ਨਵੀਂ ਦਿੱਲੀ– ਦੇਸ਼ ਵਿੱਚ ਅੱਜ ਇਕੋ ਦਿਨ ਵਿੱਚ ਚਾਰ ਨਵੀਆਂ ਮੌਤਾਂ ਨਾਲ ਕੋਵਿਡ-19 ਕਰਕੇ ਮੌਤ ਦੇ ਮੂੰਹ ਪੈਣ ਵਾਲਿਆਂ ਦੀ ਕੁੱਲ ਗਿਣਤੀ 17 ਹੋ ਗਈ ਹੈ ਜਦੋਂਕਿ 30 ਸੱਜਰੇ ਕੇਸਾਂ ਨਾਲ ਕਰੋਨਾਵਾਇਰਸ ਕੇਸਾਂ ਦੀ ਗਿਣਤੀ 724 ਨੂੰ ਅੱਪੜ ਗਈ ਹੈ। ਸਿਹਤ ਮੰਤਰਾਲੇ ਨੇ ਕਿਹਾ ਕਿ ਅੱਜ ਰਿਪੋਰਟ ਹੋਈਆਂ ਚਾਰ ਮੌਤਾਂ ਵਿੱਚੋਂ ਇਕ ਮਹਾਰਾਸ਼ਟਰ ਤੇ ਤਿੰਨ ਵਿਅਕਤੀ ਗੁਜਰਾਤ ਵਿੱਚ ਦਮ ਤੋੜ ਗਏ। ਮਹਾਰਾਸ਼ਟਰ ਵਿੱਚ ਇਹ ਤੀਜੀ ਮੌਤ ਸੀ ਜਦੋਂਕਿ ਗੁਜਰਾਤ ਵਿੱਚ ਕੁੱਲ ਮੌਤਾਂ ਦੀ ਗਿਣਤੀ ਚਾਰ ਹੋ ਗਈ ਹੈ। ਕਰਨਾਟਕ ਵਿੱਚ ਹੁਣ ਤਕ ਦੋ ਮੌਤਾਂ ਜਦੋਂਕਿ ਮੱਧ ਪ੍ਰਦੇਸ਼, ਤਾਮਿਲ ਨਾਡੂ, ਬਿਹਾਰ, ਪੰਜਾਬ, ਦਿੱਲੀ, ਪੱਛਮੀ ਬੰਗਾਲ, ਜੰਮੂ ਕਸ਼ਮੀਰ ਅਤੇ ਹਿਮਾਚਲ ਪ੍ਰਦੇਸ਼ ਵਿੱਚ ਇਕ ਇਕ ਮੌਤ ਹੋਈ ਹੈ। ਮੰਤਰਾਲੇ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਕੋਵਿਡ-19 ਦੇ ਸਰਗਰਮ ਕੇਸਾਂ ਦੀ ਗਿਣਤੀ 640 ਹੈ ਤੇ ਹੁਣ ਤਕ 66 ਵਿਅਕਤੀਆਂ ਨੂੰ ਲਾਗ ਤੋਂ ਉਭਰਨ ਮਗਰੋਂ ਛੁੱਟੀ ਦਿੱਤੀ ਜਾ ਚੁੱਕੀ ਹੈ। ਕੁੱਲ 724 ਕੇਸਾਂ ਵਿੱਚ 47 ਵਿਦੇਸ਼ੀ ਨਾਗਰਿਕ ਵੀ ਸ਼ਾਮਲ ਹਨ। ਪੂਰੇ ਦੇਸ਼ ਵਿੱਚ 103 ਜ਼ਿਲ੍ਹੇ ਕਰੋਨਾਵਾਇਰਸ ਦੀ ਮਾਰ ਹੇਠ ਹਨ। ਇਨ੍ਹਾਂ ਵਿੱਚ ਕੇਰਲਾ ਦੇ 11, ਮਹਾਰਾਸ਼ਟਰ ਦੇ 10, ਦਿੱਲੀ ਤੇ ਕਰਨਾਟਕ ਦੇ ਅੱਠ ਅੱਠ ਜ਼ਿਲ੍ਹੇ ਸ਼ਾਮਲ ਹਨ। ਸਿਹਤ ਮੰਤਰਾਲੇ ਨੇ ਕਿਹਾ ਕਿ ਵੱਖ ਵੱਖ ਹਵਾਈ ਅੱਡਿਆਂ ’ਤੇ 15,24,266 ਮੁਸਾਫ਼ਰਾਂ ਦੀ ਸਕਰੀਨਿੰਗ ਕੀਤੀ ਜਾ ਚੁੱਕੀ ਹੈ।
ਮੋਦੀ ਵੱਲੋਂ ਲੌਕਡਾਊਨ ਬਾਰੇ ਕੀਤੇ ਸੰਬੋਧਨ ਨੂੰ ਰਿਕਾਰਡ ਦਰਸ਼ਕਾਂ ਨੇ ਦੇਖਿਆ
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ 24 ਮਾਰਚ ਨੂੰ ਲੌਕਡਾਊਨ ਦੇ ਕੀਤੇ ਗਏ ਐਲਾਨ ਨੂੰ ਟੀਵੀ ’ਤੇ ਉਨ੍ਹਾਂ ਦੇ ਪਹਿਲਾਂ ਕੀਤੇ ਗਏ ਸੰਬੋਧਨਾਂ ਨਾਲੋਂ ਰਿਕਾਰਡ ਦਰਸ਼ਕਾਂ ਨੇ ਦੇਖਿਆ। ਟੈਲੀਵਿਜ਼ਨ ਰੇਟਿੰਗ ਏਜੰਸੀ ਬ੍ਰਾਡਕਾਸਟ ਔਡੀਅੰਸ ਰਿਸਰਚ ਕਾਊਂਸਿਲ (ਬਾਰਕ) ਦੀ ਭਾਰਤ ਇਕਾਈ ਮੁਤਾਬਕ 2016 ’ਚ ਸ੍ਰੀ ਮੋਦੀ ਵੱਲੋਂ ਨੋਟਬੰਦੀ ਬਾਰੇ ਰਾਸ਼ਟਰ ਨੂੰ ਕੀਤੇ ਗਏ ਸੰਬੋਧਨ ਨੂੰ ਵੀ ਇੰਨਾ ਹੁੰਗਾਰਾ ਨਹੀਂ ਮਿਲਿਆ ਸੀ। ਪ੍ਰਧਾਨ ਮੰਤਰੀ ਨੇ ਜਦੋਂ ਮੰਗਲਵਾਰ ਨੂੰ ਟੀਵੀ ’ਤੇ ਮੁਲਕ ਨੂੰ 21 ਦਿਨਾਂ ਲਈ ਮੁਕੰਮਲ ਤੌਰ ’ਤੇ ਬੰਦ ਰੱਖਣ ਦਾ ਐਲਾਨ ਕੀਤਾ ਤਾਂ ਇਸ ਭਾਸ਼ਨ ਨੂੰ 19.7 ਕਰੋੜ ਲੋਕਾਂ ਨੇ ਦੇਖਿਆ। ਪ੍ਰਸਾਰ ਭਾਰਤੀ ਦੇ ਸੀਈਓ ਸ਼ਸ਼ੀ ਸ਼ੇਖਰ ਨੇ ਟਵੀਟ ਕਰਕੇ ਕਿਹਾ ਕਿ 201 ਤੋਂ ਵਧ ਚੈਨਲਾਂ ਨੇ ਸ੍ਰੀ ਮੋਦੀ ਦੇ 24 ਮਾਰਚ ਦੇ ਭਾਸ਼ਨ ਨੂੰ ਦਿਖਾਇਆ ਅਤੇ ਬਾਰਕ ਮੁਤਾਬਕ ਇਹ ਸਭ ਤੋਂ ਵੱਧ ਟੀਵੀ ਵਿਊਅਰਸ਼ਿਪ ਹੈ। ਜ਼ਿਕਰਯੋਗ ਹੈ ਕਿ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ) ਦੇ ਫਾਈਨਲ ਮੁਕਾਬਲੇ ਨੂੰ 13.3 ਕਰੋੜ ਲੋਕਾਂ ਨੇ ਦੇਖਿਆ ਸੀ ਜਦਕਿ ਮੋਦੀ ਦੇ ਟੀਵੀ ’ਤੇ ਭਾਸ਼ਨ ਨੂੰ 19.7 ਕਰੋੜ ਲੋਕਾਂ ਨੇ ਦੇਖਿਆ ਹੈ। ਪ੍ਰਧਾਨ ਮੰਤਰੀ ਵੱਲੋਂ 14 ਘੰਟਿਆਂ ਦੇ ‘ਜਨਤਾ ਕਰਫਿਊ’ ਵਾਲੇ ਸੰਬੋਧਨ ਨੂੰ 191 ਟੀਵੀ ਚੈਨਲਾਂ ’ਤੇ ਪ੍ਰਸਾਰਿਤ ਕੀਤਾ ਗਿਆ ਸੀ ਅਤੇ ਇਸ ਨੂੰ 8.30 ਕਰੋੜ ਲੋਕਾਂ ਨੇ ਦੇਖਿਆ ਸੀ। ਲੌਕਡਾਊਨ ਦੇ ਐਲਾਨ ਵਾਲੇ ਭਾਸ਼ਨ ਨੂੰ ਰਿਕਾਰਡ 3891 ਮਿਲੀਅਨ ਮਿੰਟਾਂ ਤਕ ਦੇਖਿਆ ਗਿਆ ਜਦਕਿ 19 ਮਾਰਚ ਵਾਲੇ ਸੰਬੋਧਨ ਨੂੰ ਦਰਸ਼ਕਾਂ ਵੱਲੋਂ 1275 ਮਿਲੀਅਨ ਮਿੰਟਾਂ ਤਕ ਦੇਖਿਆ ਗਿਆ ਸੀ।