਦਿਸ਼ਾ ਨਿਰਦੇਸ਼ਾਂ ਨੂੰ ਸੰਜੀਦਗੀ ਨਾਲ ਨਹੀਂ ਲੈ ਰਹੇ। ਸ੍ਰੀ ਮੋਦੀ ਨੇ ਹਿੰਦੀ ਵਿੱਚ ਕੀਤੇ ਟਵੀਟ ’ਚ ਕਿਹਾ, ‘ਕੁਝ ਲੋਕ ਅਜੇ ਵੀ ਤਾਲਾਬੰਦੀ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੇ। ਕ੍ਰਿਪਾ ਕਰਕੇ ਖੁ਼ਦ ਨੂੰ ਤੇ ਆਪਣੇ ਪਰਿਵਾਰ ਨੂੰ ਬਚਾਓ। ਹਦਾਇਤਾਂ ਦਾ ਸੰਜੀਦਗੀ ਨਾਲ ਪਾਲਣ ਕਰੋ। ਮੈਂ ਰਾਜ ਸਰਕਾਰਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਨੇਮਾਂ ਤੇ ਕਾਨੂੰਨ ਦੀ ਪਾਲਣਾ ਨੂੰ ਯਕੀਨੀ ਬਣਾਉਣ।’ ਉਧਰ ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਨੇ ਸੋਮਵਾਰ ਅੱਧੀ ਰਾਤ ਤੋਂ ਸੂਬੇ ਵਿੱਚ ਕਰਫਿਊ ਲਾਉਣ ਦੀ ਗੱਲ ਆਖਦਿਆਂ ਕਿਹਾ ਕਿ ਕਰੋਨਾਵਾਇਰਸ ਖ਼ਿਲਾਫ਼ ਲੜਾਈ ‘ਅਹਿਮ ਮੋੜ’ ’ਤੇ ਪੁੱਜ ਗਈ ਹੈ। ਉਨ੍ਹਾਂ ਕਿਹਾ ਕਿ ਅਗਲੇ ਕੁਝ ਦਿਨ ਕਾਫ਼ੀ ਨਾਜ਼ੁਕ ਹਨ ਤੇ ਜਨਤਕ ਥਾਵਾਂ ’ਤੇ ਭੀੜਾਂ ਨੂੰ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਮੁੱਖ ਮੰਤਰੀ ਨੇ ਹਾਲਾਂਕਿ ਭਰੋਸਾ ਦਿੱਤਾ ਕਿ ਕਰਫਿਊ ਦੌਰਾਨ ਸਾਰੀਆਂ ਜ਼ਰੂਰੀ ਸੇਵਾਵਾਂ ਨੂੰ ਖੁੱਲ੍ਹਾ ਰੱਖਿਆ ਜਾਣਾ ਯਕੀਨੀ ਬਣਾਇਆ ਜਾਵੇਗਾ। ਉਨ੍ਹਾਂ ਮੰਦਰਾਂ, ਮਸਜਿਦਾਂ ਤੇ ਗਿਰਜਾਘਰਾਂ ਵਿੱਚ ਆਮ ਵਾਂਗ ਪੂਜਾ ਅਰਚਨਾ ਹੋਵੇਗੀ, ਪਰ ਭੀੜ ਇਕੱਠੀ ਹੋਣ ਦੀ ਇਜਾਜ਼ਤ ਨਹੀਂ ਦਿੱਤੀ।
