ਇਰਾਨ ਨੇ ਅੱਜ ਕਿਹਾ ਕਿ ਮੁਲਕ ਵਿੱਚ ਨਵੇਂ ਕਰੋਨਾਵਾਇਰਸ ਕਰਕੇ ਮੌਤਾਂ ਦੀ ਗਿਣਤੀ 124 ਹੋ ਗਈ ਹੈ ਜਦੋਂਕਿ ਇਸਲਾਮਿਕ ਗਣਰਾਜ ਵਿੱਚ 4774 ਵਿਅਕਤੀ ਅਜਿਹੇ ਹਨ ਜਿਨ੍ਹਾਂ ਦੇ ਇਸ ਲਾਗ ਨਾਲ ਪੀੜਤ ਹੋਣ ਦੀ ਪੁਸ਼ਟੀ ਹੋ ਗਈ ਹੈ। ਸਰਕਾਰ ਨੇ ਕਿਹਾ ਕਿ ਉਹ ਸ਼ਹਿਰਾਂ ਦਰਮਿਆਨ ਯਾਤਰਾ ਨੂੰ ਸੀਮਤ ਕਰਨ ਲਈ ਲੋੜ ਪੈਣ ’ਤੇ ‘ਜ਼ੋਰ’ ਦੀ ਵਰਤੋਂ ਕਰ ਸਕਦੀ ਹੈ।
ਇਸ ਦੌਰਾਨ ਇਰਾਨ ਦੇ ਵਿਦੇਸ਼ ਮੰਤਰੀ ਮੁਹੰਮਦ ਜਾਵਿਦ ਜ਼ਰੀਫ਼ ਦੇ ਸਲਾਹਕਾਰ ਹੁਸੈਨ ਸ਼ੇਖੋਸਲਾਮ ਦੀ ਅੱਜ ਕਰੋਨਾਵਾਇਰਸ ਕਰ ਕੇ ਮੌਤ ਹੋ ਗਈ। ਸਰਕਾਰੀ ਖ਼ਬਰ ਏਜੰਸੀ ਇਰਨਾ ਨੇ ਮੌਤ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਸ਼ੇਖੋਸਲਾਮ, ਜੋ ਕਿ ਬਜ਼ੁਰਗ ਤੇ ਰੈਵੋਲਿਊਸ਼ਨਰੀ ਕੂਟਨੀਤਕ ਸੀ, ਨੇ 1979 ਵਿੱਚ ਅਮਰੀਕੀ ਅੰਬੈਸੀ ਬੰਦੀ ਸੰਕਟ ਵਿੱਚ ਅਹਿਮ ਭੂਮਿਕਾ ਨਿਭਾਈ ਸੀ। ਸ਼ੇਖੋਸਲਾਮ ਸੀਰੀਆ ਵਿੱਚ ਇਰਾਨ ਦਾ ਸਾਬਕਾ ਰਾਜਦੂਤ ਸੀ ਤੇ ਉਸ ਨੇ 1981 ਤੋਂ 1997 ਤਕ ਉਪ ਵਿਦੇਸ਼ ਮੰਤਰੀ ਵਜੋਂ ਸੇਵਾਵਾਂ ਨਿਭਾਈਆਂ ਸਨ।
ਸਿਹਤ ਮੰਤਰਾਲੇ ਦੇ ਤਰਜਮਾਨ ਕਿਨਾਉਸ਼ ਜਹਾਨਪੋਰ ਨੇ ਕਿਹਾ ਕਿ ਕਰੋਨਾਵਾਇਰਸ ਨੇ ਇਰਾਨ ਦੇ 31 ਸੂਬਿਆਂ ’ਚ ਪੈਰ ਪਸਾਰ ਲਏ ਹਨ। ਇਸ ਦੌਰਾਨ ਇਹਤਿਆਤ ਵਜੋਂ ਅੱਜ ਕਰਬਲਾ ਸਮੇਤ ਹੋਰਨਾਂ ਪ੍ਰਮੁੱਖ ਸ਼ਹਿਰਾਂ ’ਚ ਜੁੰਮੇ ਦੀ ਨਮਾਜ਼ ਰੱਦ ਕਰ ਦਿੱਤੀ ਗਈ। ਯੂਏਈ ਨੇ ਨਮਾਜ਼ ਨੂੰ, ਕੁਰਾਨ ਦੀਆਂ ਦੋ ਆਇਤਾਂ ਤਕ ਸੀਮਤ ਕਰ ਦਿੱਤਾ ਹੈ ਤਾਂ ਕਿ ਦਸ ਮਿੰਟ ਤੋਂ ਵੱਧ ਸਮਾਂ ਨਾ ਲੱਗੇ। ਤਹਿਰਾਨ ਵਿੱਚ 18 ਕਿਲੋਮੀਟਰ ਦੇ ਘੇਰੇ ਵਿੱਚ ਅੱਗ ਬੁਝਾਊ ਗੱਡੀਆਂ ਰਾਹੀਂ ਰੋਗਾਣੂ-ਨਾਸ਼ਕ ਦਵਾਈ ਦਾ ਛਿੜਕਾਅ ਕੀਤਾ ਗਿਆ।
World ਕਰੋਨਾਵਾਇਰਸ: ਇਰਾਨੀ ਵਿਦੇਸ਼ ਮੰਤਰੀ ਦੇ ਸਲਾਹਕਾਰ ਦੀ ਮੌਤ