ਬਠਿੰਡਾ (ਸਮਾਜਵੀਕਲੀ)– ਪਿੰਡ ਮਾਣਕ ਖਾਨਾ ਦੀ ਮਹਿਲਾ ਸਰਪੰਚ ਸੈਸ਼ਨਦੀਪ ਕੌਰ ਕਰੋਨਾ ਤੋਂ ਆਪਣੇ ਨਗਰ ਨੂੰ ਬਚਾਉਣ ਲਈ ਮਿਸਾਲ ਬਣੀ ਹੈ। ਉਨ੍ਹਾਂ ਗੁਆਂਢੀ ਪਿੰਡਾਂ ਨਾਲ ਜੋੜਦੇ ਆਪਣੇ ਪਿੰਡ ਦੇ ਤਿੰਨੇ ਰਾਹਾਂ ’ਤੇ ਦਿਨ-ਰਾਤ ਦੀ ਪਹਿਰੇਬੰਦੀ ਕਰਵਾ ਦਿੱਤੀ ਹੈ।
ਸੈਸ਼ਨਦੀਪ ਕੌਰ ਨੇ ਦੱਸਿਆ ਕਿ ਰਾਹਾਂ ’ਤੇ ਨਾਕੇ ਲਾਏ ਗਏ ਹਨ ਅਤੇ ਇਨ੍ਹਾਂ ਉੱਪਰ 3-3 ਬੰਦਿਆਂ ਦਾ ਚੌਵੀ ਘੰਟੇ ਪਹਿਰਾ ਰਹਿੰਦਾ ਹੈ।
ਉਨ੍ਹਾਂ ਦੱਸਿਆ ਕਿ ਡਿਊਟੀ ਲਈ ਨਗਰ ਵਾਸੀਆਂ ਵੱਲੋਂ ਸਵੈ-ਇੱਛਾ ਨਾਲ ਸਹਿਯੋਗ ਦਿੱਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪਿੰਡ ਰਾਹੀਂ ਆਪਣੀ ਮੰਜ਼ਿਲ ’ਤੇ ਪਹੁੰਚਣ ਵਾਲਿਆਂ ਅਤੇ ਪਿੰਡ ’ਚ ਕੰਮ-ਧੰਦੇ ਵਾਲਿਆਂ ਤੋਂ ਬਕਾਇਦਾ ਉਨ੍ਹਾਂ ਦਾ ਨਾਂਅ, ਪਤਾ, ਕੰਮ ਦੀ ਜਾਣਕਾਰੀ ਅਤੇ ਸਮਾਂ ਨੋਟ ਕੀਤਾ ਜਾਂਦਾ ਹੈ। ਇਸੇ ਤਰ੍ਹਾਂ ਪਿੰਡ ’ਚ ਰੁਕਣ ਵਾਲਿਆਂ ਬਾਰੇ ਪ੍ਰਸ਼ਾਸਨ ਨੂੰ ਸੂਚਨਾ ਦਿੱਤੀ ਜਾਂਦੀ ਹੈ ਅਤੇ ਵਿਧੀਵਤ ਪੜਾਵਾਂ ’ਚੋਂ ਸਫ਼ਲ ਹੋਣ ’ਤੇ ਇਜਾਜ਼ਤ ਦਿੱਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਪਿੰਡ ’ਚ ਕਰੀਬ ਤਿੰਨ ਦਰਜਨ ਅਜਿਹੇ ਕਾਮੇ ਪਰਿਵਾਰ ਹਨ ਜਿਨ੍ਹਾਂ ਦਾ ਦਿਹਾੜੀ ਕਰ ਕੇ ਘਰ ’ਚ ਰੋਟੀ-ਪਾਣੀ ਚੱਲਦਾ ਹੈ।