ਚੰਡੀਗੜ੍ਹ (ਸਮਾਜ ਵੀਕਲੀ) : ਪੰਜਾਬ ਵਿਧਾਨ ਸਭਾ ਦੇ ਸ਼ੁੱਕਰਵਾਰ ਨੂੰ ਹੋਣ ਵਾਲੇ ਇਕ ਦਿਨਾ ਸੈਸ਼ਨ ਤੋਂ ਪਹਿਲਾਂ ਕਰਵਾਏ ਗਏ ਕਰੋਨਾਵਾਇਰਸ ਦੇ ਟੈਸਟ ਦੌਰਾਨ ਪਾਜ਼ੇਟਿਵ ਵਿਧਾਇਕਾਂ ਅਤੇ ਮੰਤਰੀਆਂ ਦੀ ਗਿਣਤੀ 22 ਤੋਂ ਵੱਧ ਕੇ 29 ਹੋ ਗਈ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਨ੍ਹਾਂ ਦੇ ਸੰਪਰਕ ਵਿੱਚ ਆਉਣ ਵਾਲੇ ਵਿਧਾਇਕਾਂ ਨੂੰ ਭਲਕੇ ਹੋਣ ਵਾਲੇ ਵਿਧਾਨ ਸਭਾ ਸੈਸ਼ਨ ਵਿੱਚ ਸ਼ਿਰਕਤ ਨਾ ਕਰਨ ਦੀ ਅਪੀਲ ਕੀਤੀ ਹੈ।
ਸੂਬਾ ਸਰਕਾਰ ਨੇ ਵਿਧਾਨ ਸਭਾ ਦੇ ਨਾਲ-ਨਾਲ ਪੰਜਾਬ ਭਵਨ ਅਤੇ ਐੱਮਐਲਏ ਹੋਸਟਲ ’ਚ ਸੈਸ਼ਨ ਤੋਂ ਪਹਿਲਾਂ ਟੈਸਟਿੰਗ ਲਈ ਟਰੂਨੈਟ ਅਤੇ ਆਰਏਟੀ ਮਸ਼ੀਨਾਂ ਲਗਾਉਣ ਦਾ ਫ਼ੈਸਲਾ ਕੀਤਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਸੈਸ਼ਨ ਸ਼ੁਰੂ ਹੋਣ ਤੋਂ 48 ਘੰਟੇ ਪਹਿਲਾਂ ਕੋਵਿਡ ਟੈਸਟ ਦੀ ਰਿਪੋਰਟ ਨੈਗੇਟਿਵ ਆਉਣ ਵਾਲਿਆਂ ਨੂੰ ਹੀ ਸੈਸ਼ਨ ਵਿੱਚ ਸ਼ਮੂਲੀਅਤ ਦੀ ਪ੍ਰਵਾਨਗੀ ਦਿੱਤੀ ਜਾਵੇਗੀ। ਉਧਰ ਪੰਜਾਬ ਵਿੱਚ ਕਰੋਨਾਵਾਇਰਸ ਨੇ ਲੰਘੇ 24 ਘੰਟਿਆਂ ਦੌਰਾਨ 37 ਜਾਨਾਂ ਲੈ ਲਈਆਂ ਹਨ। ਮ੍ਰਿਤਕਾਂ ਦੀ ਗਿਣਤੀ ਦਾ ਅੰਕੜਾ ਵੱਧ ਕੇ 1256 ਤੱਕ ਪਹੁੰਚ ਗਿਆ ਹੈ। ਸੂਬੇ ਵਿੱਚ ਕਰੋਨਾ ਦੇ 1746 ਨਵੇਂ ਪਾਜ਼ੇਟਿਵ ਕੇਸ ਮਿਲੇ ਹਨ।
ਸਿਹਤ ਵਿਭਾਗ ਅਨੁਸਾਰ ਸੂਬੇ ਵਿੱਚ ਸਭ ਤੋਂ ਵੱਧ ਮੌਤਾਂ ਅੰਮ੍ਰਿਤਸਰ (7) ’ਚ ਦਰਜ ਕੀਤੀਆਂ ਗਈਆਂ ਹਨ। ਇਸੇ ਤਰ੍ਹਾਂ ਲੁਧਿਆਣਾ, ਮੁਹਾਲੀ ਅਤੇ ਸੰਗਰੂਰ ’ਚ 5-5, ਪਟਿਆਲਾ ’ਚ 4, ਹੁਸ਼ਿਆਰਪੁਰ, ਪਠਾਨਕੋਟ, ਤਰਨ ਤਾਰਨ ’ਚ 2-2, ਬਰਨਾਲਾ, ਫਾਜ਼ਿਲਕਾ, ਕਪੂਰਥਲਾ, ਨਵਾਂਸ਼ਹਿਰ, ਰੋਪੜ ’ਚ ਇੱਕ-ਇੱਕ ਵਿਅਕਤੀ ਕਰੋਨਾ ਦੀ ਭੇਟ ਚੜ੍ਹ ਗਿਆ ਹੈ। ਜਾਣਕਾਰੀ ਅਨੁਸਾਰ ਸੂਬੇ ਵਿੱਚ ਹੁਣ ਤੱਕ 9,88,119 ਜਣਿਆਂ ਦੇ ਸੈਂਪਲ ਲਏ ਗਏ ਹਨ, ਜਿਨ੍ਹਾਂ ਵਿੱਚੋਂ 47,836 ਪਾਜ਼ੇਟਿਵ ਪਾਏ ਗਏ ਹਨ ਜਦਕਿ 30972 ਜਣਿਆਂ ਨੂੰ ਠੀਕ ਹੋਣ ਉਪਰੰਤ ਛੁੱਟੀ ਕਰ ਦਿੱਤੀ ਹੈ।