ਕਰਮਬੀਰ ਸਿੰਘ ਜਲ ਸੈਨਾ ਦੇ ਅਗਲੇ ਮੁਖੀ ਨਿਯੁਕਤ

ਵਾਈਸ ਐਡਮਿਰਲ ਕਰਮਬੀਰ ਸਿੰਘ ਨੂੰ ਭਾਰਤੀ ਜਲ ਸੈਨਾ ਦਾ ਅਗਲਾ ਮੁਖੀ ਥਾਪਿਆ ਗਿਆ ਹੈ। ਉਹ ਐਡਮਿਰਲ ਸੁਨੀਲ ਲਾਂਬਾ ਦੀ ਥਾਂ ਲੈਣਗੇ ਜੋ ਕਿ 30 ਮਈ ਨੂੰ ਸੇਵਾਮੁਕਤ ਹੋ ਰਹੇ ਹਨ। ਰੱਖਿਆ ਮੰਤਰਾਲੇ ਵੱਲੋਂ ਜਾਰੀ ਬਿਆਨ ਮੁਤਾਬਕ ਇਸ ਨਿਯੁਕਤੀ ਲਈ ਮੈਰਿਟ ਆਧਾਰਿਤ ਪਹੁੰਚ ਅਪਣਾਈ ਗਈ ਹੈ ਤੇ ਸੀਨੀਆਰਤਾ ਨੂੰ ਆਧਾਰ ਨਹੀਂ ਬਣਾਇਆ ਗਿਆ। ਸੰਨ 1959 ਵਿਚ ਜਨਮੇ ਵਾਈਸ ਐਡਮਿਰਲ ਕਰਮਬੀਰ ਸਿੰਘ ਨੂੰ ਜੁਲਾਈ 1980 ਵਿਚ ਕਮਿਸ਼ਨ ਮਿਲਿਆ ਸੀ। ਇਸ ਤੋਂ ਬਾਅਦ 1982 ਵਿਚ ਉਹ ਜਲ ਸੈਨਾ ’ਚ ਹੈਲੀਕੌਪਟਰ ਪਾਇਲਟ ਬਣੇ ਤੇ ਚੇਤਕ ਅਤੇ ਕਾਮੋਵ ਹੈਲੀਕੌਪਟਰ ਨਾਲ ਸੇਵਾਵਾਂ ਦਿੱਤੀਆਂ। ਉਹ ਰੱਖਿਆ ਸੇਵਾਵਾਂ ਸਟਾਫ਼ ਕਾਲਜ (ਵੈਲਿੰਗਟਨ) ਤੇ ਜਲ ਸੈਨਾ ਜੰਗੀ ਸਿਖ਼ਲਾਈ ਕਾਲਜ (ਮੁੰਬਈ) ਤੋਂ ਗ੍ਰੈਜੂਏਟ ਹਨ ਤੇ ਜਲ ਸੈਨਾ ਮੁਖੀ ਬਣਨ ਵਾਲੇ ਪਹਿਲੇ ਹੈਲੀਕੌਪਟਰ ਪਾਇਲਟ ਹਨ। ਕਰਮਬੀਰ ਸਿੰਘ ਜਲੰਧਰ ਨਾਲ ਸਬੰਧਤ ਹਨ ਤੇ ‘ਪਰਮ ਵਸ਼ਿਸ਼ਟ ਸੇਵਾ ਮੈਡਲ’ ਤੇ ‘ਅਤੀ ਵਸ਼ਿਸ਼ਟ ਸੇਵਾ ਮੈਡਲ’ ਨਾਲ ਸਨਮਾਨੇ ਜਾ ਚੁੱਕੇ ਹਨ। ਅੰਡੇਮਾਨ ਤੇ ਨਿਕੋਬਾਰ ਕਮਾਂਡ ਦੇ ਮੁਖੀ ਵਾਇਸ ਐਡਮਿਰਲ ਵਿਮਲ ਵਰਮਾ ਜੋ ਕਿ ਸਿੰਘ ਤੋਂ ਸੀਨੀਅਰ ਹਨ, ਵੀ ਜਲ ਸੈਨਾ ਦੇ ਸਿਖ਼ਰਲੇ ਅਹੁਦੇ ਦੇ ਦਾਅਵੇਦਾਰਾਂ ਵਿਚ ਸਨ। ਮੌਜੂੁਦਾ ਸਮੇਂ ਕਰਮਬੀਰ ਸਿੰਘ ਪੂਰਬੀ ਜਲ ਸੈਨਾ ਕਮਾਂਡ (ਵਿਸ਼ਾਖਾਪਟਨਮ) ਵਿਚ ‘ਫ਼ਲੈਗ ਆਫ਼ੀਸਰ ਕਮਾਂਡਿੰਗ ਇਨ ਚੀਫ਼’ (ਐਫਓਸੀ-ਇਨ-ਸੀ) ਹਨ। ਉਹ 31 ਮਈ ਨੂੰ ਜਲ ਸੈਨਾ ਮੁਖੀ ਦਾ ਅਹੁਦਾ ਸੰਭਾਲਣਗੇ। ਵਿਸ਼ਾਖਾਪਟਨਮ ਵਿਚ ਅਕਤੂਬਰ 2017 ’ਚ ਅਹੁਦਾ ਸੰਭਾਲਣ ਤੋਂ ਪਹਿਲਾਂ ਉਹ ਜਲ ਸੈਨਾ ਸਟਾਫ਼ ਦੇ ਉਪ ਮੁਖੀ ਵੀ ਰਹਿ ਚੁੱਕੇ ਹਨ। ਵਰਮਾ ਤੋਂ ਇਲਾਵਾ ਜਲ ਸੈਨਾ ਮੁਖੀ ਅਹੁਦੇ ਦੇ ਦਾਅਵੇਦਾਰਾਂ ਵਿਚ ਉਪ ਮੁਖੀ ਜਲ ਸੈਨਾ ਸਟਾਫ਼ ਵਾਇਸ ਐਡਮਿਰਲ ਜੀ ਅਸ਼ੋਕ ਕੁਮਾਰ, ਪੱਛਮੀ ਜਲ ਸੈਨਾ ਕਮਾਂਡ ਦੇ ਐਫਓਸੀ-ਇਨ-ਸੀ ਵਾਇਸ ਐਡਮਿਰਲ ਅਜੀਤ ਕੁਮਾਰ ਤੇ ਦੱਖਣੀ ਕਮਾਂਡ ਦੇ ਐਫਓਸੀ-ਇਨ-ਸੀ ਵਾਇਸ ਐਡਮਿਰਲ ਅਨਿਲ ਕੁਮਾਰ ਚਾਵਲਾ ਵੀ ਸ਼ਾਮਲ ਸਨ। ਇਸ ਤੋਂ ਪਹਿਲਾਂ ਵੀ 2016 ’ਚ ਥਲ ਸੈਨਾ ਮੁਖੀ ਲਾਉਂਦਿਆਂ ਸਰਕਾਰ ਨੇ ਸੀਨੀਆਰਤਾ ਨੂੰ ਆਧਾਰ ਨਹੀਂ ਬਣਾਇਆ ਸੀ।

Previous articleਖਟਕੜ ਕਲਾਂ ’ਚ ਆਪਣੇ ਸੋਹਲੇ ਗਾ ਗਏ ਅਕਾਲੀ ਤੇ ਕਾਂਗਰਸੀ
Next articleਹਰਭਜਨ ਦਾ ਸ਼ਾਨਦਾਰ ਪ੍ਰਦਰਸ਼ਨ; ਚੇਨੱਈ ਦੀ ਪਲੇਠੀ ਜਿੱਤ