ਭਾਰਤ ’ਚ ਕਰੋਨਾਵਾਇਰਸ ਦੇ ਕੇਸਾਂ ਦੀ ਗਿਣਤੀ ਵਧ ਕੇ 918 ਹੋ ਗਈ ਹੈ। ਇਨ੍ਹਾਂ ’ਚ 47 ਵਿਦੇਸ਼ੀ ਸ਼ਾਮਲ ਹਨ। ਕੇਂਦਰੀ ਸਿਹਤ ਮੰਤਰਾਲੇ ਮੁਤਾਬਕ ਮਹਾਰਾਸ਼ਟਰ ਅਤੇ ਮੱਧ ਪ੍ਰਦੇਸ਼ ’ਚ ਇਕ-ਇਕ ਹੋਰ ਵਿਅਕਤੀ ਦੀ ਮੌਤ ਹੋਣ ਨਾਲ ਮ੍ਰਿਤਕਾਂ ਦੀ ਗਿਣਤੀ ਦਾ ਅੰਕੜਾ ਵਧ ਕੇ 19 ਹੋ ਗਿਆ ਹੈ। ਕਰੋਨਾਵਾਇਰਸ ਨਾਲ ਹੁਣ ਤਕ ਮਹਾਰਾਸ਼ਟਰ ’ਚ ਪੰਜ ਅਤੇ ਮੱਧ ਪ੍ਰਦੇਸ਼ ’ਚ ਦੋ ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। ਮੁੰਬਈ ਦੇ ਸੀਨੀਅਰ ਡਾਕਟਰ ਦੀ ਵੀਰਵਾਰ ਰਾਤ ਨੂੰ ਮੌਤ ਹੋ ਗਈ ਸੀ। ਉਸ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਉਸ ਦੇ ਪਰਿਵਾਰ ਦੇ ਦੋ ਵਿਅਕਤੀ ਯੂਕੇ ਗਏ ਸਨ ਅਤੇ ਉਨ੍ਹਾਂ ਦੇ ਟੈਸਟਾਂ ਦੇ ਨਤੀਜੇ ਉਡੀਕੇ ਜਾ ਰਹੇ ਹਨ। ਸੀਮਾ ਸੁਰੱਖਿਆ ਬਲ ਦਾ ਮੱਧ ਪ੍ਰਦੇਸ਼ ਵਿੱਚ ਤਾਇਨਾਤ 57 ਸਾਲ ਦਾ ਅਧਿਕਾਰੀ ਵੀ ਪੀੜਤ ਹੈ ਜੋ ਕਿ ਹੈ, ਬਰਤਾਨੀਆ ਤੋਂ ਪਰਤਿਆ ਸੀ। ਇਸ ਤੋਂ ਇਲਾਵਾ ਸੀਆਈਐੱਸਐੱਫ ਦਾ ਇੱਕ ਜਵਾਨ ਕਰੋਨਾਵਾਇਰਸ ਤੋਂ ਪੀੜਤ ਹੋ ਗਿਆ ਹੈ।
ਤਾਜ਼ਾ ਅੰਕੜਿਆਂ ਮੁਤਾਬਕ ਕੁੱਲ ਸਰਗਰਮ ਕੇਸਾਂ ਦੀ ਗਿਣਤੀ 819 ਹੈ ਜਦਕਿ ਹੁਣ ਤਕ 79 ਵਿਅਕਤੀਆਂ ਦਾ ਜਾਂ ਤਾਂ ਇਲਾਜ ਹੋ ਚੁੱਕਾ ਹੈ ਜਾਂ ਉਨ੍ਹਾਂ ਨੂੰ ਛੁੱਟੀ ਦੇ ਦਿੱਤੀ ਗਈ ਹੈ। ਇਕ ਵਿਅਕਤੀ ਨੂੰ ਦੂਜੀ ਥਾਂ ’ਤੇ ਭੇਜਿਆ ਗਿਆ ਹੈ।
ਮਹਾਰਾਸ਼ਟਰ ’ਚ ਸਭ ਤੋਂ ਵਧ 180 ਵਿਅਕਤੀ ਕਰੋਨਾਵਾਇਰਸ ਤੋਂ ਪੀੜਤ ਹਨ ਜਿਨ੍ਹਾਂ ’ਚੋਂ ਤਿੰਨ ਵਿਦੇਸ਼ੀ ਨਾਗਰਿਕ ਸ਼ਾਮਲ ਹਨ। ਦੂਜਾ ਨੰਬਰ ਕੇਰਲਾ ਦਾ ਹੈ ਜਿਥੇ ਪੀੜਤਾਂ ਦੀ ਗਿਣਤੀ ਵਧ ਕੇ 176 ਹੋ ਗਈ ਹੈ ਜਿਸ ’ਚ ਅੱਠ ਵਿਦੇਸ਼ੀ ਨਾਗਰਿਕ ਸ਼ਾਮਲ ਹਨ। ਕਰਨਾਟਕ ’ਚ 55, ਤਿਲੰਗਾਨਾ ਤੇ ਰਾਜਸਥਾਨ ’ਚ 48-48, ਗੁਜਰਾਤ ਤੇ ਉੱਤਰ ਪ੍ਰਦੇਸ਼ ’ਚ 45-45, ਦਿੱਲੀ ’ਚ 39, ਪੰਜਾਬ ’ਚ 38, ਹਰਿਆਣਾ ’ਚ 33, ਮੱਧ ਪ੍ਰਦੇਸ਼ ’ਚ 30, ਜੰਮੂ ਕਸ਼ਮੀਰ ’ਚ 18, ਪੱਛਮੀ ਬੰਗਾਲ ’ਚ 15, ਆਂਧਰਾ ਪ੍ਰਦੇਸ਼ ’ਚ 14, ਲੱਦਾਖ ’ਚ 13, ਬਿਹਾਰ ’ਚ 9, ਚੰਡੀਗੜ੍ਹ ’ਚ 7, ਛੱਤੀਸਗੜ੍ਹ ’ਚ 6, ਉੱਤਰਾਖੰਡ ’ਚ 5, ਹਿਮਾਚਲ ਪ੍ਰਦੇਸ਼, ਗੋਆ ਤੇ ਉੜੀਸਾ ’ਚ 3-3, ਅੰਡੇਮਾਨ ਅਤੇ ਨਿਕੋਬਾਰ ’ਚ ਦੋ, ਪੁੱਡੂਚੇਰੀ, ਮਿਜ਼ੋਰਮ ਅਤੇ ਮਨੀਪੁਰ ’ਚ ਇਕ-ਇਕ ਕੇਸ ਸਾਹਮਣੇ ਆਏ ਹਨ।
ਕੇਂਦਰੀ ਸਿਹਤ ਮੰਤਰਾਲੇ ਦੇ ਸੰਯੁਕਤ ਸਕੱਤਰ ਲਵ ਅਗਰਵਾਲ ਨੇ ਕਿਹਾ ਕਿ ਸਰਕਾਰ ਰੋਗ ਫੈਲਣ ਵਾਲੇ ਸਥਾਨਾਂ ’ਤੇ ਸੂਬਿਆਂ ਨਾਲ ਮਿਲ ਕੇ ਧਿਆਨ ਕੇਂਦਰਤ ਕਰ ਰਹੀ ਹੈ। ਉਨ੍ਹਾਂ ਮੁਤਾਬਕ ਸੂਬਿਆਂ ਨੂੰ ਲੋਕਾਂ ’ਚ ਨੇੜਤਾ ਬਣਾਉਣ ਤੋਂ ਰੋਕਣਾ ਯਕੀਨੀ ਬਣਾਉਣ ਲਈ ਹੁਕਮਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਲਈ ਕਿਹਾ ਹੈ। ਉਨ੍ਹਾਂ ਕਿਹਾ ਕਿ ਹਰੇਕ ਸੂਬੇ ’ਚ ਕੋਵਿਡ-19 ਨਾਲ ਨਜਿੱਠਣ ਵਾਲੇ ਹਸਪਤਾਲ ਸਥਾਪਤ ਕਰਨ ’ਤੇ ਜ਼ੋਰ ਦਿੱਤਾ ਜਾ ਰਿਹਾ ਹੈ ਅਤੇ 17 ਸੂਬਿਆਂ ਨੇ ਇਸ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਆਈਸੀਐੱਮਆਰ ਅਧਿਕਾਰੀ ਨੇ ਕਿਹਾ ਕਿ ਸਾਹ ਦੇ ਗੰਭੀਰ ਰੋਗਾਂ ਨਾਲ ਜੂਝ ਰਹੇ ਸਾਰੇ ਮਰੀਜ਼ਾਂ ਦੇ ਕੋਵਿਡ-19 ਦੇ ਟੈਸਟ ਕੀਤੇ ਜਾ ਰਹੇ ਹਨ। ਆਈਸੀਐੱਮਆਰ ਦੇ ਡਾਕਟਰ ਰਮਨ ਆਰ ਗੰਗਾਖੇਡਕਰ ਨੇ ਕਿਹਾ ਕਿ ਕਰੋਨਾਵਾਇਰਸ ਦੇ ਜਿਨ੍ਹਾਂ ਮਰੀਜ਼ਾਂ ਨੂੰ ਹਾਈਡਰੋਕਲੋਰੋਕੁਨੀਨ ਦੀ ਦਵਾਈ ਦਿੱਤੀ ਗਈ ਹੈ, ਉਨ੍ਹਾਂ ’ਚ ਵਾਇਰਲ ਦੇ ਲੱਛਣਾਂ ’ਚ ਕਮੀ ਦੇਖੀ ਗਈ ਹੈ।
HOME ਕਰੋਨਾਵਾਇਰਸ: ਪੀੜਤਾਂ ਦਾ ਅੰਕੜਾ 900 ਤੋਂ ਪਾਰ; ਮੌਤਾਂ ਦੀ ਗਿਣਤੀ ਵਧ ਕੇ...