ਫ਼ਤਹਿਗੜ੍ਹ ਸਾਹਿਬ- ਡਿਪਟੀ ਫ਼ਤਿਹਗੜ੍ਹ ਅੰਮ੍ਰਿਤ ਕੌਰ ਗਿੱਲ ਦੀ ਅਗਵਾਈ ਤੇ ਸਿਵਲ ਸਰਜਨ ਡਾ. ਐੱਨਕੇ ਅਗਰਵਾਲ ਦੀ ਦੇਖ-ਰੇਖ ਹੇਠ ਸਿਹਤ ਵਿਭਾਗ ਫ਼ਤਹਿਗੜ੍ਹ ਸਾਹਿਬ ਵੱਲੋਂ ਮੰਡੀ ਗੋਬਿੰਦਗੜ੍ਹ ਅਤੇ ਪਿੰਡ ਚਨਾਰਥਲ ਕਲਾਂ ਵਿਚ ਕਰੋਨਾਵਾਇਰਸ ਤੋਂ ਬਚਾਅ ਸਬੰਧੀ ਮੌਕ ਡਰਿੱਲ ਕੀਤੀ ਗਈ। ਕਰੋਨਾਵਾਇਰਸ ਸਬੰਧੀ ਬਣਾਈ ਗਈ ਰੈਪਿੱਡ ਰਿਸਪੌਂਸ ਟੀਮ ਦੁਆਰਾ ਇਸ ਮੌਕੇ ਕਰੋਨਾਵਾਇਰਸ ਦੇ ਡੰਮੀ ਮਰੀਜ਼ ਨੂੰ ਇੱਕ ਘਰ ਵਿੱਚੋਂ ਐਂਬੂਲੈਂਸ ਰਾਹੀਂ ਹਸਪਤਾਲ ਦੀ ਆਇਸੋਲੇਸ਼ਨ ਵਾਰਡ ਵਿੱਚ ਪਹੁੰਚਾਉਣ ਦੀ ਰਿਹਰਸਲ ਕੀਤੀ ਗਈ। ਮਰੀਜ਼ ਦੇ ਆਲੇ-ਦੁਆਲੇ ਦੇ ਇਲਾਕੇ ਨੂੰ ਕੰਟੇਨਮੈਂਟ ਜ਼ੋਨ, ਬੱਫਰ ਜ਼ੋਨ ਕੁਆਇਰਨਟਾਈਨ ਥਾਵਾਂ ਵਿੱਚ ਵੰਡਿਆ ਗਿਆ ਅਤੇ ਇਸ ਇਲਾਕੇ ਦੇ ਮੁੱਖ ਰਸਤੇ ’ਤੇ ਹੈਲਥ ਚੈੱਕਅਪ ਪੋਸਟ ਬਣਾਈ ਗਈ, ਜਿੱਥੇ ਪੁਲੀਸ ਵਿਭਾਗ ਦੀ ਮਦਦ ਨਾਲ ਆਵਾਜਾਈ ਸਾਧਨਾਂ ਰਾਹੀਂ ਆਉਣ ਜਾਣ ਵਾਲੇ ਵਿਅਕਤੀਆਂ ਨੂੰ ਸਪੈਸ਼ਲ ਥਰਮਾਮੀਟਰ ਰਾਹੀਂ ਚੈੱਕ ਕਰਨ ਦੀ ਰਿਹਰਸਲ ਵੀ ਕੀਤੀ ਗਈ। ਇਸ ਮੌਕੇ ਡਰਿੱਲ ਦੇ ਨਾਲ ਨਾਲ ਆਮ ਲੋਕਾਂ ਨੂੰ ਕਰੋਨਾਵਾਇਰਸ ਤੋਂ ਬਚਾਅ ਸਬੰਧੀ ਸਾਵਧਾਨੀਆਂ ਵੀ ਦੱਸੀਆਂ ਗਈਆਂ। ਇਸ ਮੌਕੇ ਡੀਸੀ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਜਾਰੀ ਕੀਤੀਆਂ ਗਾਈਡ ਲਾਈਨਜ਼ ਅਨੁਸਾਰ ਕਰੋਨਾਵਾਇਰਸ ਤੋਂ ਡਰਨ ਦੀ ਬਜਾਏ ਇਸ ਸਬੰਧੀ ਜਾਗਰੂਕ ਹੋ ਕੇ ਇਸ ਤੋਂ ਬਚਿਆ ਜਾ ਸਕਦਾ ਹੈ। ਸਿਵਲ ਸਰਜਨ ਡਾ. ਅਗਰਵਾਲ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਕਰੋਨਾਵਾਇਰਸ ਤੋਂ ਬਚਾਅ ਲਈ ਪੂਰੇ ਪ੍ਰਬੰਧ ਕੀਤੇ ਗਏ ਹਨ। ਜ਼ਿਲ੍ਹਾ ਐਪੀਡੀਮੋਲੋਜਿਸਟ ਡਾ. ਦੀਪਤੀ ਸ਼ਰਮਾ ਨੇ ਦੱਸਿਆ ਕਿ ਸਹਾਇਤਾ ਲਈ 104 ਨੰਬਰ ’ਤੇ ਸੰਪਰਕ ਕੀਤਾ ਜਾ ਸਕਦਾ ਹੈ।