ਪੀੜਤਾਂ ਦੀ ਗਿਣਤੀ ਵਧ ਕੇ 236 ਹੋਈ
- ਆਈਸੀਐੱਮਆਰ ਤੇ ਸਿਹਤ ਮੰਤਰਾਲੇ ਦੇ ਅੰਕੜਿਆਂ ਵਿੱਚ ਫਰਕ
- ਗਿਣਤੀ ’ਚ ਚਾਰ ਮੌਤਾਂ ਤੇ 23 ਠੀਕ ਹੋਣ ਵਾਲਿਆਂ ਦਾ ਅੰਕੜਾ ਵੀ ਸ਼ਾਮਲ
- ਜੈਪੁਰ ’ਚ ਕਰੋਨਾਵਾਇਰਸ ਤੋਂ ਉਭਰੇ ਇਤਾਲਵੀ ਸੈਲਾਨੀ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ
- ਸੰਸਦ ਮੈਂਬਰ ਦੁਸ਼ਯੰਤ ਨੇ ਸਾਥੀ ਸੰਸਦ ਮੈਂਬਰਾਂ ਦੀ ਫ਼ਿਕਰਮੰਦੀ ਵਧਾਈ
- ਅੱਜ ਸੰਸਦ 11 ਵਜੇ ਦੀ ਥਾਂ 2 ਵਜੇ ਜੁੜੇਗੀ
ਨਵੀਂ ਦਿੱਲੀ- ਭਾਰਤ ਵਿੱਚ ਅੱਜ ਇਕੋ ਦਿਨ ਵਿੱਚ ਕਰੋਨਾਵਾਇਰਸ ਦੇ 63 ਨਵੇਂ ਕੇਸ ਸਾਹਮਣੇ ਆਉਣ ਨਾਲ ਮਹਾਮਾਰੀ ਦੀ ਮਾਰ ਹੇਠ ਆਉਣ ਵਾਲੇ ਲੋਕਾਂ ਦੀ ਗਿਣਤੀ ਵਧ ਕੇ 236 ਹੋ ਗਈ ਹੈ। ਮੈਡੀਕਲ ਖੋਜ ਬਾਰੇ ਭਾਰਤੀ ਕੌਂਸਲ (ਆਈਸੀਐੱਮਆਰ) ਵੱਲੋਂ ਦੇਰ ਰਾਤ ਜਾਰੀ ਇਹ ਅੰਕੜਾ ਹਾਲਾਂਕਿ ਸਿਹਤ ਮੰਤਰਾਲੇ ਵੱਲੋਂ ਜਾਰੀ ਅੰਕੜਿਆਂ ਨਾਲ ਮੇਲ ਨਹੀਂ ਖਾਂਦਾ। ਸਿਹਤ ਮੰਤਰਾਲੇ ਨੇ ਹਾਲਾਂਕਿ 50 ਸੱਜਰੇ ਕੇਸਾਂ ਨਾਲ ਕੁੱਲ ਕੇਸਾਂ ਦੀ ਗਿਣਤੀ 223 ਹੋਣ ਦਾ ਦਾਅਵਾ ਕੀਤਾ ਹੈ। ਲੰਘੇ ਦਿਨ ਇਹ ਅੰਕੜਾ 173 ਸੀ। ਵਾਇਰਸ ਦੀ ਲਾਗ ਕਰਕੇ ਆਲਮੀ ਪੱਧਰ ’ਤੇ ਹੁਣ ਤਕ ਦਸ ਹਜ਼ਾਰ ਦੇ ਕਰੀਬ ਵਿਅਕਤੀ ਮੌਤ ਦੇ ਮੂੰਹ ਪੈ ਚੁੱਕੇ ਹਨ। ਇਸ ਦੌਰਾਨ ਜੈਪੁਰ ਵਿੱਚ 69 ਸਾਲਾ ਇਤਾਲਵੀ ਸੈਲਾਨੀ, ਜੋ ਕਰੋਨਾਵਾਇਰਸ ਤੋਂ ‘ਉਭਰ’ ਆਇਆ ਸੀ, ਦੀ ਵੀਰਵਾਰ ਦੇਰ ਰਾਤ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਇਸ ਦੌਰਾਨ 6700 ਦੇ ਕਰੀਬ ਅਜਿਹੇ ਲੋਕ ਹਨ, ਜੋ ਕਿਸੇ ਨਾ ਕਿਸੇ ਰੂਪ ਵਿੱਚ ਕਰੋਨਾਵਾਇਰਸ ਪੀੜਤ ਮਰੀਜ਼ਾਂ ਦੇ ਸੰਪਰਕ ਵਿੱਚ ਰਹੇ ਹਨ। ਸਿਹਤ ਮੰਤਰਾਲੇ ਵੱਲੋਂ ਇਨ੍ਹਾਂ ’ਤੇ ਖਾਸ ਨਿਗਰਾਨੀ ਰੱਖੀ ਜਾ ਰਹੀ ਹੈ। ਮੰਤਰਾਲੇ ’ਚ ਜੁਆਇੰਟ ਸਕੱਤਰ ਲਵ ਅਗਰਵਾਲ ਨੇ ਲੋਕਾਂ ਨੂੰ ਪ੍ਰਧਾਨ ਮੰਤਰੀ ਵੱਲੋਂ ‘ਜਨਤਾ ਕਰਫਿਊ’ ਦੇ ਦਿੱਤੇ ਸੱਦੇ ਦਾ ਪਾਲਣ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਲੋਕ ਕਿਸੇ ਵੀ ਅਫ਼ਵਾਹ ਤੋਂ ਬਚਣ ਤੇ ਸਪਸ਼ਟੀਕਰਨ ਲਈ ਟੌਲ ਨੰਬਰ 1075 ਦੀ ਵਰਤੋਂ ਕਰਨ। ਮਹਾਰਾਸ਼ਟਰ ਦੇ ਪ੍ਰਮੁੱਖ ਸ਼ਹਿਰਾਂ ਸਮੇਤ ਦੇਸ਼ ਦੀ ਕਮਰਸ਼ੀਅਲ ਹੱਬ ਕਹੇ ਜਾਂਦੇ ਮੁੰਬਈ ਤੇ ਪੁਣੇ ਵਿੱਚ ਸਾਰੀਆਂ ਕੰਮ ਵਾਲੀਆਂ ਥਾਵਾਂ 31 ਮਾਰਚ ਤਕ ਬੰਦ ਕਰ ਦਿੱਤੀਆਂ ਗਈਆਂ ਹਨ। ਇਸ ਦੌਰਾਨ ‘ਬੇਬੀ ਡੌਲ ਮੈਂ ਸੋਨੇ ਕੀ’ ਤੇ ‘ਚਿੱਟੀਆਂ ਕਲਾਈਆਂ’ ਜਿਹੇ ਗੀਤ ਗਾਉਣ ਵਾਲੀ ਗਾਇਕਾ ਕਨਿਕਾ ਕਪੂਰ ਦਾ ਕਰੋਨਾ ਟੈਸਟ ਪਾਜ਼ੇਟਿਵ ਆਇਆ ਹੈ। ਲਖਨਊ ਵਿੱਚ ਇਕ ਪਾਰਟੀ ਦੌਰਾਨ ਕਨਿਕਾ ਦੇ ਸੰਪਰਕ ਵਿੱਚ ਆਈ ਰਾਜਸਥਾਨ ਦੀ ਸਾਬਕਾ ਮੁੱਖ ਮੰਤਰੀ ਵਸੁੰਧਰਾ ਰਾਜੇ ਸਿੰਧੀਆ ਤੇ ਉਨ੍ਹਾਂ ਦੇ ਪੁੱਤਰ ਸੰਸਦ ਮੈਂਬਰ ਦੁਸ਼ਯੰਤ ਨੇ ਖੁ਼ਦ ਨੂੰ ਆਇਸੋਲੇਸ਼ਨ ਵਿੱਚ ਰੱਖਿਆ ਹੈ। ਹਾਲਾਂਕਿ ਮਾਂ-ਪੁੱਤ ਦਾ ਟੈਸਟ ਨੈਗੇਟਿਵ ਆਇਆ ਹੈ, ਪਰ ਦੁਸ਼ਯੰਤ ਕਰਕੇ ਵੱਡੀ ਗਿਣਤੀ ਸੰਸਦ ਮੈਂਬਰਾਂ ਦੀ ਫਿਕਰਮੰਦੀ ਵੱਧ ਗਈ ਹੈ। ਇਸ ਦੌਰਾਨ ਕੌਮੀ ਰਾਜਧਾਨੀ ਵਿਚਲੇ ਸਾਰੇ ਮਾਲ ਬੰਦ ਕਰ ਦਿੱਤੇ ਗਏ ਹਨ ਜਦੋਂਕਿ ਇਨ੍ਹਾਂ ਵਿਚਲੀਆਂ ਰਾਸ਼ਨ, ਫਾਰਮੇਸੀ ਤੇ ਸਬਜ਼ੀਆਂ ਦੇ ਸਟੋਰ ਖੁੱਲ੍ਹੇ ਰਹਿਣਗੇ। ਖੇਡ ਤੇ ਫ਼ਿਲਮੀ ਹਸਤੀਆਂ ਨੇ ਕਰੋਨਾਵਾਇਰਸ ਦੇ ਟਾਕਰੇ ਲਈ ਲੋਕਾਂ ਨੂੰ ‘ਸਮਾਜਿਕ ਦੂਰੀ’ ਬਣਾਉਂਦਿਆਂ ਘਰਾਂ ਵਿੱਚ ਰਹਿਣ ਦੀ ਅਪੀਲ ਕੀਤੀ ਹੈ।
ਕੇਂਦਰੀ ਸਿਹਤ ਮੰਤਰਾਲੇ ਨੇ 195 ਕਰੋਨਾਵਾਇਰਸ ਪੀੜਤਾਂ ਦਾ ਜਿਹੜਾ ਡੇਟਾ ਜਾਰੀ ਕੀਤਾ ਹੈ, ਉਸ ਵਿੱਚ 32 ਵਿਦੇਸ਼ੀ ਨਾਗਰਿਕ ਵੀ ਸ਼ਾਮਲ ਹਨ, ਜਿਨ੍ਹਾਂ ਵਿੱਚ ਇਟਲੀ ਦੇ 17, ਫਿਲਪੀਨਜ਼ ਦੇ ਤਿੰਨ, ਯੂਕੇ ਦੇ ਦੋ ਜਦੋਂਕਿ ਕੈਨੇਡਾ, ਇੰਡੋਨੇਸ਼ੀਆ ਤੇ ਸਿੰਗਾਪੁਰ ਦਾ ਇਕ ਇਕ ਨਾਗਰਿਕ ਹੈ। ਇਸ ਡੇਟਾ ਵਿੱਚ ਦਿੱਲੀ, ਕਰਨਾਟਕ, ਪੰਜਾਬ ਤੇ ਮਹਾਰਾਸ਼ਟਰ ਵਿੱਚ ਹੋਈਆਂ ਚਾਰ ਮੌਤਾਂ ਵੀ ਸ਼ਾਮਲ ਹਨ। ਮੰਤਰਾਲੇ ਨੇ ਕਿਹਾ ਕਿ ਦੇਸ਼ ਭਰ ਵਿੱਚ ਸਰਗਰਮ ਕੋਵਿਡ-19 ਕੇਸਾਂ ਦੀ ਗਿਣਤੀ ਹੁਣ ਤਕ 196 ਹੈ ਜਦੋਂਕਿ 23 ਹੋਰਨਾਂ ਨੂੰ ਠੀਕ ਹੋਣ ਮਗਰੋਂ ਛੁੱਟੀ ਦਿੱਤੀ ਜਾ ਚੁੱਕੀ ਹੈ ਤੇ ਚਾਰ ਮੌਤ ਦੇ ਮੂੰਹ ਜਾ ਪਏ ਹਨ। ਪੰਜਾਬ ਦੇ ਮੁਹਾਲੀ ’ਚ ਅੱਜ ਇਕ ਨਵਾਂ ਕੇਸ ਸਾਹਮਣੇ ਆਉਣ ਨਾਲ ਪੰਜਾਬ ਤੇ ਚੰਡੀਗੜ੍ਹ ਵਿੱਚ ਕਰੋਨਾ ਪੀੜਤਾਂ ਦੀ ਗਿਣਤੀ ਵਧ ਕੇ ਅੱਠ ਹੋ ਗਈ ਹੈ ਜਦੋਂਕਿ ਲੰਘੇ ਦਿਨ ਨਵਾਂਸ਼ਹਿਰ ਨਾਲ ਸਬੰਧਤ ਵਿਦੇਸ਼ ਤੋਂ ਪਰਤੇ ਬਲਦੇਵ ਸਿੰਘ (70) ਦੀ ਮੌਤ ਹੋ ਗਈ ਸੀ। ਉਹ 7 ਮਾਰਚ ਨੂੰ ਜਰਮਨੀ ਤੋਂ ਵਾਇਆ ਇਟਲੀ ਦੇਸ਼ ਪਰਤਿਆ ਸੀ। ਹਰਿਆਣਾ ਵਿੱਚ ਕੁੱਲ ਕੇਸਾਂ ਦੀ ਗਿਣਤੀ 17 ਹੈ, ਜਿਨ੍ਹਾਂ ਵਿੱਚ 14 ਵਿਦੇਸ਼ੀ ਵੀ ਸ਼ਾਮਲ ਹਨ। ਹਿਮਾਚਲ ਪ੍ਰਦੇਸ਼ ਵਿਚ ਦੋ ਨਵੇਂ ਕੇਸ ਸਾਹਮਣੇ ਆਏ ਹਨ ਜਦੋਂਕਿ ਦਿੱਲੀ ਤੇ ਲੱਦਾਖ ’ਚ ਕੇਸਾਂ ਦੀ ਗਿਣਤੀ ਕ੍ਰਮਵਾਰ ਵਧ ਕੇ 20 ਤੇ 10 ਹੋ ਗਈ ਹੈ। ਮਹਾਰਾਸ਼ਟਰ, ਕਰਨਾਟਕ ਤੇ ਕੇਰਲਾ ਵਿੱਚ ਪੀੜਤਾਂ ਦੀ ਗਿਣਤੀ ਕ੍ਰਮਵਾਰ 52, 15 ਤੇ 28 ਹੈ।
ਇਸ ਦੌਰਾਨ ਇੱਕ ਨਿਵੇਕਲੀ ਪਹਿਲਕਦਮੀ ਵਜੋਂ ਸੰਸਦ ਸਵੇਰੇ 11 ਵਜੇ ਦੀ ਥਾਂ ਬਾਅ ਦੁਪਹਿਰ ਦੋ ਵਜੇ ਜੁੜੇਗੀ। ਸਰਕਾਰ ਵੱਲੋਂ ਘਰਾਂ ਵਿੱਚ ਜ਼ਰੂਰੀ ਵਸਤਾਂ ਦੀ ਜਮ੍ਹਾਂਖੋਰੀ ਨਾ ਕੀਤੇ ਜਾਣ ਦੀਆਂ ਅਪੀਲਾਂ ਦੇ ਬਾਵਜੂਦ ਰਾਸ਼ਨ ਦੀਆਂ ਦੁਕਾਨਾਂ, ਫਾਰਮੇਸੀਆਂ ਤੇ ਹੋਰਨਾਂ ਦੁਕਾਨਾਂ ਦੇ ਬਾਹਰ ਲੋਕਾਂ ਦੀਆਂ ਲੰਮੀਆਂ ਕਤਾਰਾਂ ਲੱਗੀਆਂ ਰਹੀਆਂ। ਲੋਕ ਪ੍ਰਧਾਨ ਮੰਤਰੀ ਦੇ ‘ਸਮਾਜਿਕ ਦੂਰੀ’ ਬਣਾ ਕੇ ਰੱਖਣ ਦੇ ਦਿੱਤੇ ਸੱਦੇ ਦੀਆਂ ਧੱਜੀਆਂ ਉਡਾਉਂਦੇ ਨਜ਼ਰ ਆਏ। ਉਧਰ ਵਪਾਰੀਆਂ ਬਾਰੇ ਜਥੇਬੰਦੀ ਕੇਟ (ਸੀਏਆਈਟੀ) ਨੇ ਕਿਹਾ ਕਿ ਉਸ ਦੇ ਮੈਂਂਬਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ 22 ਮਾਰਚ ਨੂੰ ‘ਜਨਤਾ ਕਰਫਿਊ’ ਦੇ ਦਿੱਤੇ ਸੱਦੇ ਦੇ ਮੱਦੇਨਜ਼ਰ ਐਤਵਾਰ ਨੂੰ ਆਪੋ ਆਪਣੀਆਂ ਦੁਕਾਨਾਂ ਤੇ ਹੋਰ ਅਦਾਰੇ ਬੰਦ ਰੱਖਣਗੇ। ਇਸ ਦੌਰਾਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਕੋਵਿਡ-19 ਦੇ ਖ਼ੌਫ਼ ਕਰਕੇ ਕੌਮੀ ਰਾਜਧਾਨੀ ਵਿਚਲੇ ਸਾਰੇ ਮਾਲ ਬੰਦ ਰਹਿਣਗੇ। ਹਾਲਾਂਕਿ ਇਨ੍ਹਾਂ ਵਿਚਲੇ ਰਾਸ਼ਨ, ਫਾਰਮੇਸੀ ਤੇ ਸਬਜ਼ੀਆਂ ਦੇ ਸਟੋਰ ਖੁੱਲ੍ਹੇ ਰਹਿਣਗੇ। ਇਸ ਦੇ ਨਾਲ ਹੀ ਦਿੱਲੀ ਸਰਕਾਰ ਨੇ ਨਿੱਜੀ ਖੇਤਰ ਲਈ ਇਕ ਐਡਵਾਈਜ਼ਰੀ ਜਾਰੀ ਕਰਦਿਆਂ ਉਨ੍ਹਾਂ ਨੂੰ ਆਪਣੇ ਮੁਲਾਜ਼ਮਾਂ ਨੂੰ ਮਾਰਚ ਤਕ ਘਰੋਂ ਕੰਮ ਕਰਨ ਦੀ ਇਜਾਜ਼ਤ ਦੇਣ ਲਈ ਕਿਹਾ ਹੈ। ਕੇਜਰੀਵਾਲ ਸਰਕਾਰ ਨੇ ਬਜ਼ੁਰਗਾਂ, ਗਰਭਵਤੀ ਔਰਤਾਂ ਅਤੇ ਹਾਈ ਬਲੱਡ ਪ੍ਰੈੱਸ਼ਰ ਤੇ ਸ਼ੂਗਰ ਦੇ ਮਰੀਜ਼ਾਂ ਨੂੰ ਘਰਾਂ ਵਿੱਚ ਰਹਿਣ ਦੀ ਸਲਾਹ ਦਿੱਤੀ ਹੈ।
ਇਸ ਦੌਰਾਨ ਖੇਡ ਤੇ ਬੌਲੀਵੁੱਡ ਜਗਤ ਦੀਆਂ ਹਸਤੀਆਂ ਵਿਰਾਟ ਕੋਹਲੀ ਤੇ ਉਸ ਦੀ ਪਤਨੀ ਅਨੁਸ਼ਕਾ ਸ਼ਰਮਾ ਨੇ ਸੋਸ਼ਲ ਮੀਡੀਆ ’ਤੇ ਜਾਰੀ ਇਕ ਸਾਂਝੀ ਅਪੀਲ ਵਿੱਚ ਕੋਵਿਡ-19 ਮਹਾਮਾਰੀ ਦੇ ਟਾਕਰੇ ਲਈ ਘਰਾਂ ਵਿੱਚ ਹੀ ਰਹਿਣ ਲਈ ਕਿਹਾ ਹੈ। ਉਧਰ ਅਦਾਕਾਰ ਕਾਰਤਿਕ ਆਰੀਅਨ ਨੇ ਯੂ-ਟਿਊਬ ’ਤੇ ਇਕ ਮੋਨੋੋਲੋਗ ਜਾਰੀ ਕਰਦਿਆਂ ਇਕ ਖਾਸ ਅੰਦਾਜ਼ ਵਿੱਚ ਲੋਕਾਂ ਨੂੰ ‘ਸਮਾਜਿਕ ਦੂਰੀ’ ਬਣਾ ਕੇ ਰੱਖਣ ਦੀ ਸਲਾਹ ਦਿੱਤੀ ਹੈ। ਅਮਰੀਕਾ ਤੋਂ ਪਰਤੇ ਉੱਘੇ ਅਦਾਕਾਰ ਅਨੁਪਮ ਖੇਰ ਨੇ ਇਹਤਿਆਤ ਵਜੋਂ ਖ਼ੁਦ ਨੂੰ ਇਕਾਂਤ ’ਚ ਰੱਖਣ ਦਾ ਫੈਸਲਾ ਕੀਤਾ ਹੈ। ਵਿਦੇਸ਼ ਤੋਂ ਅੱਜ ਹੀ ਪਰਤੇ ਅਦਾਕਾਰ ਦਾ ਹਾਲਾਂਕਿ ਟੈਸਟ ਨੈਗੇਟਿਵ ਆਇਆ ਹੈ। ਖੇਰ ਟੀਵੀ ਲੜੀ ‘ਨਿਊ ਐਮਸਟਰਡਮ’ ਦੀ ਸ਼ੂਟਿੰਗ ਲਈ ਪਿਛਲੇ ਕੁਝ ਹਫ਼ਤਿਆਂ ਤੋਂ ਨਿਊ ਯਾਰਕ ਸ਼ਹਿਰ ਵਿੱਚ ਸੀ। ਉਧਰ ਇਸ ਲੜੀ ਵਿੱਚ ਖੇਰ ਦੇ ਸਹਿ-ਅਦਾਕਾਰ ਡੈਨੀਅਨ ਡੇਅ ਕਿਮ ਨੇ ਲੰਘੇ ਦਿਨ ਐਲਾਨ ਕੀਤਾ ਸੀ ਕਿ ਉਸ ਨੂੰ ਕਰੋਨਾਵਾਇਰਸ ਲਈ ਪਾਜ਼ੇਟਿਵ ਪਾਇਆ ਗਿਆ ਹੈ। ਬੁਡਾਪੈਸਟ ਤੋਂ ਪਰਤੀ ਅਦਾਕਾਰਾ ਸ਼ਬਾਨਾ ਆਜ਼ਮੀ ਨੇ ਵੀ ਵੀਰਵਾਰ ਨੂੰ ਇਕ ਟਵੀਟ ਕਰਕੇ ਘਰ ਵਿੱਚ ਆਇਸੋਲੇਸ਼ਨ ’ਚ ਹੋਣ ਦਾ ਖੁਲਾਸਾ ਕੀਤਾ ਸੀ। ਇਸੇ ਦੌਰਾਨ ਆਮ ਆਦਮੀ ਪਾਰਟੀ ਦੇ ਆਗੂ ਸੰਜੈ ਸਿੰਘ ਨੇ ਅੱਜ ਐਲਾਨ ਕੀਤਾ ਕਿ ਉਹ ਤ੍ਰਿਣਾਮੂਲ ਕਾਂਗਰਸ ਦੇ ਸੰਸਦ ਮੈਂਬਰ ਡੈਰੇਕ ਓ’ਬਰਾਇਨ ਨਾਲ ਮੁਲਾਕਾਤ ਤੋਂ ਬਾਅਦ ਖੁਦ ਨੂੰ ਹਰ ਇਕਾਂਤ ’ਚ ਰੱਖ ਰਹੇ ਹਨ। ਪਰਸੋਨਲ ਮੰਤਰਾਲੇ ਵੱਲੋਂ ਜਾਰੀ ਜਾਣਕਾਰੀ ਅਨੁਸਾਰ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ (ਯੂਪੀਐੱਸਈ) ਨੇ ਕਰੋਨਾਵਾਇਰਸ ਦੇ ਮੱਦੇਨਜ਼ਰ ਅੱਜ ਸਿਵਲ ਸੇਵਾਵਾਂ ਪ੍ਰੀਖਿਆਵਾਂ-2019 ਲਈ ਇੰਟਰਵਿਊ ਅੱਗੇ ਪਾ ਦਿੱਤੀ ਹੈ। ਉੱਧਰ ਰੇਲਵੇ ਨੇ ਅੱਜ 90 ਹੋਰ ਰੇਲ ਗੱਡੀਆਂ ਰੱਦ ਕਰ ਦਿੱਤੀਆਂ ਹਨ ਜਿਸ ਨਾਲ ਰੱਦ ਕੀਤੀਆਂ ਜਾਣ ਵਾਲੀਆਂ ਰੇਲ ਗੱਡੀਆਂ ਦੀ ਗਿਣਤੀ 245 ਹੋ ਗਈ ਹੈ।