ਲੁਧਿਆਣਾ- ਸੂਬਾ ਸਰਕਾਰ ਦੇ ਇੰਡਸਟਰੀ ਮੰਤਰੀ ਦਿਹਾੜੀਦਾਰ ਕਾਮਿਆਂ ਦੀ ਉਜਰ ਬਸਰ ਨੂੰ ਬਣਾਏ ਰੱਖਣ ਦੇ ਮਕਸਦ ਦੇ ਨਾਲ ਸੂਬੇ ਅੰਦਰ ਫੈਕਟਰੀਆਂ ਤੇ ਸਨਅਤੀ ਅਦਾਰੇ, ਇੱਟਾਂ ਦੇ ਭੱਠੇ ਚਲਾਉਣ ਦੇ ਹੁਕਮ ਤਾਂ ਜਾਰੀ ਕਰ ਦਿੱਤੇ ਹਨ, ਪਰ ਇਹ ਹੁਕਮ ਸਨਅਤਕਾਰਾਂ ਦੇ ਗਲੇ ਤੋਂ ਥੱਲੇ ਨਹੀਂ ਉਤਰ ਰਹੇ। ਸਨਅਤਕਾਰਾਂ ਦੀ ਮੰਨੀਏ ਤਾਂ ਸਨਅਤੀ ਸ਼ਹਿਰ ਵਿਚ ਅਜਿਹੀਆਂ ਗਿਣਤੀਆਂ ਦੀਆਂ ਫੈਕਟਰੀਆਂ ਹੋਣਗੀਆਂ, ਜਿੱਥੇ ਸੈਂਕੜੇ ਮਜ਼ਦੂਰਾਂ ਨੂੰ ਰੱਖਣ ਤੇ ਖਾਣ ਪਿਲਾਉਣ ਦੀ ਥਾਂ ਹੋਵੇ। ਇਸ ਤੋਂ ਪਹਿਲਾਂ ਅੱਜ ਪ੍ਰਸ਼ਾਸਨ ਨੇ ਫੈਕਟਰੀਆਂ ਜਾਂ ਸਨਅਤਾਂ ਚਲਾਉਣ ਦੇ ਹੁਕਮ ਦੇ ਕੇ [email protected] ਤੇ ਨੰਬਰ: 94170-48930 ਜਾਰੀ ਕੀਤੇ ਸਨ।
ਦਰਅਸਲ, ਲਾਕਡਾਊਨ ਦੇ ਚਲਦਿਆਂ ਕੁਝ ਸਨਅਤੀ ਅਦਾਰੇ ਬੰਦ ਕੀਤੇ ਗਏ ਹਨ ਅਤੇ ਇੱਥੇ ਕੰਮ ਕਰਨ ਵਾਲੇ ਵਰਕਰਾਂ, ਮਜ਼ਦੂਰਾਂ ਤੇ ਕਰਮਚਾਰੀਆਂ ਨੇ ਕੰਮ ਛੱਡ ਕੇ ਆਪਣੇ ਸੂਬਿਆਂ ਨੂੰ ਵਾਪਸੀ ਆਰੰਭ ਦਿੱਤੀ ਹੈ। ਅਜਿਹੇ ਵਿਚ ਉਨ੍ਹਾਂ ਨੂੰ ਰੋਕਣ ਦੇ ਲਈ ਸਰਕਾਰ ਨੇ ਫੈਕਟਰੀਆਂ ਖੋਲ੍ਹਣ ਦੇ ਹੁਕਮ ਜਾਰੀ ਕੀਤੇ ਹਨ। ਇਸ ਵਿਚ ਕਿਹਾ ਗਿਆ ਹੈ ਕਿ ਸਨਅਤਾਂ ਵਿੱਚ ਕੰਮ ਕਰਨ ਵਾਲੇ ਦਿਹਾੜੀਦਾਰ ਕਾਮਿਆਂ ਤੇ ਮਜਦੂਰਾਂ ਨੂੰ ਕੰਮ ਦੌਰਾਨ 2-2 ਮੀਟਰ ਦਾ ਫ਼ਾਸਲਾ ਬਣਾਈ ਰੱਖਣਾ ਜ਼ਰੂਰੀ ਹੋਵੇਗਾ। ਇਸ ਤੋਂ ਇਲਾਵਾ ਕੰਮ ਵਾਲੀ ਜਗ੍ਹਾਂ ਦੀ ਸਫ਼ਾਈ, ਹੈਂਡ ਸੈਨੇਟਾਈਜ਼ਰ ਅਤੇ ਮਾਸਕ ਦੀ ਉਪਲੱਬਧਤਾ ਆਦਿ ਨੂੰ ਯਕੀਨੀ ਬਣਾਉਣਾ ਹੋਵੇਗਾ। ਮਜ਼ਦੂਰ ਤੇ ਵਰਕਰ ਫੈਕਟਰੀ ਦੇ ਅੰਦਰ ਹੀ ਰਹਿਣਗੇ ਤੇ ਬਾਹਰ ਨਹੀਂ ਆਉਣਗੇ। ਫੈਕਟਰੀ ਮਾਲਕ ਨੂੰ ਫੈਕਟਰੀ ਦੇ ਅੰਦਰ ਹੀ ਖਾਣ ਪੀਣ ਦਾ ਇੰਤਜ਼ਾਮ ਕਰਨਾ ਹੋਵੇਗਾ। ਇਸ ਫੈਸਲੇ ’ਤੇ ਸਨਅਤੀ ਸ਼ਹਿਰ ਦੇ ਸਨਅਤਕਾਰਾਂ ਨੇ ਗ਼ਲਤ ਕਰਾਰ ਦਿੱਤਾ ਹੈ।
ਫੈਡਰੇਸ਼ਨ ਆਫ਼ ਇੰਡਸਟਰੀਅਲ ਐਂਡ ਕਮਰਸ਼ੀਅਲ ਆਰਗ਼ੇਨਾਈਜ਼ੇਸ਼ਨ (ਫੀਕੋ) ਦੇ ਪ੍ਰਧਾਨ ਗੁਰਮੀਤ ਸਿੰਘ ਕੁਲਾਰ, ਚੇਅਰਮੈਨ ਕੇਕੇ ਸੇਠ, ਉਪ ਚੇਅਰਮੈਨ ਹਰਜੀਤ ਸਿੰਘ ਸੌਂਧ ਤੇ ਜਨਰਲ ਸਕੱਤਰ ਰਾਜੀਵ ਜੈਨ ਦਾ ਕਹਿਣਾ ਹੈ ਕਿ ਸਰਕਾਰ ਨੇ ਇਹ ਫ਼ੈਸਲਾ ਗ਼ਲਤ ਲਿਆ ਹੈ, ਜਿਸ ਨੂੰ ਤੁਰੰਤ ਵਾਪਸ ਲੈਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਕਰੋਨਾਵਾਇਰਸ ਨੂੰ ਲੈ ਕੇ ਪਹਿਲਾਂ ਹੀ ਹਾਲਾਤ ਚੰਗੇ ਨਹੀਂ ਹਨ, ਅਜਿਹੇ ਵਿਚ ਇਸ ਸੰਕਟ ਦੀ ਘੜੀ ਵਿਚ ਫੈਕਟਰੀ ਚਲਾਉਣ ਦੀ ਮਨਜ਼ੂਰੀ ਨਹੀਂ ਦਿੱਤੀ ਜਾਣੀ ਚਾਹੀਦੀ ਸੀ।
ਫੈਡਰੇਸ਼ਨ ਆਫ਼ ਪੰਜਾਬ ਸਮਾਲ ਇੰਡਸਟਰੀਜ਼ ਐਸੋਸੀਏਸ਼ਨ ਦੇ ਪ੍ਰਧਾਨ ਬਦੀਸ਼ ਜਿੰਦਲ ਦਾ ਕਹਿਣਾ ਹੈ ਛੋਟੀਆਂ ਸਨਅਤਾਂ ਨੇ ਸਰਕਾਰ ਕੋਲੋਂ ਕੁੱਝ ਰਾਹਤਾਂ ਦੇਣ ਦੀ ਮੰਗ ਕੀਤੀ ਸੀ, ਜਿਸ ਨੂੰ ਬਿਲਕੁੱਲ ਨਕਾਰਦੇ ਹੋਏ ਸਰਕਾਰ ਨੇ ਹੁਣ ਫੈਕਟਰੀਆਂ ਖੋਲ੍ਹਣ ਦੇ ਹੀ ਹੁਕਮ ਜਾਰੀ ਕਰ ਦਿੱਤੇ ਹਨ, ਜੋ ਗ਼ਲਤ ਹਨ।
INDIA ਕਰਫਿਊ: ਸਨਅਤਕਾਰਾਂ ਨੇ ਸਰਕਾਰ ਦੇ ਫੈਕਟਰੀਆਂ ਖੋਲ੍ਹਣ ਦੇ ਹੁਕਮ ਨਕਾਰੇ