ਦੇਹਰਾਦੂਨ (ਸਮਾਜਵੀਕਲੀ) : ਵਾਤਾਵਰਣ ਪ੍ਰੇਮੀ ਅਨੂਪ ਨੌਟਿਆਲ ਦਾ ਕਹਿਣਾ ਹੈ ਕਿ ਕੋਵਿਡ-19 ਦੇ ਫੈਲਾਅ ਦੌਰਾਨ ਦੇਸ਼ ਵਿੱਚ ਇੱਕ ਵਾਰ ਵਰਤੀ ਜਾਣ ਵਾਲੀ ਪਲਾਸਟਿਕ ਦੀ ਮੰਗ ਬਹੁਤ ਜ਼ਿਆਦਾ ਵਧ ਗਈ ਹੈ, ਜੋ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਸ਼ੁਰੂ ਕੀਤੀ ਪਲਾਸਟਿਕ ਵਿਰੋਧੀ ਮੁਹਿੰਮ ਲਈ ਵੱਡਾ ਧੱਕਾ ਹੈ।
ਊਨ੍ਹਾਂ ਕਿਹਾ ਕਿ ਭਾਵੇਂ ਤਾਲਾਬੰਦੀ ਕਾਰਨ ਵਾਤਾਵਰਣ ਸਾਫ਼ ਹੋਇਆ ਹੈ ਅਤੇ ਪ੍ਰਦੂਸ਼ਣ ਦਾ ਪੱਧਰ ਘਟਿਆ ਹੈ ਪਰ ਮਹਾਮਾਰੀ ਦੇ ਟਾਕਰੇ ਲਈ ਵਰਤੇ ਜਾ ਰਹੇ ਮਾਸਕ, ਦਸਤਾਨਿਆਂ, ਮੂੰਹ ’ਤੇ ਲਾਈਆਂ ਜਾਂਦੀਆਂ ਸ਼ੀਲਡਾਂ, ਪੀਪੀਈ ਕਿੱਟਾਂ, ਸੈਨੇਟਾਈਜ਼ਰ ਬੋਤਲਾਂ ਆਦਿ ਕਾਰਨ ਨਵੀਆਂ ਚਿੰਤਾਵਾਂ ਖੜ੍ਹੀਆਂ ਹੋ ਗਈਆਂ।
ਊਨ੍ਹਾਂ ਕਿਹਾ, ‘‘ਕਰੋਨਾਵਾਇਰਸ ਮਹਾਮਾਰੀ ਦੌਰਾਨ ਇੱਕ ਵਾਰ ਵਰਤੀ ਜਾ ਸਕਣ ਵਾਲੀ ਪਲਾਸਟਿਕ ਦੀ ਮੰਗ ਬਹੁਤ ਜ਼ਿਆਦਾ ਵਧੀ ਹੈ, ਜਿਸ ਕਾਰਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਆਜ਼ਾਦੀ ਦਿਵਸ ਮੌਕੇ ਲਾਲ ਕਿਲ੍ਹੇ ਤੋਂ ਐਲਾਨੀ ਪਲਾਸਟਿਕ ਵਿਰੋਧੀ ਮੁਹਿੰਮ ਲਗਭਗ ਖ਼ਤਮ ਹੋ ਚੁੱਕੀ ਹੈ।’’ ਊਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਦੇ ਸੱਦੇ ਤੋਂ ਬਾਅਦ ਪੂਰੇ ਦੇਸ਼ ਵਿੱਚ ਪਲਾਸਟਿਕ ਤਿਆਗਣ ਦਾ ਮਾਹੌਲ ਸਿਰਜਿਆ ਗਿਆ ਸੀ।
‘ਸਵੱਛਤਾ ਹੀ ਸੇਵਾ’ ਨਾਂ ਦੀ ਮੁਹਿੰਮ ਲਾਂਚ ਕੀਤੀ ਸੀ ਪਰ ਹੁਣ ਕਰੋਨਾਵਾਇਰਸ ਤੋਂ ਬਚਾਅ ਲਈ ਮਾਸਕ, ਦਸਤਾਨਿਆਂ, ਸ਼ੀਲਡਾਂ, ਪੀਪੀਈ ਕਿੱਟਾਂ ਆਦਿ ਦੀ ਲਾਜ਼ਮੀ ਵਰਤੋਂ ਨਾਲ ਮੁਹਿੰਮ ਲਗਭਗ ਖ਼ਤਮ ਹੋ ਗਈ ਹੈ। ਊਨ੍ਹਾਂ ਅਣਲੌਕ-2 ਦੌਰਾਨ ਪਲਾਸਟਿਕ ਵਿਰੋਧੀ ਮੁਹਿੰਮ ਮੁੜ ਸ਼ੁਰੂ ਕੀਤੇ ਜਾਣ ਦੀ ਲੋੜ ’ਤੇ ਜ਼ੋਰ ਦਿੱਤਾ।