ਹਾਂਗਕਾਂਗ ’ਚ ਕਰੋਨਾਵਾਇਰਸ ਨਾਲ ਇਕ ਮੌਤ ਹੋਣ ਤੋਂ ਬਾਅਦ ਏਅਰ ਇੰਡੀਆ ਨੇ ਦਿੱਲੀ-ਹਾਂਗਕਾਂਗ ਉਡਾਨ 8 ਫਰਵਰੀ ਤੋਂ ਬੰਦ ਕਰਨ ਦਾ ਫ਼ੈਸਲਾ ਕੀਤਾ ਹੈ। ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ 425 ਹੋ ਗਈ ਹੈ ਤੇ ਭਾਰਤ ਨੇ ਉਨ੍ਹਾਂ ਚੀਨੀ ਨਾਗਰਿਕਾਂ ਦੇ ਮੌਜੂਦਾ ਵੀਜ਼ਾ ਰੱਦ ਕਰ ਦਿੱਤੇ ਹਨ ਜਿਨ੍ਹਾਂ ਪਿਛਲੇ ਦੋ ਹਫ਼ਤਿਆਂ ਦੌਰਾਨ ਚੀਨ ਦੀ ਯਾਤਰਾ ਕੀਤੀ ਹੈ। ਚੀਨ ਦੀ ਯਾਤਰਾ ਕਰਨ ਵਾਲੇ ਵਿਦੇਸ਼ੀਆਂ ਦੇ ਵੀਜ਼ਾ ਵੀ ਰੱਦ ਕੀਤੇ ਜਾ ਰਹੇ ਹਨ। ਚੀਨ ਵਿਚ ਕਰੀਬ 20,400 ਲੋਕ ਕਰੋਨਾਵਾਇਰਸ ਤੋਂ ਪੀੜਤ ਹਨ। ਫ਼ਿਲੀਪਾਈਨਜ਼ ’ਚ ਵੀ ਇਕ ਮੌਤ ਹੋ ਗਈ ਹੈ। ਸ਼ੰਘਾਈ ਤੋਂ ਕੁਝ ਕਿਲੋਮੀਟਰ ਦੂਰ ਇਕ ਸ਼ਹਿਰ ਦਾ ਸੰਪਰਕ ਵੀ ਬਾਕੀ ਸ਼ਹਿਰਾਂ ਨਾਲੋਂ ਫ਼ਿਲਹਾਲ ਕੱਟ ਦਿੱਤਾ ਗਿਆ ਹੈ। 20 ਦੇਸ਼ਾਂ ਵਿਚ ਪੀੜਤਾਂ ਦੀ ਪੁਸ਼ਟੀ ਹੋ ਚੁੱਕੀ ਹੈ। ਚੀਨ ਤੋਂ ਵਾਪਸ ਲਿਆਂਦੇ ਗਏ ਪੰਜ ਜਣਿਆਂ ਨੂੰ ਦਿੱਲੀ ਦੇ ਸਫ਼ਦਰਜੰਗ ਹਸਪਤਾਲ ਤਬਦੀਲ ਕਰ ਦਿੱਤਾ ਗਿਆ ਹੈ।