ਕਰੋਨਾਵਾਇਰਸ: ਆਲਮੀ ਪੱਧਰ ’ਤੇ ਪਾਜ਼ੇਟਿਵ ਕੇਸਾਂ ਦੀ ਗਿਣਤੀ 10 ਲੱਖ ਦੇ ਪਾਰ

ਮੌਤਾਂ ਦਾ ਅੰਕੜਾ 50 ਹਜ਼ਾਰ ਨੂੰ ਟੱਪਿਆ;
ਅਮਰੀਕਾ ’ਚ ਇਕੋ ਦਿਨ ’ਚ 1100 ਮੌਤਾਂ;
ਪੂਤਿਨ ਵੱਲੋਂ ਬਿਨਾਂ ਕੰਮ ਤੋਂ ਅਦਾਇਗੀ 30 ਅਪਰੈਲ ਤਕ ਵਧਾਈ


ਵਾਸ਼ਿੰਗਟਨ (ਸਮਾਜਵੀਕਲੀ)
ਆਲਮੀ ਪੱਧਰ ’ਤੇ ਕਰੋਨਾਵਾਇਰਸ ਦੀ ਲਾਗ ਨਾਲ ਪੀੜਤ ਪੱਕੇ ਕੇਸਾਂ ਦੀ ਗਿਣਤੀ ਦਸ ਲੱਖ ਦਾ ਅੰਕੜਾ ਪਾਰ ਕਰ ਗਈ ਹੈ। ਹੁਣ ਤੱਕ 50 ਹਜ਼ਾਰ ਤੋਂ ਵੱਧ ਲੋਕ ਮਹਾਮਾਰੀ ਕਰਕੇ ਜਹਾਨੋਂ ਕੂਚ ਕਰ ਗਏ ਹਨ। ਅਮਰੀਕਾ ਲੰਘੇ ਦਿਨ ਇਕੋ ਦਿਨ ਵਿੱਚ 1100 ਮੌਤਾਂ ਨਾਲ ਹੋਰਨਾਂ ਮੁਲਕਾਂ ਨੂੰ ਮਾਤ ਪਾਉਂਦਿਆਂ ਸਭ ਤੋਂ ਅੱਗੇ ਨਿਕਲ ਗਿਆ ਹੈ।

ਅਮਰੀਕਾ ਵਿੱਚ ਹੁਣ ਤਕ 6000 ਵਿਅਕਤੀ ਕਰੋਨਾਵਾਇਰਸ ਦੀ ਭੇਟ ਚੜ੍ਹ ਗਏ ਹਨ। ਬ੍ਰਿਟੇਨ ਵਿੱਚ ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਨੇ ‘ਟੈਸਟਿੰਗ’ ਦੇ ਕੰਮ ਨੂੰ ਤੇਜ਼ ਕਰਨ ਦਾ ਸੰਕਲਪ ਦੁਹਰਾਇਆ ਹੈ। ਬਰਤਾਨਵੀ ਸਿਹਤ ਮੰਤਰੀ ਨੇ ਕਿਹਾ ਕਿ ਆਗਾਮੀ ਦਿਨਾਂ ਵਿੱਚ ਉਨ੍ਹਾਂ ਇਕ ਦਿਨ ਵਿੱਚ ਇਕ ਲੱਖ ਟੈਸਟ ਕਰਨ ਦਾ ਟੀਚਾ ਮਿੱਥਿਆ ਹੈ। ਇਸ ਦੌਰਾਨ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਕਿਹਾ ਕਿ ਬਿਨਾਂ ਕੰਮ ਤੋਂ ਅਦਾਇਗੀ ਅਪਰੈਲ ਮਹੀਨੇ ਵੀ ਜਾਰੀ ਰਹੇਗੀ। ਰੂਸ ਵਿੱਚ ਪਾਜ਼ੇਟਿਵ ਕੇਸਾਂ ਦੀ ਗਿਣਤੀ 3500 ਹੋ ਗਈ ਹੈ।

