ਕਰੋਨਾਵਾਇਰਸ: ਮਹੀਨੇ ਲਈ ਯੂਰਪ ਤੋਂ ਅਮਰੀਕਾ ਯਾਤਰਾ ’ਤੇ ਪਾਬੰਦੀ

ਰਾਸ਼ਟਰਪਤੀ ਡੋਨਲਡ ਟਰੰਪ ਨੇ ਯੂਕੇ ਨੂੰ ਛੱਡ ਕੇ ਬਾਕੀ ਸਾਰੇ ਯੂਰਪ ਤੋਂ ਅਮਰੀਕਾ ਤੱਕ ਦੇ ਹਰ ਤਰ੍ਹਾਂ ਦੀ ਯਾਤਰਾ ਨੂੰ ਅਗਲੇ 30 ਦਿਨਾਂ ਲਈ ਮੁਲਤਵੀ ਕੀਤਾ ਹੈ। ਇਹ ਕਦਮ ਕਰੋਨਾਵਾਇਰਸ ਦੇ ਫੈਲਾਅ ਦੇ ਮੱਦੇਨਜ਼ਰ ਚੁੱਕਿਆ ਗਿਆ ਹੈ, ਜਿਸ ਕਾਰਨ ਅਮਰੀਕਾ ਵਿੱਚ 37 ਮੌਤਾਂ ਹੋ ਗਈਆਂ ਹਨ ਅਤੇ 1,300 ਪੀੜਤ ਹਨ।
ਵ੍ਹਾਈਟ ਹਾਊਸ ਤੋਂ ਦੇਸ਼ ਵਾਸੀਆਂ ਨੂੰ ਦਿੱਤੇ ਸੰਦੇਸ਼ ਵਿੱਚ ਟਰੰਪ ਨੇ ਕਿਹਾ ਕਿ ਇਹ ਨਵਾਂ ਨਿਯਮ ਸ਼ੁੱਕਰਵਾਰ ਅੱਧੀ ਰਾਤ ਤੋਂ ਲਾਗੂ ਹੋਵੇਗਾ ਅਤੇ ਅਮਰੀਕਾ ਪਰਤੇ ਰਹੇ ਅਮਰੀਕੀਆਂ ਨੂੰ ਇਸ ਨਿਯਮ ਤੋਂ ਛੋਟ ਹੋਵੇਗੀ ਪਰ ਉਨ੍ਹਾਂ ਨੂੰ ਬਹੁਤ ਸਾਰੀਆਂ ਸਕਰੀਨਿੰਗਾਂ ’ਚੋਂ ਲੰਘਣਾ ਪਵੇਗਾ। ਉਨ੍ਹਾਂ ਕਿਹਾ ਕਿ ਯੂਰੋਪੀਅਨ ਯੂਨੀਅਨ ‘ਉਸ ਤਰ੍ਹਾਂ ਦੀ ਇਹਤਿਆਤ ਵਰਤਣ ਵਿੱਚ ਨਾਕਾਮ’ ਰਹੀ ਹੈ, ਜਿਸ ਤਰ੍ਹਾਂ ਦੀ ਉਨ੍ਹਾਂ ਦੇ ਪ੍ਰਸ਼ਾਸਨ ਵਲੋਂ ਕਰੋਨਾਵਾਇਰਸ ’ਤੇ ਕਾਬੂ ਪਾਉਣ ਲਈ ਵਰਤੀ ਗਈ ਹੈ।’’ ਦੱਸਣਯੋਗ ਹੈ ਕਿ ਚੀਨ ਦੇ ਸ਼ਹਿਰ ਵੂਹਾਨ ਤੋਂ ਪਿਛਲੇ ਸਾਲ ਦਸੰਬਰ ਵਿੱਚ ਸ਼ੁਰੂ ਹੋਏ ਇਸ ਵਾਇਰਸ ਨੇ ਹੁਣ ਤੱਕ 107 ਮੁਲਕਾਂ ਵਿੱਚ 4,200 ਜਾਨਾਂ ਲੈ ਲਈਆਂ ਹਨ ਅਤੇ 1,17,330 ਤੋਂ ਵੱਧ ਲੋਕ ਪੀੜਤ ਹਨ। ਵਿਸ਼ਵ ਸਿਹਤ ਸੰਸਥਾ ਨੇ ਇਸ ਨੂੰ ਮਹਾਂਮਾਰੀ ਐਲਾਨਿਆ ਹੈ। ਇਸ ਦੌਰਾਨ ਇਟਲੀ ਵਿੱਚ ਵੀਰਵਾਰ ਨੂੰ ਕਰੋਨਾਵਾਇਰਸ ਨਾਲ ਹੋਰ 189 ਲੋਕ ਮਾਰੇ ਗਏ ਅਤੇ ਮ੍ਰਿਤਕਾਂ ਦੀ ਗਿਣਤੀ ਇੱਕ ਹਜ਼ਾਰ ਨੂੰ ਟੱਪ ਗਈ ਹੈ।

Previous articleਟਰੂਡੋ ਦੀ ਪਤਨੀ ਦੇ ਕਰੋਨਾਵਾਇਰਸ ਟੈਸਟ ਲਈ ਨਮੂਨੇ ਭੇਜੇ
Next articleਸਫ਼ਾਈ ਕਾਮਿਆਂ ਦੇ ਹੱਕ ’ਚ ਨਿੱਤਰਿਆ ਕਰਮਚਾਰੀ ਸੰਗਠਨ