ਸੰਯੁਕਤ ਰਾਸ਼ਟਰ (ਸਮਾਜਵੀਕਲੀ)– ਸੰਯੁਕਤ ਰਾਸ਼ਟਰ (ਯੂਐੱਨ) ਦਾ ਕਹਿਣਾ ਹੈ ਕਿ ਕਰੋਨਾਵਾਇਰਸ ਮਹਾਮਾਰੀ ਕਰਕੇ ਆਲਮੀ ਅਰਥਚਾਰਾ ਸਾਲ 2020 ਵਿੱਚ ਕਰੀਬ ਇਕ ਫੀਸਦ ਤਕ ਘੱਟ ਸਕਦਾ ਹੈ, ਜਦੋਂਕਿ ਪਹਿਲਾਂ ਇਸ ਵਿੱਚ 2.5 ਫੀਸਦ ਵਾਧੇ ਦਾ ਅਨੁਮਾਨ ਸੀ। ਸੰਯੁਕਤ ਰਾਸ਼ਟਰ ਨੇ ਚਿਤਾਵਨੀ ਦਿੰਦਿਆਂ ਸਾਫ਼ ਕਰ ਦਿੱਤਾ ਹੈ ਕਿ ਜੇਕਰ ਉਚਿਤ ਵਿੱਤੀ ਰਾਹਤ ਦਾ ਇੰਤਜ਼ਾਮ ਕੀਤੇ ਬਿਨਾਂ ਆਰਥਿਕ ਸਰਗਰਮੀਆਂ ’ਤੇ ਪਾਬੰਦੀਆਂ ਵਧਾਈਆਂ ਜਾਂਦੀਆਂ ਹਨ, ਤਾਂ ਇਹ ਨਿਘਾਰ ਹੋਰ ਵੀ ਵੱਧ ਸਕਦਾ ਹੈ।
ਸੰਯੁਕਤ ਰਾਸ਼ਟਰ ਦੇ ਆਰਥਿਕ ਤੇ ਸਮਾਜਿਕ ਮਾਮਲਿਆਂ ਬਾਰੇ ਵਿਭਾਗ (ਡੀਈਐੱਸਏ) ਦੀ ਇਕ ਸਮੀਖਿਆ ਵਿੱਚ ਕਿਹਾ ਗਿਆ ਹੈ ਕਿ ਕੋਵਿਡ-19 ਮਹਾਮਾਰੀ ਆਲਮੀ ਸਪਲਾਈ ਲੜੀਆਂ ਤੇ ਕੌਮਾਂਤਰੀ ਵਣਜ ਵਿੱਚ ਅੜਿੱਕਾ ਬਣ ਰਹੀ ਹੈ। ਪਿਛਲੇ ਮਹੀਨੇ ਦੌਰਾਨ ਲਗਪਗ ਸੌ ਮੁਲਕਾਂ ਦੀਆਂ ਕੌਮਾਂਤਰੀ ਸਰਹੱਦਾਂ ਨੂੰ ਬੰਦ ਕਰਨ ਨਾਲ ਲੋਕਾਂ ਦੀ ਆਮਦੋਰਫ਼ਤ ਤੇ ਸੈਰ-ਸਪਾਟੇ ਵਿੱਚ ਖੌਫ਼ਨਾਕ ਠਹਿਰਾਅ ਆਇਆ ਹੈ। ਡੀਈਐੱਸਏ ਨੇ ਕਿਹਾ, ‘ਇਨ੍ਹਾਂ ਮੁਲਕਾਂ ਵਿੱਚ ਲੱਖਾਂ ਕਿਰਤੀਆਂ ਨੂੰ ਆਪਣਾ ਰੁਜ਼ਗਾਰ ਖੁੱਸਣ ਦੇ ਖਦਸ਼ੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਸਰਕਾਰਾਂ ਆਪਣੇ ਅਰਥਚਾਰੇ ਨੂੰ ਮੰਦੀ ਦੇ ਰਾਹ ਪੈਣ ਤੋਂ ਰੋਕਣ ਲਈ ਵੱਡੇ ਰਾਹਤ ਪੈਕੇਜ ਦੇਣ ’ਤੇ ਵਿਚਾਰ ਕਰ ਰਹੀਆਂ ਹਨ। ਸਭ ਤੋਂ ਮਾੜੇ ਹਾਲਾਤ ਵਿੱਚ ਅਰਥਚਾਰਾ 2020 ਵਿੱਚ 0.9 ਫੀਸਦ ਤਕ ਦਾ ਨਿਘਾਰ ਆ ਸਕਦਾ ਹੈ।’ ਡੀਈਐੱਸਈ ਨੇ ਹਾਲਾਂਕਿ ਇਹ ਪੇਸ਼ੀਨਗੋਈ ਵੀ ਕੀਤੀ ਕਿ ਜੇਕਰ ਹਾਲਾਤ ਸੰਭਲ ਗਏ ਤਾਂ ਇਸ ਸਾਲ ਆਲਮੀ ਅਰਥਚਾਰਾ 1.2 ਫੀਸਦ ਤੱਕ ਦਾ ਵਾਧਾ ਦਰਜ ਕਰ ਸਕਦਾ ਹੈ।