ਅੱਧੀ ਦੁਨੀਆ ਕਿਸੇ ਨਾ ਕਿਸੇ ਰੂਪ ਵਿੱਚ ਤਾਲਾਬੰਦੀ ਅਧੀਨ ਹੈ, ਪਰ ਇਸ ਦੇ ਬਾਵਜੂਦ ਵਾਇਰਸ ਲਗਾਤਾਰ ਤੇਜ਼ੀ ਨਾਲ ਫੈਲ ਰਿਹਾ ਹੈ। ਮੌਤਾਂ ਦਾ ਅੰਕੜਾ ਤੇਜ਼ੀ ਨਾਲ ਵੱਧ ਰਿਹਾ ਹੈ। ਅਮਰੀਕਾ ਵਿੱਚ ਪਿਛਲੇ ਦੋ ਹਫ਼ਤਿਆਂ ਵਿੱਚ ਇਕ ਕਰੋੜ ਲੋਕ ਆਪਣੀਆਂ ਨੌਕਰੀਆਂ ਤੋਂ ਹੱਥ ਧੋਅ ਬੈਠੇ ਹਨ। ਅਰਥਸ਼ਾਸਤਰੀਆਂ ਨੇ ਅਜੇ ਹੋਰ ਮਾੜੇ ਹਾਲਾਤ ਹੋਣ ਦੀ ਚਿਤਾਵਨੀ ਦਿੱਤੀ ਹੈ।

ਏਸ਼ੀਅਨ ਡਿਵੈਲਪਮੈਂਟ ਬੈਂਕ ਨੇ ਸ਼ੁੱਕਰਵਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਅਰਥਚਾਰੇ ਨੂੰ ਵਾਇਰਸ ਕਰਕੇ 4.1 ਖਰਬ ਅਮਰੀਕੀ ਡਾਲਰ ਦੀ ਮਾਰ ਪੈ ਸਕਦੀ ਹੈ, ਜੋ ਕਿ ਕੁੱਲ ਆਲਮੀ ਉਤਪਾਦਨ ਦੇ 5 ਫੀਸਦ ਦੇ ਬਰਾਬਰ ਹੈ। ਆਲਮੀ ਆਗੂਆਂ ਨੇ ਸੰਕਟ ਨਾਲ ਨਜਿੱਠਣ ਲਈ ਵੱਡੇ ਵਿੱਤੀ ਰਾਹਤ ਪੈਕੇਜਾਂ ਦਾ ਐਲਾਨ ਕੀਤਾ ਸੀ। ਆਲਮੀ ਬੈਂਕ ਨੇ ਅਗਲੇ 15 ਤੋਂ ਵੱਧ ਮਹੀਨਿਆਂ ਲਈ ਐਮਰਜੈਂਸੀ ਨਗ਼ਦੀ ਦੇ ਰੂਪ ਵਿੱਚ 160 ਅਰਬ ਅਮਰੀਕੀ ਡਾਲਰ ਜਾਰੀ ਕਰਨ ਦੀ ਯੋਜਨਾ ਨੂੰ ਮਨਜ਼ੂਰ ਕਰ ਲਿਆ ਸੀ।

ਜੌਹਨ ਹੋਪਕਿਨਜ਼ ਯੂਨੀਵਰਸਿਟੀ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਅਮਰੀਕਾ ਵਿੱਚ ਹੁਣ ਤਕ 6000 ਵਿਅਕਤੀ ਰੱਬ ਨੂੰ ਪਿਆਰੇ ਹੋ ਗਏ ਹਨ। 85 ਫੀਸਦ ਅਮਰੀਕੀ ਕਿਸੇ ਨਾ ਕਿਸੇ ਰੂਪ ਵਿੱਚ ਆਪਣੇ ਘਰਾਂ ’ਚ ਤੜੇ ਹੋਏ ਹਨ। ਵ੍ਹਾਈਟ ਹਾਊਸ ਦੇ ਮਾਹਿਰਾਂ ਨੇ ਕਿਹਾ ਕਿ ਇਕ ਲੱਖ ਤੋਂ 2.40 ਲੱਖ ਅਮਰੀਕੀ ਇਸ ਰੋਗ ਕਰਕੇ ਮੌਤ ਦੇ ਮੂੰਹ ਜਾ ਪੈਣਗੇ।

Previous articleRajasthan records 46 new COVID-19 cases; total up to 179
Next articleMHA to blacklist 360 more foreigners linked to Tablighi Jamaat