ਲੁਧਿਆਣਾ (ਸਮਾਜਵੀਕਲੀ) : ਸਨਅਤੀ ਸ਼ਹਿਰ ਵਿਚ ਬੀਤੇ ਦਿਨੀਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਈ ਦੁਕਾਨਾਂ ਤੇ ਬਾਜ਼ਾਰ ਖੁੱਲ੍ਹਣ ਦੀ ਢਿੱਲ ਦਿੱਤੀ ਗਈ ਤੇ ਪ੍ਰਸ਼ਾਸਨ ਵੱਲੋਂ ਦਿੱਤੀ ਗਈ ਢਿੱਲ ਦਾ ਅੱਜ ਨਾਜਾਇਜ਼ ਫਾਇਦਾ ਚੁੱਕਦੇ ਹੋਏ ਲੋਕ ਵੱਡੀ ਗਿਣਤੀ ਵਿਚ ਸੜਕਾਂ ’ਤੇ ਆ ਗਏ। ਸਵੇਰੇ 8 ਵਜੇ ਤੋਂ ਹੀ ਸ਼ਹਿਰ ਦੇ ਬਾਜ਼ਾਰਾਂ ਵਿਚੋਂ ਲੋਕਾਂ ਦੀ ਭੀੜ ਲੱਗਣੀ ਸ਼ੁਰੂ ਹੋ ਗਈ ਸੀ।
ਅਸਲ ਵਿਚ ਦੁਕਾਨਾਂ ਬੰਦ ਕਰਨ ਦੀ ਸਮਾਂ ਦੁਪਹਿਰ ਤਿੰਨ ਵਜੇ ਸਨ ਪਰ ਸ਼ਾਮ ਨੂੰ ਵੀ ਜ਼ਿਆਦਾਤਰ ਬਾਜ਼ਾਰਾਂ ਦੀਆਂ ਦੁਕਾਨਾਂ ਖੁੱਲ੍ਹੀਆਂ ਹੀ ਰਹੀਆਂ। ਕੁੱਝ ਬਾਜ਼ਾਰਾਂ ਵਿਚ ਭੀੜ ਜ਼ਿਆਦਾ ਹੋਣ ਕਾਰਨ ਪੁਲੀਸ ਨੇ ਕਈ ਦੁਕਾਨਾਂ ਬੰਦ ਵੀ ਕਰਵਾਈਆਂ। ਇਸ ਦੇ ਬਾਵਜੂਦ ਸ਼ਹਿਰ ਵਿਚ ਅੱਜ ਕਰਫਿਊ ਤੇ ਲੌਕਡਾਊਨ ਵਾਲੇ ਕੋਈ ਹਾਲਾਤ ਨਹੀਂ ਸਨ। ਖੁੱਲ੍ਹੇ ਬਾਜ਼ਾਰ ਦੇਖਦੇ ਹੋਏ ਲੋਕ ਸਮਾਜਿਕ ਦੂਰੀ ਬਣਾ ਕੇ ਰੱਖਣਾ ਵੀ ਭੁੱਲ ਗਏ।
ਬੀਤੇ ਦਿਨੀਂ ਜ਼ਿਲ੍ਹਾ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਅਗਰਵਾਲ ਨੇ ਜ਼ਿਲ੍ਹਾ ਲੁਧਿਆਣਾ ਵਿੱਚ ਕਰਫਿਊ ਦੇ ਚੱਲਦਿਆਂ ਲੋਕਾਂ ਨੂੰ ਰਾਹਤ ਦਿੰਦਿਆਂ ਕੁਝ ਹੋਰ ਸੇਵਾਵਾਂ ਨਾਲ ਸਬੰਧਤ ਦੁਕਾਨਾਂ ਤੇ ਕੰਮਾਂ ਨੂੰ ਖੋਲ੍ਹਣ ਦੀ ਮਨਜ਼ੂਰੀ ਦਿੱਤੀ ਸੀ ਜਿਸ ਵਿਚ ਬਿਜਲਈ ਪੱਖਿਆਂ, ਕੂਲਰਾਂ, ਵਾਹਨਾਂ ਦੀ ਰਿਪੇਅਰ, ਸਪੇਅਰ ਪਾਰਟਸ ਦੁਕਾਨਾਂ, ਕਿਤਾਬਾਂ ਅਤੇ ਸਟੇਸ਼ਨਰੀ ਦੁਕਾਨਾਂ, ਇਲੈਕਟ੍ਰੀਸ਼ੀਅਨ ਸਰਵਿਸ ਦੁਕਾਨਾਂ, ਇਲੈਕਟਰੀਕਲ ਅਤੇ ਸੈਨੇਟਰੀ ਸਮਾਨ ਦੀ ਸਪਲਾਈ, ਉਸਾਰੀ ਨਾਲ ਸਬੰਧਤ ਮਟੀਰੀਅਲ ਦੀਆਂ ਦੁਕਾਨਾਂ ਸਵੇਰੇ 7 ਤੋਂ ਬਾਅਦ ਦੁਪਹਿਰ 3 ਵਜੇ ਤੱਕ ਕਾਊਂਟਰ ਸੇਲ ਲਈ ਖੋਲ੍ਹੀਆਂ ਜਾ ਸਕਦੀਆਂ ਹਨ।
ਇਸ ਢਿੱਲ ਨੂੰ ਦੇਖਦੇ ਹੋਏ ਅੱਜ ਲੋਕ ਵੱਡੀ ਗਿਣਤੀ ਵਿਚ ਬਾਜ਼ਾਰਾਂ ਵਿਚ ਖਰੀਦਦਾਰੀ ਕਰਨ ਲਈ ਨਿਕਲ ਪਏ। ਸ਼ਹਿਰ ਦੇ ਸਾਰੇ ਹੀ ਬਾਜ਼ਾਰਾਂ ਵਿਚ ਦੁਕਾਨਾਂ ਖੁੱਲ੍ਹੀਆਂ ਨਜ਼ਰ ਆਈਆਂ। ਕਈ ਬਜ਼ਾਰਾਂ ਵਿਚ ਤਾਂ ਸੈਂਕੜਿਆਂ ਦੀ ਗਿਣਤੀ ਵਿਚ ਲੋਕ ਪੁੱਜ ਗਏ। ਪਿੰਡੀ ਗਲੀ ਹੋਲਸੇਲ ਦਵਾਈਆਂ ਦੀ ਦੁਕਾਨ, ਕਿਤਾਬ ਬਾਜ਼ਾਰ, ਬਸਤੀ ਜੋਧੇਵਾਲ, ਸ਼ੇਰਪੁਰ, ਸ਼ਿਵਪੁਰੀ, ਹੋਲਸੇਲ ਕਰਿਆਨਾ ਬਾਜ਼ਾਰ, ਕੇਸਰ ਗੰਜ ਮੰਡੀ ਆਦਿ ਬਾਜ਼ਾਰਾਂ ਵਿਚ ਕਾਫ਼ੀ ਜ਼ਿਆਦਾ ਭੀੜ ਸੀ ਤੇ ਆਪਸੀ ਦੂਰੀ ਗਾਇਬ ਸੀ।