ਮੁਕੇਰੀਆਂ (ਸਮਾਜਵੀਕਲੀ) ਕਰਫਿਊ ਦੌਰਾਨ ਪੁਲੀਸ ਦੀ ਮੁਸਤੈਦੀ ਕੇਵਲ ਸ਼ਹਿਰ ਦੇ ਕੁਝ ਚੌਂਕਾਂ ਤੱਕ ਹੀ ਸੀਮਤ ਹੈ, ਜਦੋਂ ਕਿ ਹੁਸ਼ਿਆਰਪੁਰ-ਗੁਰਦਾਸਪੁਰ ਦੀ ਹੱਦ ’ਤੇ ਨੌਸ਼ਹਿਰਾ ਪੱਤਣ ਕੋਲ ਲੱਗੇ ਨਾਕੇ, ਪੰਜਾਬ ਤੇ ਹਿਮਾਚਲ ਪ੍ਰਦੇਸ਼ ਦੀ ਹੱਦ ’ਤੇ ਮਾਨਸਰ ਕੋਲ ਲਗਾਏ ਪੁਲੀਸ ਦੇ ਨਾਕੇ ਸੁੰਨੇ ਪਏ ਹਨ। ਹਾਜੀਪੁਰ ਦੇ ਟੀ ਪੁਆਇੰਟ ’ਤੇ ਲਗਾਏ ਨਾਕੇ ’ਤੇ ਵੀ ਕੋਈ ਚੈਕਿੰਗ ਨਹੀਂ ਕੀਤੀ ਜਾ ਰਹੀ। ਹਾਲਾਤ ਇਹ ਹਨ ਕਿ ਥਾਣਾ ਪੱਧਰ ਤੋਂ ਲੈ ਕੇ ਐਸਐਸਪੀ ਤੱਕ ਦੇ ਅਧਿਕਾਰੀ ਫੋਨ ਚੁੱਕਣ ਤੋਂ ਗੁਰੇਜ਼ ਕਰ ਰਹੇ ਹਨ। ਮੋਬਾਈਲ ’ਤੇ ਭੇਜੇ ਗਏ ਸੁਨੇਹਿਆਂ ਦਾ ਵੀ ਜਵਾਬ ਨਹੀਂ ਦਿੱਤਾ ਜਾ ਰਿਹਾ।
ਪੰਜਾਬ ਸਰਕਾਰ ਵਲੋਂ ਸੂਬੇ ਅੰਦਰ ਐਲਾਨੇ ਕਰਫਿਊ ਦੌਰਾਨ ਮੁਕੇਰੀਆਂ ਸ਼ਹਿਰ ਨੂੰ ਛੱਡ ਕੇ ਪੇਂਡੂ ਖੇਤਰ ਅੰਦਰ ਕੋਈ ਮੁਸਤੈਦੀ ਨਹੀਂ ਕੀਤੀ ਜਾ ਰਹੀ। ਸ਼ਹਿਰ ਅੰਦਰ ਵੀ ਪੁਲੀਸ ਦੀ ਮੁਸਤੈਦੀ ਕੇਵਲ ਦਿਨ ਵੇਲੇ ਹੀ ਨਜ਼ਰ ਆਉਂਦੀ ਹੈ ਜਿਸ ਦੌਰਾਨ ਪੁਲੀਸ ਮੁਲਾਜ਼ਮ ਹਲੀਮੀ ਨਾਲ ਪੇਸ਼ ਆਉਣ ਦੀ ਥਾਂ ਐਮਰਜੈਂਸੀ ਡਿਉੂਟੀ ’ਤੇ ਤਾਇਨਾਤ ਬਿਜਲੀ ਮੁਲਾਜ਼ਮ, ਸਿਹਤ ਤੇ ਜਨ ਸਿਹਤ ਮੁਲਾਜ਼ਮਾਂ ਨਾਲ ਬਦਤਮੀਜ਼ੀ ਨਾਲ ਪੇਸ਼ ਆਉਂਦੇ ਹਨ। ਪੁਲੀਸ ਦੀ ਮੁਸਤੈਦੀ ਤਾਂ ਇਸ ਗੱਲ ਤੋਂ ਵੀ ਲਗਾਈ ਜਾ ਸਕਦੀ ਹੈ ਕਿ ਹਾਲ ਹੀ ਵਿੱਚ ਮੁਕੇਰੀਆਂ ਦੀ ਭੰਗਾਲਾ ਚੁੰਗੀ ਕੋਲ ਕਰਿਆਨਾ ਸਟੋਰ ਤੋਂ 50 ਖੰਡ ਦੀਆਂ ਬੋਰੀਆਂ ਅਤੇ ਪਿੰਡ ਫਿਰੋਜ਼ਪੁਰ ਤੋਂ 9 ਲੋਹੇ ਦੇ ਗਾਰਡਰ ਚੋਰੀ ਹੋ ਗਏ ਹਨ।
ਇਸ ਦੌਰਾਨ ਪਠਾਨਕੋਟ-ਜਲੰਧਰ ਮਾਰਗ ’ਤੇ ਲੱਗਦੇ ਭੰਗਾਲਾ ਤੇ ਮਾਨਸਰ ਵਾਲੇ ਅਤੇ ਮੁਕੇਰੀਆਂ ਗੁਰਦਾਸਪੁਰ ਮਾਰਗ ’ਤੇ ਨੁਸ਼ਿਹਰਾ ਪੱਤਣ ਵਾਲਾ ਨਾਕਾ ਸੁੰਨਾ ਪਿਆ ਹੈ। ਇਨ੍ਹਾਂ ਨਾਕਿਆਂ ਤੋਂ ਬੇਰੋਕ ਲੋਕ ਲੰਘ ਰਹੇ ਹਨ ਅਤੇ ਇੱਥੇ ਤਾਇਨਾਤ ਇੱਕਾ ਦੁੱਕਾ ਮੁਲਾਜ਼ਮ ਵੀ ਨਾਲ ਬਣੇ ਕਮਰੇ ਵਿੱਚ ਬੈਠੇ ਹੋਏ ਹਨ। ਬੱਸ ਅੱਡਾ ਮੁਕੇਰੀਆਂ ਕੋਲ ਵਿਸ਼ੇਸ਼ ਨਾਕਾ ਲਗਾਉਣ ਵਾਲੇ ਪੁਲੀਸ ਅਧਿਕਾਰੀ ਆਪਣੇ ਨਾਕਿਆਂ ’ਤੇ ਮੁਸਤੈਦੀ ਬਣਾਉਣ ਵਿੱਚ ਕੋਈ ਦਿਲਚਸਪੀ ਨਹੀਂ ਦਿਖਾ ਰਹੇ। ਪੰਜਾਬ ਕਿਸਾਨ ਸਭਾ ਦੇ ਸੂਬਾ ਜੁਆਇੰਟ ਸਕੱਤਰ ਗੁਰਨੇਕ ਸਿੰਘ ਭੱਜਲ ਨੇ ਕਿਹਾ ਕਿ ਪੁਲੀਸ ਦੀ ਸਖਤੀ ਕੇਵਲ ਦਵਾਈ ਦਾਰੂ ਲੈਣ ਆਉਂਦੇ ਮਹਾਤੜਾਂ ਤੱਕ ਹੀ ਸੀਮਤ ਹੈ।