ਇਸ ਦੌਰਾਨ ਦਿੱਲੀ, ਝਾਰਖੰਡ ਤੇ ਨਾਗਾਲੈਂਡ ਨੇ ਰਾਜਾਂ ਨੂੰ ਪੂਰੀ ਤਰ੍ਹਾਂ ਬੰਦ ਕਰਨ ਦਾ ਐਲਾਨ ਕੀਤਾ ਹੈ ਜਦੋਂਕਿ ਬਿਹਾਰ, ਹਰਿਆਣਾ, ਉੱਤਰ ਪ੍ਰਦੇਸ਼ ਤੇ ਪੱਛਮੀ ਬੰਗਾਲ ਨੇ ਵੀ ਅਜਿਹੀਆਂ ਪੇਸ਼ਬੰਦੀਆਂ ਐਲਾਨੀਆਂ ਹਨ। ਮਹਾਰਾਸ਼ਟਰ, ਕੇਰਲਾ, ਰਾਜਸਥਾਨ ਤੇ ਉੱਤਰਾਖੰਡ ਜਿਹੇ ਕਈ ਰਾਜਾਂ ਨੇ ਪਹਿਲਾਂ ਅੰਸ਼ਕ ਜਾਂ ਮੁਕੰਮਲ ਤਾਲਾਬੰਦੀ ਲਾਗੂ ਕੀਤੀ ਸੀ।
ਮੁਲਕ ਦੇ ਸਿਖਰਲੇ ਮੈਡੀਕਲ ਸੰਸਥਾਨ ਏਮਜ਼ ਨੇ ਕੌਮੀ ਰਾਜਧਾਨੀ ਵਿੱਚ ਆਪਣੀਆਂ ਓਪੀਡੀ ਸਮੇਤ ਸਾਰੀਆਂ ਵਿਸ਼ੇਸ਼ ਸੇਵਾਵਾਂ ਨੂੰ 24 ਮਾਰਚ ਤੋਂ ਅਗਲੇ ਹੁਕਮਾਂ ਤਕ ਬੰਦ ਕਰ ਦਿੱਤਾ ਹੈ। ਏਮਜ਼ ਨੇ ਪਿਛਲੇ ਹਫ਼ਤੇ ਇਕ ਸਰਕੁਲਰ ਜਾਰੀ ਕਰਦਿਆਂ ਆਪਣੀਆਂ ਸਾਰੀਆਂ ਗੈਰਜ਼ਰੂਰੀ ਸਰਜਰੀਆਂ ਤੇ ਪ੍ਰੋਸੀਜ਼ਰਾਂ ਨੂੰ ਅੱਗੇ ਪਾਉਂਦਿਆਂ 21 ਮਾਰਚ ਤੋਂ ਸਿਰਫ਼ ਬੇਹੱਦ ਜ਼ਰੂਰੀ ਸਰਜਰੀਆਂ ਕਰਨ ਦੀ ਹਦਾਇਤ ਕੀਤੀ ਸੀ।
ਦੇਸ਼ ਦੇ ਵੱਖ ਵੱਖ ਹਿੱਸਿਆਂ ਤੋਂ ਅੱਜ ਰਿਪੋਰਟ ਹੋਏ ਸੱਜਰੇ ਕੇਸਾਂ ਨਾਲ ਇਸ ਵਾਇਰਸ ਦੀ ਮਾਰ ਹੇਠ ਆਉਣ ਵਾਲਿਆਂ ਦਾ ਅੰਕੜਾ 468 ਹੋ ਗਿਆ ਹੈ। ਇਨ੍ਹਾਂ ਵਿੱਚ ਕੁੱਲ ਸਰਗਰਮ ਕੇਸਾਂ ਦੀ ਗਿਣਤੀ 424 ਹੈ। ਇਨ੍ਹਾਂ ਵਿੱਚ 40 ਵਿਦੇਸ਼ੀ ਨਾਗਰਿਕਾਂ ਤੇ 9 ਮੌਤਾਂ ਦਾ ਅੰਕੜਾ ਵੀ ਸ਼ਾਮਲ ਹੈ। ਉਂਜ ਹੁਣ ਤਕ ਦੇਸ਼ ਭਰ ਵਿੱਚ 35 ਵਿਅਕਤੀਆਂ ਨੂੰ ਵਾਇਰਸ ਤੋਂ ਉਭਰਨ ਮਗਰੋਂ ਛੁੱਟੀ ਦਿੱਤੀ ਜਾ ਚੁੱਕੀ ਹੈ। ਲੰਘੇ ਦਿਨ ਗੁਜਰਾਤ, ਬਿਹਾਰ ਤੇ ਮਹਾਰਾਸ਼ਟਰ ਤੋਂ ਤਿੰਨ ਮੌਤਾਂ ਰਿਪੋਰਟ ਹੋਈਆਂ ਸਨ। ਇਸ ਤੋਂ ਪਹਿਲਾਂ ਕਰਨਾਟਕ, ਦਿੱਲੀ, ਮਹਾਰਾਸ਼ਟਰ ਤੇ ਪੰਜਾਬ ’ਚ ਇਕ ਇਕ ਵਿਅਕਤੀ ਦੀ ਜਾਨ ਜਾਂਦੀ ਰਹੀ ਸੀ। ਇਸ ਦੌਰਾਨ ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਵਿੱਚ ਇਕ ਨਿੱਜੀ ਹਸਪਤਾਲ ਵਿੱਚ ਦਾਖ਼ਲ ਸ਼ੱਕੀ ਮਹਿਲਾ ਮਰੀਜ਼ ਦੀ ਮੌਤ ਹੋ ਗਈ। 24 ਸਾਲਾ ਇਹ ਮਹਿਲਾ ਹਾਲ ਹੀ ਵਿੱਚ ਅਮਰੀਕਾ ਤੋਂ ਪਰਤੀ ਸੀ। ਕਰੋਨਾਵਾਇਰਸ ਦੇ ਸੰਭਾਵੀ ਲੱਛਣ ਸਾਹਮਣੇ ਆਉਣ ਮਗਰੋਂ ਉਹਦਾ ਨਮੂਨਾ ਜਾਂਚ ਲਈ ਟਾਂਡਾ ਦੇ ਡਾ.ਰਜਿੰਦਰਾ ਪ੍ਰਸਾਦ ਸਰਕਾਰੀ ਮੈਡੀਕਲ ਕਾਲਜ ਭੇਜਿਆ ਗਿਆ ਸੀ, ਪਰ ਰਿਪੋਰਟ ਆਉਣ ਤੋਂ ਪਹਿਲਾਂ ਹੀ ਅੱਜ ਉਹਦੀ ਮੌਤ ਹੋ ਗਈ। ਮੈਡੀਕਲ ਖੋਜ ਬਾਰੇ ਭਾਰਤੀ ਕੌਂਸਲ (ਆੲਸੀਐੱਮਆਰ) ਨੇ ਕਿਹਾ ਕਿ ਅੱਜ ਸਵੇਰ ਤਕ 18,383 ਨਮੂਨਿਆਂ ਦੀ ਜਾਂਚ ਕੀਤੀ ਜਾ ਚੁੱਕੀ ਹੈ। ਇਕੋ ਦਿਨ ਵਿੱਚ 28 ਨਵੇਂ ਕੇਸਾਂ ਤੇ ਕੁੱਲ 91 ਪਾਜ਼ੇਟਿਵ ਕੇਸਾਂ ਨਾਲ ਕੇਰਲਾ ਇਸ ਸੂਚੀ ਵਿਚ ਸਿਖਰ ’ਤੇ ਪੁੱਜ ਗਿਆ ਹੈ। ਸਿਹਤ ਮੰਤਰਾਲੇ ਵੱਲੋਂ ਜਾਰੀ ਅੰਕੜਿਆਂ ਵਿੱਚ ਮਹਾਰਾਸ਼ਟਰ 74 ਕੇਸਾਂ ਨਾਲ ਦੂਜੇ ਨੰਬਰ ’ਤੇ ਹੈ। ਦਿੱਲੀ ਵਿੱਚ 29, ਉੱਤਰ ਪ੍ਰਦੇਸ਼ 31, ਰਾਜਸਥਾਨ 28, ਤਿਲੰਗਾਨਾ 32 ਤੇ ਕਰਨਾਟਕ ਵਿੱਚ 33 ਪਾਜ਼ੇਟਿਵ ਕੇਸਾਂ ਦੀ ਪੁਸ਼ਟੀ ਹੋਈ ਹੈ।
HOME ਕਰੋਨਾਵਾਇਰਸ: ਮੌਤਾਂ ਦੀ ਗਿਣਤੀ 9 ਹੋਈ